May 21, 2026 9:25 am

‘ਪ੍ਰਕਾਸ਼ ਪੁਰਬ’ ਦੇ ਨਗਰ ਕੀਰਤਨ ਬੈਂਡ ਵਾਜੇ ਤੋਂ ਬਿਨਾਂ ਸਜਾਏ ਜਾਣ : ਪਿੰ੍ਰ. ਸੁਰਿੰਦਰ ਸਿੰਘ

ਸ੍ਰੀ ਅਨੰਦਪੁਰ ਸਾਹਿਬ 19 ਦਸੰਬਰ (ਦਵਿੰਦਰਪਾਲ ਸਿੰਘ, ਅੰਕੁਸ਼)-ਪੰਥ ਪ੍ਰਵਾਣਿਤ ਨਾਨਕ ਸ਼ਾਹੀ ਕੈਲੰਡਰ ਰੱਦ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹਿੰਦੂ ਕੈਲੰਡਰ ਦੇ ਬਿਕ੍ਰਮੀ ਸੰਮਤ ਦੀ ਪੋਹ ਸੁਦੀ 7 ਨੂੰ ਮਨਾਉਣ ਦਾ ਹੁਕਮ ਸਿੱਖ ਕੌਮ ਉਤੇ ਥੋਪ ਦਿੱਤਾ ਗਿਆ ਹੈ। ਜਦ ਕਿ ਇਨ੍ਹਾਂ ਦਿਨਾਂ ਵਿੱਚ ਹੀ ਦਸਮੇਸ਼ ਪਿਤਾ ਦੇ ਸਮੁੱਚੇ ਪਰਿਵਾਰ ਦਾ ਸ਼ਹੀਦੀ ਹਫਤਾ ਵੀ ਸਿੱਖ ਕੌਮ ਮਨਾ ਰਹੀ ਹੈ। ਸਿੱਖ ਸੰਗਤਾਂ ਵਿੱਚ ਇਸ ਗੱਲ ਦਾ ਭਾਰੀ ਰੋਸ ਹੈ। ਜਿਨ੍ਹਾਂ ਸਿੱਖ ਸੰਗਤਾਂ ਅਤੇ ਜਥੇਬੰਦੀਆਂ ਨੇ 5 ਜਨਵਰੀ 2018 ਨੂੰ ਇਹ ਪੁਰਬ ਮਨਉਣ ਦਾ ਫੈਸਲਾ ਕੀਤਾ ਹੈ ਉਹ ਸ਼ਲਾਘਾ ਯੋਗ ਹੈ। ਪਰ ਮਜਬੂਰੀ ਵੱਸ ਜਿਹੜੀਆਂ ਸੰਗਤਾਂ 25 ਦਸੰਬਰ ਨੂੰ ਇਹ ਪੁਰਬ ਮਨਾ ਰਹੀਆਂ ਹਨ, ਉਨ੍ਹਾਂ ਨੂੰ ਇਸ ਵਾਰ ਨਗਰ ਕੀਰਤਨ ਰੰਗ-ਬਰੰਗੀਆਂ ਸਜਾਵਟਾਂ, ਭਾਂਤ-ਭਾਂਤ ਦੀਆਂ ਮਠਿਆਈਆਂ ਅਤੇ ਬੈਂਡ ਵਾਜਿਆਂ ਦੇ ਸ਼ੋਰ-ਸ਼ਰਾਬਿਆਂ ਤੋਂ ਮੁਕਤ ਹੋ ਕੇ ਸ਼ਬਦ ਕੀਰਤਨ ਕਰਦੇ ਹੋਏ ਹੀ ਇਹ ਨਗਰ ਕੀਰਤਨ ਸਜਾਉਣੇ ਚਾਹੀਦੇ ਹਨ। ਇਹਨਾਂ ਵੀਚਾਰਾਂ ਦਾ ਪ੍ਰਗਟਾਵਾ ਪ੍ਰਿੰ: ਸੁਰਿੰਦਰ ਸਿੰਘ ਮੈਂਬਰ ਸ਼੍ਰੋ: ਗੁ: ਪ੍ਰ: ਕਮੇਟੀ ਸ੍ਰੀ ਅਨੰਦਪੁਰ ਸਾਹਿਬ ਨੇ ਕੀਤਾ। ਪ੍ਰਿੰ: ਸਾਹਿਬ ਨੇ ਅੱਗੇ ਕਿਹਾ ਕਿ ਗੁਰਮਤਿ ਵਿਚਾਰਧਾਰਾ ਵਿੱਚ ਭਾਵੇਂ ਦੁੱਖ, ਸੁੱਖ, ਖੁਸ਼ੀ, ਗਮੀ, ਹਰਖ, ਸੋਗ ਨੂੰ ਬਰਾਬਰ ਕਰਕੇ ਮੰਨਿਆਂ ਗਿਆ ਹੈ ਪਰ ਕੌਮਾਂ ਦੇ ਇਤਿਹਾਸ ਵਿੱਚ ਕੁਝ ਦਿਨ ਐਸੇ ਵੀ ਆਉਂਦੇ ਹਨ ਜਦੋਂ ਕੌਮ ਦੇ ਹਰ ਇਨਸਾਨ ਨੂੰ ਚੰਚਲਤਾਈ ਛੱਡਕੇ ਗੰਭੀਰ ਹੋ ਕੇ ਆਪਣੇ ਵਿਰਸੇ ਪ੍ਰਤੀ ਸੋਚਣ ਦੀ ਲੋੜ ਹੁੰਦੀ ਹੈ। ਸਿੱਖ ਕੌਮ ਦੇ ਸਾਰੇ ਸ਼ਹੀਦ ਭਾਵੇਂ ਬਰਾਬਰ ਦਾ ਦਰਜਾ ਹੀ ਰੱਖਦੇ ਹਨ।ਪਰ ਦਸਮੇਸ਼ ਪਿਤਾ ਦੇ ਪੂਜਨੀਕ ਮਾਤਾ ਅਤੇ ਚਾਰੇ ਸਾਹਿਬਜਾਦਿਆਂ ਦੀ ਸ਼ਹਾਦਤ ਹਰ ਮਨੁੱਖ ਦੇ ਮਨ ਨੂੰ ਵਿਸ਼ੇਸ਼ ਤੌਰ ਤੇ ਪ੍ਰਭਾਵਿਤ ਕਰਦੀ ਹੈ। ਇਹਨਾਂ ਸ਼ਹਾਦਤਾਂ ਕਰਕੇ ਹਰ ਸਿੱਖ ਆਪਣੇ ਆਪ ਨੂੰ ਜਖਮੀ ਹੋਇਆ ਮਹਿਸੂਸ ਕਰਦਾ ਹੈ।
ਸੋ ਸਮੁੱਚੀ ਸਿੱਖ ਕੌਮ ਇਸ ਹਫਤੇ ਵਿੱਚ ‘ਗੰਭੀਰ ਹੋ ਕੇ’ ਆਪਣੇ ਭਵਿੱਖ ਲਈ ਸੋਚ ਸਕਦੀ ਹੈ। ਦਸਮੇਸ਼ ਪਿਤਾ ਨੇ 85 ਸਾਲ ਦੀ ‘ਮਾਤਾ ਗੁਜਰੀ ਜੀ’ ਅਤੇ 6 ਤੇ 8 ਸਾਲ ਦੇ ਸਾਹਿਬਜਾਦਿਆ ਦੀ ਗਾਥਾ ‘ਨੂਰੇ ਮਾਹੀ’ ਕੋਲੋਂ ਸੁਣਕੇ ਆਪ ‘ਗੰਭੀਰ’ ਹੋ ਕੇ ਇੱਕ ਘਾਹ ਦੇ ਬੂਟੇ ਦੀ ਜੜ੍ਹ ਪੁੱਟ ਦੇ ਹੋਏ ਕਿਹਾ ਸੀ ਠ ਕਿ ਇਹਨਾਂ ਸ਼ਹਾਦਤਾਂ ਨਾਲ ਜਾਲਮ ਰਾਜ ਦੀ ਜੜ੍ਹ ਪੁੱਟੀ ਗਈ ਹੈੂ। ਜੇ ਸਮੁੱਚਾ ਗੁਰੂ ਪੰਥ, ਗੁਰੂ ਜੀ ਵਾਂਗ ਇਸ ਹਫਤੇ ‘ਗੰਭੀਰ ਹੋ ਕੇ’ ਕੌਮ ਦੀ ਚੜ੍ਹਦੀ ਕਲਾ ਲਈ ਕੋਈ ਫੈਸਲੇ ਕਰਨ ਲੱਗ ਜਾਵੇ ਤਾਂ ਕੌਮੀ ਇਨਕਾਲਬ ਆ ਸਕਦਾ ਹੈ। ਉਹਨਾਂ ਅੰਤ ਵਿੱਚ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੂੰ ਪਿਆਰ ਕਰਨ ਵਾਲੇ ਹਰ ਗੁਰਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਇਸ ਹਫਤੇ ਵਿੱਚ ਪ੍ਰਕਾਸ਼ ਪੁਰਬ ਤੇ ਸਜਾਏ ਜਾ ਰਹੇ ਨਗਰ ਕੀਰਤਨਾਂ ਵਿੱਚ ਬੈਂਡ ਵਾਜਿਆ ਦੇ ਸ਼ੋਰ-ਸ਼ਰਾਬੇ ਅਤੇ ਹਰ ਕਿਸਮ ਦੀ ਚੰਚਲਤਾਈ ਨੂੰ ਛੱਡਕੇ ਕੇਵਲ ਗੁਰਬਾਣੀ ਕੀਰਤਨ ਨੂੰ ਹੀ ਗੁਰਮਤਿ ਸਮਾਗਮਂਾ ਦਾ ਆਧਾਰ ਬਣਾਈਏ।

Send this to a friend