ਕਾਂਗਰਸ ਤੇ ਪੀ.ਪੀ.ਪੀ ਨੂੰ ਮਾਲਵੇ ’ਚ ਝਟਕਾ, ਅਜੀਤ ਚੰਦੂਰਾਈਆਂ ਤੇ ਜਸਵੰਤ ਸਿੰਘ ਗੱਜਣ ਮਾਜਰਾ ਅਕਾਲੀ ਦਲ ’ਚ ਸ਼ਾਮਿਲ
ਮਲੇਰਕਟਲਾ ਲਈ 100 ਕਰੋੜ ਦੇ ਪ੍ਰਾਜੈਕਟਾਂ ਦਾ ਐਲਾਨ
ਬਾਜਵਾ ਨੂੰ ਚਿੱਟੇ ਦਿਨ ਸੁਪਨੇ ਨਾ ਲੈਣ ਦੀ ਸਲਾਹ
ਮਲੇਰਕੋਟਲਾ, 15 ਜਨਵਰੀ (ਵਿਸ਼ਵ ਵਾਰਤਾ) : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ 1984 ਵਿਚ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਇੰਗਲੈਂਡ ਦੀ ਮਦਦ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਵਿਉਂਤਬੱਧ ਹਮਲੇ ਬਾਰੇ ਸਰਕਾਰੀ ਦਸਤਾਵੇਜ਼ ਜਾਰੀ ਹੋਣ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਗਾਂਧੀ ਪਰਿਵਾਰ ਨੇ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਣ ਦੇ ਨਾਲ-ਨਾਲ ਦੇਸ਼ ਦੇ ਵੱਕਾਰ ਨੂੰ ਵੀ ਵੇਚ ਦਿੱਤਾ ਸੀ। ਅੱਜ ਇੱਥੇ ਸੰਗਤ ਦਰਸ਼ਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ’ਤੇ ਹਮਲੇ ਬਾਰੇ ਸਾਹਮਣੇ ਆਏ ਦਸਤਾਵੇਜ਼ ਗੰਭੀਰ ਹਨ , ਜਿਸ ਨਾਲ ਇਹ ਵੀ ਸਾਫ ਹੋ ਗਿਆ ਹੈ ਕਿ ਇਹ ਹਮਲਾ ਯੋਜਨਾਬੱਧ ਸੀ, ਜਿਸਦੀ ਅੰਦਰਖਾਤੇ ਤਿਆਰੀ 6 ਮਹੀਨੇ ਪਹਿਲਾਂ ਹੀ ਕੀਤੀ ਜਾ ਚੁੱਕੀ ਸੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਅਗਵਾਈ ਵਿਚ ਦੇਸ਼ ਦੇ ਲੋਕਾਂ ਨੇ ਲੱਖਾਂ ਕੁਰਬਾਨੀਆਂ ਦੇ ਕੇ ਅੰਗਰੇਜਾਂ ਤੋਂ ਆਜਾਦੀ ਹਾਸਿਲ ਕੀਤੀ ਸੀ, ਪਰ ਸ਼੍ਰੀਮਤੀ ਗਾਂਧੀ ਨੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਉਨ੍ਹਾਂ ਅੰਗਰੇਜਾਂ ਕੋਲ ਹੀ ਦੇਸ਼ ਹੀ ਪ੍ਰਭੂਸੱਤਾ ਨੂੰ ਗਹਿਣੇ ਰੱਖ ਦਿੱਤਾ। ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਪ੍ਰਭਾਵ ਬਾਰੇ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਚ ਉਨ੍ਹਾਂ ਦਾ ਕੋਈ ਅਸਰ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਉਨ੍ਹਾਂ ਨੂੰ ਮਿਲੀ ਸਫਲਤਾ ਦਾ ਕਾਰਨ ਉ¤ਥੇ ਕਾਂਗਰਸ ਦੇ 15 ਸਾਲ ਦੇ ਨਿਕੰਮੇ ਸ਼ਾਸ਼ਨ ਤੋਂ ਲੋਕਾਂ ਦਾ ਅੱਕੇ ਹੋਣਾ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਕਾਲੀ ਦਲ ਦੇ ਏਜੰਡੇ ਤੇ ਨੀਤੀਆਂ ਦੀ ਨਕਲ ਕਰ ਰਹੀ ਹੈ, ਜਿਸ ਵਿਚ ਉਹ ਪੂਰੀ ਤਰ੍ਹਾਂ ਨਾਕਾਮ ਹੋਏ ਹਨ। ਦਿੱਲੀ ਦੇ ਮੁੱਖ ਮੰਤਰੀ ਵਲੋਂ ਬਹੁਚਰਚਿਤ ਜਨਤਾ ਦਰਬਾਰ ’ਚੋਂ ਭੱਜਣ ਬਾਰੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਕੋਲੋਂ ਕੁਝ ਸਿੱਖਣ, ਜੋ ਕਿ ਪਿਛਲੇ 20 ਸਾਲ ਤੋਂ ਸੰਗਤ ਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਚੋਣ ਮੈਨੀਫੈਸਟੋ ਤੋਂ ਭੱਜ ਗਈ ਹੈ ਕਿਉਂ ਜੋ ਜਨਤਾ ਦਰਬਾਰ ਰੱਦ ਕਰਨ ਤੋਂ ਇਲਾਵਾ ਬਿਜਲੀ ’ਤੇ ਸਬਸਿਡੀ ਵੀ ਅਨੇਕਾਂ ਸ਼ਰਤਾਂ ਲਾ ਕੇ ਇਕ ਤਰ੍ਹਾਂ ਨਾਲ ਲੋਕਾਂ ’ਤੇ ਵਾਧੂ ਬੋਝ ਪਾ ਦਿੱਤਾ ਗਿਆ ਹੈ, ਜਦਕਿ ਪੰਜਾਬ ਸਰਕਾਰ ਕਿਸਾਨਾਂ ਨੂੰ 6000 ਕਰੋੜ ਰੁਪੈ ਦੀ ਸਾਲਾਨਾ ਬਿਜਲੀ ਸਬਸਿਡੀ ਦੇਣ ਦੇ ਨਾਲ-ਨਾਲ ਦਲਿਤ ਭਾਈਚਾਰੇ ਨੂੰ 200 ਯੂਨਿਟ ਤੱਕ ਬਿਲਕੁਲ ਮੁਫਤ ਬਿਜਲੀ ਦੇ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਸਭ ਤੋਂ ਵੱਡਾ ਤਸਕਰ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਸ. ਬਾਜਵਾ ਦੇ ਸੋਨੇ ਤੇ ਨਸ਼ਿਆਂ ’ਤੇ ਤਸਕਰ ਹੋਣ ਬਾਰੇ ਜਾਣਕਾਰੀ ਦੇਣ ਲਈ ਲਿਖੀ ਚਿੱਠੀ ਨੇ ਸਾਰਾ ਕੁਝ ਸਪੱਸ਼ਟ ਕਰ ਦਿੱਤਾ ਹੈ। ਉਨ੍ਹਾਂ ਸ. ਬਾਜਵਾ ਸਲਾਹ ਦਿੱਤਾ ਕਿ ਉਹ ਪੰਜਾਬ ਵਿਚ ਸੱਤ੍ਹਾ ਵਾਪਸੀ ਬਾਰੇ ਦਿਨੇ ਸੁਪਨੇ ਲੈਣੇ ਬੰਦ ਕਰ ਦੇਣ। ਸ. ਬਾਦਲ ਨੇ ਸੂਬੇ ਵਿਚ ਫਿਰਕਾਪ੍ਰਸਤੀ ਫੈਲਾਉਣ ਵਾਲਿਆਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਔਖੀ ਘੜੀ ਵਿਚ ਹਮੇਸ਼ਾ ਦੇਸ਼ ਦੀ ਅਗਵਾਈ ਕੀਤੀ ਹੈ ਤੇ ਹੁਣ ਫਿਰ ਦੇਸ਼ ਨੂੰ ਕਾਂਗਰਸ ਮੁਕਤ ਉਹ ਲਈ ਲੋਕ ਸਭਾ ਚੋਣਾਂ ਦੌਰਾਨ ਮੋਹਰੀ ਭੂਮਿਕਾ ਨਿਭਾਉਣ ਤਾਂ ਜੋ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ.ਡੀ.ਏ. ਸਰਕਾਰ ਬਣਾਈ ਜਾ ਸਕੇ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਾਲਵਾ ਖੇਤਰ ਵਿਚ ਉਸ ਸਮੇਂ ਵੱਡੀ ਤਾਕਤ ਮਿਲੀ ਜਦ ਤਾਰਾ ਗਰੁੱਪ ਆਫ ਕੰਪਨੀਜ਼ ਦੇ ਚੇਅਰਮੈਨ ਜਸਵੰਤ ਸਿੰਘ ਗੱਜਣਮਾਜਰਾ ਨੇ ਕਾਂਗਰਸ ਨੂੰ ਅਲਵਿਦਾ ਕਹਿਕੇ ਤੇ ਪੀ.ਪੀ.ਪੀ. ਦੇ ਸੀਨੀਅਰ ਆਗੂ ਅਜੀਤ ਸਿੰਘ ਚੰਦੂਰਾਈਆਂ ਨੇ ਦੋ ਵੱਖ-ਵੱਖ ਰੈਲੀਆਂ ਦੌਰਾਨ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸੇ ਦੌਰਾਨ ਸ. ਬਾਦਲ ਨੇ ਮਲੇਰਕੋਟਲਾ ਲਈ 100 ਕਰੋੜ ਰੁਪੈ ਦੇ ਪ੍ਰਾਜੈਕਟਾਂ ਦੇ ਐਲਾਨ ਕੀਤੇ ਜਿਸ ਵਿਚ ਨਵੇਂ ਬੱਸ ਅੱਡੇ ਦੇ ਉਸਾਰੀ, ਸ਼ਹਿਰ ਵਿਚ ਸੁਰੱਖਿਆ ਲਈ ਸੀ.ਸੀ.ਟੀ.ਵੀ ਕੈਮਰੇ ਲਾਉਣ, ਸਰਕਾਰੀ ਸਕੂਲ ਨੂੰ ਅਪਗ੍ਰੇਡ ਕਰਨ, 12 ਕਰੋੜ ਨਾਲ ਕੰਗਣਵਾਲ ਨਹਿਰ ਦੀ ਸਮਰੱਥਾ ਵਧਾਉਣ ਤੇ 11 ਕਰੋੜ ਨਾਲ ਰੋਹੀੜਾ ਕੱਸੀ ਦੀ ਵੀ ਸਮਰੱਥਾ ਵਧਾਉਣ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ। ਸ਼ਹਿਰ ਦੇ ਬਾਹਰ ਬਸਤੀਆਂ ਨੂੰ ਪੀਣ ਵਾਲੇ ਪਾਣੀ ਤੇ ਸੀਵਰੇਜ਼ ਸਹੂਲਤਾਂ ਮੁਹੱਈਆ ਕਰਵਾਉਣ ਬਾਰੇ ਸ. ਬਾਦਲ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਹੁਕਮ ਦਿੱਤਾ ਕਿ ਉਹ ਵਿਸਥਾਰਤ ਪ੍ਰਾਜੈਕਟ ਰਿਪੋਰਟ ਇਕ ਮਹੀਨੇ ਅੰਦਰ ਭੇਜਣ। ਇਸ ਤੋਂ ਇਲਾਵਾ ਮਲੇਰਕੋਟਲਾ ਬਾਈਪਾਸ ਨੂੰ ਅਗਲੇ ਵਿੱਤੀ ਸਾਲ ਦੌਰਾਨ ਸ. ਬਾਦਲ ਵਲੋਂ ਮਨਜ਼ੂਰੀ ਦੇਣ ਦਾ ਵੀ ਐਲਾਨ ਕੀਤਾ। ਇਸ ਤੋਂ ਪਹਿਲਾਂ ਸੰਬੋਧਨ ਕਰਦੇ ਹੋਏ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਤਜਰਬੇ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਨਵੀਂ ਸੋਚ ਦੇ ਸੁਮੇਲ ਦਾ ਕੋਈ ਮੇਲ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਵਿਚ ਸਹਿਯੋਗ ਦੇਣ।ਇਸ ਮੌਕੇ ਉ¤ਪ ਮੁੱਖ ਮੰਤਰੀ ਸ. ਬਾਦਲ ਦਾ ਸਵਾਗਤ ਕਰਦਿਆਂ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਜਨਾਬ ਇਜ਼ਹਾਰ ਆਲਮ ਨੇ ਅੱਜ ਦੇ ਦਿਨ ਨੂੰ ਮਲੇਰਕੋਟਲਾ ਲਈ ਸੁਨਹਿਰੀ ਦਿਨ ਦੱਸਿਆ ਅਤੇ ਕਿਹਾ ਕਿ ਕਿਸੇ ਵੇਲੇ ਇਥੇ ਫਿਰਕੂਵਾਦ ਪੈਦਾ ਹੋ ਗਿਆ ਸੀ ਅਤੇ ਇੱਥੇ ਦਾ ਵਿਕਾਸ ਰੁਕ ਗਿਆ ਸੀ ਪ੍ਰੰਤੂ ਪੰਜਾਬ ਸਰਕਾਰ ਦੇ ਯਤਨਾ ਸਦਕਾ ਇਸ ਸ਼ਹਿਰ ਦਾ ਵਿਕਾਸ ਸੰਭਵ ਹੋਇਆ ਹੈ।