May 23, 2026 6:40 am

ਕਾਂਗਰਸ ਸਰਕਾਰ ਨੇ 9 ਨਹੀਂ 100 ਤੋਂ ਵੱਧ ਚੋਣ ਵਾਅਦੇ ਪੂਰੇ ਕਰ ਦਿੱਤੇ : ਮੁੱਖ ਮੰਤਰੀ ਪੰਜਾਬ

ਮਿਉਂਸਿਪਲ ਚੋਣਾਂ ਦੌਰਾਨ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਾਂਪਲਾ ਦੀ ਆਲੋਚਨਾ

ਚੰਡੀਗੜ੍ਹ, 17 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਸਰਕਾਰ ਦੇ ਨੌਂ ਮਹੀਨਿਆਂ ਦੇ ਸ਼ਾਸਨਕਾਲ ਬਾਰੇ ਸਿਆਸੀ ਤੌਰ ’ਤੇ ਪ੍ਰੇਰਿਤ ਬਿਆਨ ਦੇਣ ਲਈ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਦੀ ਕਰੜੀ ਆਲੋਚਨਾ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਸਰਕਾਰ ਨੇ ਸਿਰਫ 9 ਵਾਅਦੇ ਨਹੀਂ ਬਲਕਿ 100 ਤੋਂ ਵੱਧ ਚੋਣ ਵਾਅਦੇ ਪੂਰੇ ਕਰ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸਾਂਪਲਾ ਦੇ ਉਸ ਬਿਆਨ ਦੀ ਖਿੱਲ੍ਹੀ ਉਡਾਈ ਹੈ ਜਿਸ ਵਿੱਚ ਭਾਜਪਾ ਆਗੂ ਨੇ ਉਨ੍ਹਾਂ ਨੂੰ ਆਪਣੇ ਨੌਂ ਮਹੀਨਿਆਂ ਦੇ ਸ਼ਾਸਨਕਾਲ ਦੇ ਘੱਟੋ-ਘੱਟ 9 ਚੋਣ ਵਾਅਦੇ ਗਿਣਾਉਣ ਦੀ ਚੁਣੌਤੀ ਦਿੱਤੀ ਸੀ। ਮੁੱਖ ਮੰਤਰੀ ਨੇ ਆਖਿਆ ਕਿ ਮਿਉਂਸਿਪਲ ਚੋਣਾਂ ਤੋਂ ਇਕ ਦਿਨ ਪਹਿਲਾਂ ਜਾਰੀ ਕੀਤੇ ਇਸ ਬਿਆਨ ਦਾ ਸਾਫ ਮਕਸਦ ਵੋਟਰਾਂ ਨੂੰ ਗੁੰਮਰਾਹ ਤੇ ਪ੍ਰਭਾਵਿਤ ਕਰਨਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਪਿਛਲੇ 10 ਸਾਲਾਂ ਵਿੱਚ ਉਸ ਵੇਲੇ ਕੀ ਕਰ ਰਹੀ ਸੀ ਜਦੋਂ ਉਸਦਾ ਆਪਣਾ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਸੂਬੇ ਨੂੰ ਲੁੱਟਣ ਵਿੱਚ ਲੱਗਾ ਹੋਇਆ ਸੀ ਅਤੇ ਸੂਬੇ ਨੂੰ ਪੂਰੀ ਤਰ੍ਹਾਂ ਬਦਅਮਨੀ, ਬੇਰੁਜ਼ਗਾਰੀ, ਸਨਅਤੀ ਤੇ ਖੇਤੀਬਾੜੀ ਦੀ ਮਾੜੀ ਦੁਰਦਸ਼ਾ ਅਤੇ ਆਰਥਿਕ ਕੰਗਾਲੀ ਵੱਲ ਧੱਕ ਦਿੱਤਾ ਸੀ। ਮੁੱਖ ਮੰਤਰੀ ਨੇ ਆਖਿਆ ਕਿ ਸਾਂਪਲਾ ਨੇ ਨਗਰ ਕੌਂਸਲ ਚੋਣਾਂ ਤੋਂ ਇਕ ਦਿਨ ਪਹਿਲਾਂ ਇਹ ਘਟੀਆ ਦੋਸ਼ ਲਾਉਣ ਦਾ ਦਿਨ ਕਿਉਂ ਚੁਣਿਆ। ਉਨ੍ਹਾਂ ਆਖਿਆ ਕਿ ਭਾਜਪਾ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਲਈ ਕੋਈ ਨਾ ਕੋਈ ਢੰਗ-ਤਰੀਕਾ ਲੱਭਣ ਲਈ ਤਿਲਮਿਲਾ ਰਹੀ ਹੈ ਕਿਉਂ ਜੋ ਸੂਬੇ ਵਿੱਚ ਇਸ ਪਾਰਟੀ ਦਾ ਕੋਈ ਆਧਾਰ ਨਹੀਂ ਹੈ ਅਤੇ ਇਸ ਦਾ ਸਹਿਯੋਗੀ ਅਕਾਲੀ ਦਲ ਵੀ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਦਾ ਸੁਆਦ ਵੇਖ ਚੁੱਕਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਜੇਕਰ ਸਾਂਪਲਾ ਇਹ ਆਸ ਰੱਖਦੇ ਹਨ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ 10 ਵਰ੍ਹਿਆਂ ਵਿੱਚ ਸੂਬੇ ਦੀ ਕੀਤੀ ਤਬਾਹੀ ਨੂੰ ਕਾਂਗਰਸ ਸਰਕਾਰ 10 ਮਹੀਨਿਆਂ ਵਿੱਚ ਠੀਕ ਕਰ ਸਕਦੀ ਹੈ ਤੇ ਉਹ ਵੀ ਉਸ ਵੇਲੇ ਜਦੋਂ ਸੂਬਾ ਕਰਜ਼ੇ ਦੇ ਵੱਡੇ ਬੋਝ ਥੱਲੇ ਹੋਵੇ ਤਾਂ ਇਸ ਨਾਲ ਨਾ ਸਿਰਫ ਸਾਂਪਲਾ ਦੀ ਸਿਆਸੀ ਨਾਸਮਝੀ ਝਲਕਦੀ ਹੈ ਸਗੋਂ ਉਨ੍ਹਾਂ ਦੇ ਸ਼ਾਸਨ ਤੋਂ ਪੂਰੀ ਤਰ੍ਹਾਂ ਟੁੱਟੇ ਹੋਣ ਦਾ ਵੀ ਪ੍ਰਗਟਾਵਾ ਹੁੰਦਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਸਾਂਪਲਾ ਨੂੰ ਇਸ ਗੱਲ ਦਾ ਵੀ ਪਤਾ ਨਹੀਂ ਕਿ ਕੈਬਨਿਟ ਵੱਲੋਂ ਫੈਸਲੇ ’ਤੇ ਲਾਈ ਗਈ ਮੋਹਰ ਜਾਂ ਸਕੀਮ ਨੂੰ ਨੋਟੀਫਾਈ ਕਰਨ ਦਾ ਕੀ ਮਤਲਬ ਹੁੰਦਾ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਸਕੀਮ ਨੂੰ ਨੋਟੀਫਾਈ ਕੀਤਾ ਜਾ ਚੁੱਕਾ ਹੈ ਤੇ ਅਗਲੇ ਦੋ ਮਹੀਨਿਆਂ ਵਿੱਚ ਇਸਦਾ ਅਮਲ ਸ਼ੁਰੂ ਹੋ ਜਾਣਾ ਹੈ। ਇਸੇ ਤਰ੍ਹਾਂ ਉਦਯੋਗ ਲਈ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦਰ ਨੂੰ ਮੰਤਰੀ ਮੰਡਲ ਨੇ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਇਹ ਫੈਸਲੇ ਲਾਗੂ ਕਰਨ ਵਿੱਚ ਰੁੱਝੀ ਹੋਈ ਸੀ ਤਾਂ ਅਜਿਹਾ ਜਾਪਦਾ ਹੈ ਕਿ ਸਾਂਪਲਾ ਉਸ ਵੇਲੇ ਸੌਂ ਰਹੇ ਸਨ। ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋਂ ਕੀਤੇ ਹੋਰ ਮੁੱਖ ਵਾਅਦਿਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਲਾਗੂ ਕਰ ਦਿੱਤਾ ਗਿਆ ਹੈ ਜਦਕਿ ਬਾਕੀਆਂ ਨੂੰ ਵੀ ਲਾਗੂ ਕਰਨ ਦੀ ਪ੍ਰਕਿਰਿਆ ਅਮਲ ਅਧੀਨ ਹੈ। ਮੁੱਖ ਮੰਤਰੀ ਨੇ ਆਖਿਆ ਕਿ ਚੋਣ ਵਾਅਦੇ ਮੁਤਾਬਕ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ ਹਨ ਅਤੇ ਘਰ-ਘਰ ਰੁਜ਼ਗਾਰ ਸਕੀਮ ਅਧੀਨ 3000 ਸਰਕਾਰੀ ਨੌਕਰੀਆਂ ਸਮੇਤ 27000 ਬੇਰੁਜ਼ਗਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਲੋਕਾਂ ਖਾਸਕਰ ਕੇ ਦੱਬੇ ਕੁਚਲੇ ਵਰਗਾਂ ਦੀ ਭਲਾਈ ਲਈ ਸ਼ੁਰੂ ਕੀਤੇ ਪ੍ਰੋਗਰਾਮਾਂ ਵਿੱਚ ਸਮਾਜਿਕ ਸੁਰੱਖਿਆ ਪੈਨਸ਼ਨ 500 ਰੁਪਏ ਤੋਂ ਵਧਾ ਕੇ 750 ਰੁਪਏ ਅਤੇ ਅਸ਼ੀਰਵਾਦ ਸਕੀਮ ਹੇਠ ਵਿੱਤੀ ਸਹਾਇਤਾ 15000 ਰੁਪਏ ਤੋਂ ਵਧਾ ਕੇ 21000 ਰੁਪਏ ਕੀਤੀ ਗਈ। ਮੁੱਖ ਮੰਤਰੀ ਨੇ ਆਖਿਆ ਕਿ ਮਹਿਲਾਵਾਂ ਨੂੰ ਦਿੱਤੇ ਵੱਧ ਅਧਿਕਾਰਾਂ ਬਾਰੇ ਸਾਂਪਲਾ ਭੁੱਲ ਗਏ ਹਨ। ਉਨ੍ਹਾਂ ਦੀ ਸਰਕਾਰ ਨੇ ਪੰਚਾਇਤਾਂ ਤੇ ਸਥਾਨਕ ਸੰਸਥਾਵਾਂ ਵਿੱਚ ਔਰਤਾਂ ਨੂੰ 50 ਫੀਸਦੀ ਰਾਖਵੇਂਕਰਨ ਦਾ ਹੱਕ ਦੇਣ ਦੇ ਨਾਲ-ਨਾਲ ਲੜਕੀਆਂ ਲਈ ਮੁਫਤ ਪੜ੍ਹਾਈ ਦੀ ਸਹੂਲਤ ਵੀ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਜਾਂ ਤਾਂ ਸਾਂਪਲਾ ਨੂੰ ਸਰਕਾਰ ਦੀਆਂ ਇਨ੍ਹਾਂ ਪਹਿਲਕਦਮੀਆਂ ਬਾਰੇ ਪਤਾ ਨਹੀਂ ਤੇ ਜਾਂ ਫਿਰ ਉਹ ਆਪਣੀ ਪਾਰਟੀ ਦੇ ਸਿਆਸੀ ਏਜੰਡੇ ਤੋਂ ਪ੍ਰੇਰਿਤ ਹੋ ਕੇ ਇਨ੍ਹਾਂ ਪ੍ਰਾਪਤੀਆਂ ਨੂੰ ਜਾਣ-ਬੁਝ ਅਣਗੌਲਿਆ ਕਰ ਰਹੇ ਹਨ।

Send this to a friend