May 23, 2026 11:02 am

ਮੇਰੀ ਨਿੱਜੀ ਡਾਇਰੀ ਦੇ ਪੰਨਿਆਂ ’ਚੋਂ

ਜ਼ਿੰਦਗੀ ਤੋਂ ਮੁਕਤ ਹੋਣ ਤੋਂ ਪਹਿਲਾਂ ਵੀ ਬੰਦਾ ਮੁਕਤ ਹੁੰਦਾ ਹੈ ਜਿਸ ਨੂੰ ਸੇਵਾ ਮੁਕਤੀ ਕਹਿੰਦੇ ਹਨ। ਜਨਮ ਸਰਟੀਫਿਕੇਟ ਦੇ ਹਿਸਾਬ ਨਾਲ ਮੈਂ 31 ਦਸੰਬਰ 2017 ਨੂੰ ਯੂਨੀਵਰਸਿਟ ਦੀ ਸੇਵਾ ਤੋਂ ਮੁਕਤ ਹੋਣਾ ਹੈ। ਹੁਣ ਜਦੋਂ ਵੀ ਮੇਰੇ ਮਨ-ਮਸਤਕ ਵਿੱਚ 1 ਜਨਵਰੀ 2018 ਦਾ ਖਿਆਲ ਦਸਤਕ ਦਿੰਦਾ ਹੈ ਤਾਂ ਨਾਲ ਹੀ ਮਨ ਦੀ ਸਿਮਰਤੀਆਂ ਵਿੱਚ ਉਕਰੇ ਅਮਿੱਟ ਪਲਾਂ ਦਾ ਲੰਬਾ ਕਾਫਲਾ ਵੀ ਫਿਲਮ ਵਾਂਗ ਮੇਰੀਆਂ ਅੱਖਾਂ ਨੂੰ ਵਿਖਾਈ ਦੇਣ ਲਗਦਾ ਹੈ। ਉਹ ਸਮਾਂ ਤਾਂ ਕੱਲ ਵਾਂਗ ਰੂਬਰੂ ਹੈ ਜਦੋਂ ਮੈਂ ਪੰਜਾਬੀ ਵਿਸ਼ਵਵਿਦਿਆਲੇ ਵਿੱਚ ਪੱਤਰਕਾਰੀ ਦੇ ਪ੍ਰਾਅਧਿਆਪਕ ਦੇ ਤੌਰ ’ਤੇ ਚੁਣਿਆ ਗਿਆ ਸਾਂ। ਯੂਨੀਵਰਸਿਟੀ ਵਿੱਚ ਪ੍ਰਾਅਧਿਆਪਕ ਲੱਗਣਾ ਖਾਲਾ ਜੀ ਦਾ ਵਾੜਾ ਨਹੀਂ, ਬਹੁਤ ਔਖਾ ਕੰਮ ਹੈ। ਯੂਨੀਵਰਸਿਟੀ ਵਿੱਚ ਪੜ੍ਹਾਉਣ ਲਈ ਚੁਣੇ ਜਾਣਾ ਮੇਰੇ ਵਰਗੇ ਆਮ ਵਿਦਿਆਰਥੀ ਲਈ ਤਾਂ ਇਹ ਹੋਰ ਵੀ ਔਖਾ ਕੰਮ ਸੀ ਕਿਉਂਕਿ ਮੇਰਾ ਕੋਈ ‘ਗਾਡ ਫਾਦਰ’ ਨਹੀਂ ਸੀ ਜੋ ਇਸ ਕੰਮ ਲਈ ਮੇਰੀ ਮੱਦਦ ਕਰਦਾ। ਹਾਂ, ਮੇਰੇ ਅਧਿਆਪਕ ਡਾ. ਐਸ. ਆਰ. ਨਾਗਪਾਲ ਨੇ ਮੈਨੂੰ ਗੈਸਟ ਲੈਕਚਰਾਰ ਲਾ ਕੇ ਮੇਰੇ ਦਾਅਵੇ ਵਿੱਚ ਦਮ ਭਰ ਦਿੱਤਾ ਸੀ। ਮੇਰੀ ਯਾਦਾਂ ਦੀ ਪਟਾਰੀ ਫੁੱਲਾਂ ਅਤੇ ਕੰਢਿਆਂ ਨਾਲ ਭਰੀ ਪਈ ਹੈ। ਸਤੰਬਰ 1981 ਵਿੱਚ ਜਦੋਂ ਮੈਂ ਪੜ੍ਹਾਉਣ ਲੱਗਾ ਸੀ ਤਾਂ ਮੇਰੀ ਉਮਰ 24 ਵਰ੍ਹਿਆਂ ਦੀ ਸੀ ਅਤੇ ਕਲਾਸ ਵਿੱਚ ਕਈ ਵਿਦਿਆਰਥੀ ਮੇਰੇ ਹਾਣ ਦੇ ਵੀ ਸਨ ਅਤੇ ਕੁੱਝ ਮੈਥੋਂ ਵੱਡੇ ਵੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਅਤੇ ਸ਼੍ਰੀ ਹਰਕੇਸ਼ ਸਿੰਘ ਸਿੱਧੂ ਸਾਬਕਾ ਆਈ.ਏ.ਐਸ. ਵਰਗੇ ਮੈਥੋਂ ਵੱਡੇ ਸਨ। ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਸ਼੍ਰੀ ਵਰਿੰਦਰ ਵਾਲੀਆ, ਅਕਾਸ਼ਵਾਣੀ ਵਾਲੇ ਡਾ. ਅਮਰਜੀਤ ਸਿੰਘ ਵੜੈਚ ਅਤੇ ਸ. ਰੁਪਿੰਦਰ ਸਿੰਘ ਬਤਰਾ ਵਰਗੇ ਇਕ ਅੱਧਾ ਸਾਲ ਛੋਟੇ ਸਨ। ਉਸ ਸਮੇਂ ਵਿਭਾਗ ਵਿੱਚ ਇਕੋ-ਇਕ ਰੈਗੂਲਰ ਅਧਿਆਪਕ ਨਾਗਪਾਲ ਸਾਹਿਬ ਸਨ ਅਤੇ ਦੋ ਮਹੀਨੇ ਬਾਅਦ ਮੇਰੇ ਵਾਂਗ ਗੁਰਮੀਤ ਸਿੰਘ ਮਾਨ ਵੀ ਗੈਸਟ ਲੈਕਚਰਾਰ ਬਣਕੇ ਆ ਗਿਆ। ਉਹ ਉਸ ਸਮੇਂ ਟ੍ਰਿਬਿਊਨ ਦਾ ਸਪੋਰਟਸ ਸਟਿੰਗਰ ਸੀ।
ਇਸ ਮਹਿਮਾਨ ਅਧਿਆਪਕ ਵਾਲੀ ਨੌਕਰੀ ਸਮੇਂ ਸਾਨੂੰ 18 ਰੁਪਏ ਪ੍ਰਤੀ ਲੈਕਚਰ ਸੇਵਾਫਲ ਮਿਲਦਾ ਸੀ। ਇਸ ਨੌਕਰੀ ਦੇ ਨਾਲ-ਨਾਲ ਮੈਂ ਅਹਿਮਦਗੜ੍ਹ ਮੰਡੀ ਤੋਂ ‘ਮੰਚ’ ਮਾਸਿਕ ਦਾ ਸੰਪਾਦਨ ਵੀ ਕਰਦਾ ਸੀ। ‘ਮੰਚ’ ਵਰਗੇ ਪਰਚੇ ਖਰਚੇ ਦਾ ਘਰ ਸਨ ਅਤੇ ਆਮਦਨ ਦਾ ਕੋਈ ਸਾਧਨ ਨਹੀਂ ਸੀ। ਇਹ ਸੋਚਕੇ ਲਿਖਦੇ ਵੀ ਰਹੇ ਅਤੇ ਆਪਣੀ ਮੰਜ਼ਿਲ ਵੱਲ ਵੱਧਣ ਦਾ ਯਤਨ ਵੀ ਕਰਦੇ ਰਹੇ।
‘‘ਜੋ ਜੂਝਦੇ ਹਨ
ਉਹੀ ਲਹਿਰਾਂ ਦੇ ਰੁੱਖ ਬਦਲਦੇ ਹਨ,
ਵਕਤ ਦੇ ਸੀਸ ’ਤੇ
ਕਲਗੀ ਬਣ ਲਿਸ਼ਕਦੇ ਹਨ।’’
ਇਉਂ ਅਸੀਂ ਤਾਰਿਆਂ ਨਾਲ ਸੰਵਾਦ ਰਚਾਉਂਦੇ ਸਾਂ ਅਤੇ ਅੰਬਰਾਂ ਵਿੱਚ ਉਡਾਰੀਆਂ ਭਰਦੇ ਸਾਂ। ਉਂਜ ਉਸ ਸਮੇਂ ਵੀ ਭਰਮ-ਭੁਲੇਖਿਆਂ ਤੋਂ ਦੂਰ ਸਾਂ। ਮੈਨੂੰ ਉਹ ਦਿਨ ਵੀ ਯਾਦ ਹੈ ਜਦੋਂ ਇਕ ਪਿਆਰੇ ਚਿਹਰੇ ਨੇ ਦਿਲ ਦੇ ਦਰ ’ਤੇ ਦਸਤਕ ਦਿੱਤੀ ਤਾਂ ਮੈਂ ਆਪਣੇ ਪੱਤਰ ਵਿੱਚ ਜਵਾਬ ਲਿਖਿਆ ਸੀ ਕਿ :
ਪਿਆਰਾਂ ਦੀ ਕਹਾਣੀ ਕੌਣ ਕਰੇ
ਜਦੋਂ ਮਸਲੇ ਹਨ ਰੁਜ਼ਗਾਰਾਂ ਦੇ।
ਇਉਂ ਪੰਜਾਬੀ ਟ੍ਰਿਬਿਊਨ ਦੀ ਪੱਤਰ ਪ੍ਰੇਰਕੀ, ‘ਮੰਚ’ ਦੀ ਸੰਪਾਦਨਾ ਅਤੇ ਮਹਿਮਾਨ ਪ੍ਰਾਅਧਿਆਪਕੀ ਹੀ ਸਾਡਾ ਰੁਜ਼ਗਾਰ ਸੀ ਪਰ ਅਸਲੀ ਅਰਥਾਂ ਵਿੱਚ ਮੈਂ ਬੇਰੁਜ਼ਗਾਰ ਹੀ ਸਾਂ। ਇਨ੍ਹਾਂ ਦਿਨਾਂ ਵਿੱਚ ਗਾਲਿਬ ਦਾ ਹੇਠ ਲਿਖਿਆ ਸ਼ੇਅਰ ਬਹੁਤ ਚੰਗਾ ਲਗਦਾ ਸੀ :
ਕਰਜ਼ ਕੀ ਪੀਤੇ ਥੇ ਮੈ,
ਲੇਕਿਨ ਸਮਝਤੇ ਥੇ ਕਿ ਹਾਂ
ਰੰਗ ਲਾਏਗੀ ਹਮਾਰੀ,
ਫ਼ਾਕਾ-ਮਸਤੀ ਏਕ ਦਿਨ।
ਇਨ੍ਹਾਂ ਦੀ ਦਿਨਾਂ ਵਿੱਚ ਸ. ਦਰਬਾਰਾ ਸਿੰਘ ਜੌਹਲ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਸ. ਸਰਦਾਰਾ ਸਿੰਘ ਜੌਹਲ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਬਣ ਗਏ। ਸ. ਨਵਜੀਤ ਸਿੰਘ ਜੌਹਲ ਨੂੰ ਪੱਕਾ ਲੈਕਚਰਾਰ ਲਗਾ ਲਿਆ ਗਿਆ ਅਤੇ ਕਾਂਗਰਸੀ ਨੇਤਾ ਬ੍ਰਹਮ ਮਹਿੰਦਰਾ ਦੇ ਦੋਸਤ ਗੁਰਮੀਤ ਮਾਨ ਯੂਨੀਵਰਸਿਟੀ ਦੇ ਲੋਕ ਸੰਪਰਕ ਅਧਿਕਾਰੀ ਬਣ ਗਏ ਅਤੇ ਮੈਂ ਪੂਰੀ ਤਰ੍ਹਾਂ ਬੇਰੁਜ਼ਗਾਰ ਹੋ ਗਿਆ।
– ਚਲਦਾ

 

Send this to a friend