May 23, 2026 11:02 am

ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦਿਵਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਰਾਮਪੁਰਾ ਫੂਲ, 16 ਦਸੰਬਰ (ਮਨਪ੍ਰੀਤ ਸਿੰਘ ਗਿੱਲ)- ਪੰਜਾਬੀ ਮਾਂ ਬੋਲੀ ਦਾ ਬਣਦਾ ਮਾਣ ਸਤਿਕਾਰ ਬਹਾਲ ਕਰਵਾਉਣ ਲਈ ਸਾਂਝੀ ਐਕਸਨ ਕਮੇਟੀ ਨੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਮਾਲਵਾ ਯੂਥ ਫੈਡਰੇਸਨ ਦੇ ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਦੀ ਫ਼ਰੀਦਕੋਟ ਜੇਲ ਤੋਂ ਰਿਹਾਈ ਮਗਰੋਂ ਹਾਲਤ ਨੂੰ ਨਜਿੱਠਣ ਲਈ ਕਮੇਟੀ ਦੀ ਅਹਿਮ ਮੀਟਿੰਗ ਉਸ ਦੇ ਜੱਦੀ ਪਿੰਡ ਸਿਧਾਣਾ ਵਿੱਚ ਕੀਤੀ ਗਈ। ਮਾਂ ਬੋਲੀ ਸਤਿਕਾਰ ਕਮੇਟੀ ਦੇ ਆਗੂਆਂ ਬਾਬਾ ਹਰਦੀਪ ਸਿੰਘ ਮਹਿਰਾਜ, ਲਖਵੀਰ ਸਿੰਘ ਲੱਖਾ ਸਿਧਾਣਾ, ਬਲਜਿੰਦਰ ਸਿੰਘ ਬਾਗ਼ੀ ਕੋਟਭਾਰਾ ਸਮੇਤ ਵੱਡੀ ਗਿਣਤੀ ਵਿੱਚ ਕੀਤੀ ਬੈਠਕ ਦੌਰਾਨ ਫ਼ਰੀਦਕੋਟ ਜੇਲ ਅੱਗਿਓਂ ਲੱਖਾ ਸਿਧਾਣਾ ਦੇ ਸਵਾਗਤ ਲਈ ਮਾਲਵਾ ਯੂਥ ਫੈਡਰੇਸ਼ਨ ਦੇ ਸੈਂਕੜੇ ਵਰਕਰਾਂ ਨੂੰ ਉਨ੍ਹਾਂ ਦੀਆਂ ਗੱਡੀਆਂ ਸਮੇਤ ਥਾਣਿਆਂ ਵਿੱਚ ਲੈ ਕੇ ਜਾਣਾ ਪੁਲਿਸ ਰਾਜ ਦੀ ਗੁੰਡਾਗਰਦੀ ਦੀ ਨਿਸ਼ਾਨੀ ਹੈ ਜੋ ਕਿ ਤਾਨਾਸ਼ਾਹੀ, ਫਾਸ਼ੀਵਾਦ ਹਕੂਮਤ ਦੀ ਦੇਣ ਕਰਾਰ ਦਿੱਤਾ। ਉਹਨਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਬਹਾਲ ਕਰਵਾਉਣ ਲਈ ਸੰਘਰਸ਼ ਨੂੰ ਦਵਾਉਣ ਲਈ ਇਹ ਪੰਜਾਬ ਪੁਲਿਸ ਦੀ ਕੋਝੀ ਚਾਲ ਹੈ। ਬੈਠਕ ਦੌਰਾਨ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬੀ ਮਾਂ ਬੋਲੀ ਦੇ ਸਪੂਤਾਂ ’ਤੇ ਬਣੇ ਪਰਚੇ ਵਾਪਸ ਲੈਣ ਦੇ ਫ਼ੈਸਲੇ ਵਾਲੇ ਐਲਾਨ ’ਤੇ ਅਜੇ ਤੱਕ ਕੋਈ ਅਮਲ ਨਹੀਂ ਹੋਇਆ ਤੇ ਇਸ ਸਬੰਧੀ ਜਾਂ ਤਾਂ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਵਿੱਚ ਝੂਠ ਬੋਲ ਰਿਹਾ ਹੈ ਜਾਂ ਫਿਰ ਅਫ਼ਸਰਸ਼ਾਹੀ ਉਸ ਦਾ ਫ਼ੈਸਲਾ ਲਾਗੂ ਨਹੀਂ ਕਰ ਰਹੀ, ਉਹ ਆਪਣਾ ਪੱਖ ਸਪੱਸਟ ਕਰੇ ਕਿ ਇਹ ਪਰਚੇ ਰੱਦ ਹੋ ਰਹੇ ਹਨ ਜਾਂ ਨਹੀਂ। ਇਸ ਮੌਕੇ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਬਹਾਲ ਕਰਵਾਉਣ ਲਈ ਸੰਘਰਸ਼ ਜਾਰੀ ਰੱਖਣ ਦੇ ਵੱਖ-ਵੱਖ ਪੱਖਾਂ ’ਤੇ ਵਿਚਾਰ ਕਰਕੇ ਇਸ ਨੂੰ ਸਿਖ਼ਰ ਵੱਲ ਲਿਜਾਣ ਦਾ ਮਤਾ ਵੀ ਪਾਸ ਕੀਤਾ।

Send this to a friend