728 ਪੋਲਿੰਗ ਬੂਥ ਸੰਵੇਦਨਸੀਲ ਅਤੇ 167 ਅਤਿ ਸੰਵੇਦਨਸ਼ੀਲ
ਚੰਡੀਗੜ੍ਹ, 15 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੀਆਂ 3 ਨਗਰ ਨਿਗਮਾਂ ਅਤੇ 29 ਨਗਰ ਕੌਸਲਾਂ/ਨਗਰ ਪੰਚਾਇਤਾਂ ਦੇ ਨੁਮਾਇੰਦੇ ਚੁਨਣ ਲਈ ਵੋਟਾਂ ਪਾਉਣ ਦਾ ਅਮਲ ਮਿਤੀ 17 ਦਸੰਬਰ, 2017 ਦਿਨ ਐਤਵਾਰ ਨੂੰ ਸਵੇਰੇ 8:00 ਵਜੇ ਤੋਂ ਸਾਮ 4:00 ਵਜੇ ਤੱਕ ਹੋਵੇਗਾ।
ਰਾਜ ਚੋਣ ਕਮਿਸਨ ਦੇ ਬੁਲਾਰੇ ਨੇ ਦੱਸਿਆ ਕਿ 3 ਨਗਰ ਨਿਗਮਾਂ ਦੇ 225 ਵਾਰਡਾਂ ਵਿਚੋਂ 222 ਵਿੱਚ ਅਤੇ 29 ਨਗਰ ਕੌਸਲਾਂ /ਨਗਰ ਪੰਚਾਇਤਾਂ ਦੇ ਕੁੱਲ 327 ਵਾਰਡਾਂ ਵਿੱਚ ਚੋਣ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਕੁੱਲ 873 ਪੋਲਿੰਗ ਸਟੇਸਨ ਐਲਾਨ ਕੀਤੇ ਗਏ ਹਨ ਜਿਨ੍ਹਾਂ ਵਿੱਚ 1938 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਪੋਲਿੰਗ ਸਟੇਸਨਾਂ ਉੱਤੇ ਲੱਗਭੱਗ 8000 ਚੋਣ ਅਮਲਾ ਅਤੇ ਲਗਭਗ 15500 ਪੁਲਿਸ ਮੁਲਾਜਮ ਡਿਊਟੀ ਨਿਭਾਉਣਗੇ। ਉਨ੍ਹਾਂ ਕਿਹਾ ਕਿ ਰਾਜ ਦੀਆਂ ਤਿੰਨ ਨਗਰ ਨਿਗਮਾਂ ਕ੍ਰਮਵਾਰ ਅੰਮ੍ਰਿਤਸਰ ਦੇ 85 ਵਾਰਡਾਂ ਲਈ 413 ਉਮੀਦਵਾਰ ਮੈਦਾਨ ਵਿੱਚ ਹਨ। ਇਥੇ 769153 ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ ਇਨ੍ਹਾਂ ਵਿਚ 408231 ਪੁਰਸ਼ ਵੋਟਰ ਹਨ ਅਤੇ 360922 ਮਹਿਲਾ ਵੋਟਰ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨਗਰ ਨਿਗਮ ਚੋਣਾਂ ਲਈ 366 ਪੋਲਿੰਗ ਬੂਥਾਂ ਉਤੇ 3000 ਦੇ ਕਰੀਬ ਮੁਲਾਜਮ ਚੋਣ ਅਮਲੇ ਵਜੋਂ ਡਿਊਟੀ ਨਿਭਾਉਗੇ ਅਤੇ 4686 ਪੁਲਿਸ ਮੁਲਾਜਮ ਸੁਰੱਖਿਆ ਨਾਲ ਸਬੰਧਤ ਵੱਖ-ਵੱਖ ਡਿਊਟੀਆਂ ਨਿਭਾਉਣਗੇ। ਬੁਲਾਰੇ ਨੇ ਕਿਹਾ ਕਿ ਜਲੰਧਰ ਦੇ 80 ਵਾਰਡਾਂ ਲਈ 305 ਉਮੀਦਵਾਰ ਮੈਦਾਨ ਵਿੱਚ ਹਨ। ਉਨ੍ਹਾਂ ਕਿਹਾ ਕਿ ਜਲੰਧਰ ਨਗਰ ਨਿਗਮ ਲਈ 262 ਪੋਲਿੰਗ ਸਟੇਸਨ ਉਤੇ 554 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਪਟਿਆਲਾ ਵਿੱਚ 60 ਵਾਰਡਾਂ ਵਿਚੋ 57 ਲਈ ਚੋਣ ਕਰਵਾਈ ਜਾ ਰਹੀ ਹੈ। ਬੁਲਾਰੇ ਨੇ ਦੱਸਿਆ ਕਿ ਸੂਬੇ ਦੀਆਂ 29 ਨਗਰ ਪੰਚਾਇਤਾਂ /ਨਗਰ ਕੌਸਲਾਂ ਲਈ 327 ਵਾਰਡਾਂ ਵਿੱਚ ਚੋਣ ਕਰਵਾਈ ਜਾ ਹੈ। ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣ ਸਬੰਧੀ ਲਗਭਗ 1350 ਚੋਣ ਅਮਲਾ ਡਿਊਟੀ ਨਿਭਾਏਗਾ ਜਦਕਿ ਲਗਭਗ 6500 ਪੁਲਿਸ ਮੁਲਾਜਮ ਵੀ ਡਿਊਟੀ ਦੇਣਗੇ।
ਬੁਲਾਰੇ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਦੀ ਰਿਪੋਰਟ ਅਨੁਸਾਰ ਅੰਮ੍ਰਿਤਸਰ ਦੇ ਕੁੱਲ 366 ਪੋਲਿੰਗ ਸਟੇਸਨਾਂ ਵਿੱਚੋਂ 154 ਨੂੰ ਸੰਵੇਦਨਸੀਲ ਅਤੇ 136 ਨੂੰ ਅਤਿ ਸੰਵੇਦਨਸੀਲ ਐਲਾਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵਲੋਂ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਵੀਡੀਉਗ੍ਰਾਫੀ ਕਰਵਾਉਣ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਵੋਟਾਂ ਦੀ ਗਿਣਤੀ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਜਦੋਂ ਵਾਰਡ ਲਈ ਵੋਟਾਂ ਪਾਉਣ ਦਾ ਅਮਲ ਮੁਕੰਮਲ ਹੋ ਜਾਵੇਗਾ ਅਤੇ ਬੈਲਟ ਪੇਪਰ ਦਾ ਵਿਵਰਣ ਤਿਆਰ ਕਰ ਲਿਆ ਜਾਵੇਗਾ ਤਾਂ ਹੀ ਉਸ ਵਾਰਡ ਦੇ ਰਿਟਰਨਿੰਗ ਅਫਸਰ ਵਲੋਂ ਗਿਣਤੀ ਦੇ ਹੁਕਮ ਜਾਰੀ ਕੀਤੇ ਜਾਣਗੇ।