ਰਾਤਾਂ ਨੂੰ ਵੀ ਪੂਰੀ ਸੇਵਾ, ਪੈਨ ਕਾਰਡ ਵੀ ਬਣਾਉਂਦੇ ਨੇ ਅਧਿਕਾਰੀ
ਭਾਈਰੂਪਾ, 18 ਦਸੰਬਰ (ਜਜਵੀਰ ਜਲਾਲ)- ਆਮ ਲੋਕਾਂ ਦੀ ਹੋ ਰਹੀ ਖੱਜਲਖੁਆਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਸੇਵਾ ਕੇਂਦਰ ਖੋਲੇ ਗਏ ਹਨ ਤਾਂ ਕਿ ਪੇਂਡੂ ਲੋਕ ਇਹਨਾਂ ਸੇਵਾ ਕੇਂਦਰਾਂ ਰਾਹੀਂ ਆਪਣੇ ਕੰਮਾਂ ਨੂੰ ਬਿਨਾਂ ਕਿਸੇ ਦੇਰੀ ਪੂਰਾ ਕਰਵਾ ਸਕਣ ਪਰ ਸੇਵਾ ਕੇਂਦਰਾਂ ਦੇ ਅਧਿਕਾਰੀਆਂ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਵੱਧ ਪੈਸਿਆਂ ਦੀ ਵਸੂਲੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦਾ ਮਾਮਲਾ ਬੀਤੇ ਦਿਨੀ ਸਥਾਨਿਕ ਸ਼ਹਿਰ ਦੇ ਨੇੜਲੇ ਪਿੰਡ ਸਲਾਬਤਪੁਰਾ ਦੀ ਦਲਿਤ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਲੜਕੀ ਲੱਛਮੀ ਕੌਰ ਵੱਲੋਂ ਧਿਆਨ ਵਿੱਚ ਲਿਆਂਦਾ ਗਿਆ।ਉੁਕਤ ਲੜਕੀ ਨੇ ਦੱਸਿਆ ਕਿ ਉਹ ਆਪਣੇ ਅਧਾਰ ਕਾਰਡ ਨੰ 891276862488 ਦੀ ਤੁਰੁੱਟੀ ਠੀਕ ਕਰਵਾਉਣ ਲਈ ਮਿਤੀ 12 ਦਸੰਬਰ ਨੂੰ ਸੇਵਾ ਕੇਂਦਰ ਭਗਤਾ ਵਿਖੇ ਗਈ ਸੀ ਜਿੱਥੇ ਅਧਿਕਾਰੀਆਂ ਵੱਲੋਂ ਉਸ ਪਾਸੋਂ 25 ਰੁਪਏ ਵਸੂਲ ਕਰਨ ਦੀ ਬਜਾਏ ਜਿਆਦਾ ਪੈਸਿਆਂ ਦੀ ਵਸੂਲੀ ਕੀਤੀ ਗਈ। ਉਧਰ ਜਦੋਂ ਇਸ ਮਸਲੇ ਸੰਬੰਧੀ ਸੇਵਾ ਕੇਂਦਰ ਭਗਤਾ ਦੇ ਇੱਕ ਅਧਿਕਾਰੀ ਨਾਲ ਫੋਨ ਪਰ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕੋਈ ਸਤੁੰਸ਼ਟ ਜਵਾਬ ਹਾਸਿਲ ਨਾ ਹੋਇਆ ਅਤੇ ਉਸਤੋਂ ਬਾਅਦ ਸੇਵਾ ਕੇਂਦਰ ਦੇ ਇਸ ਅਧਿਕਾਰੀ ਵੱਲੋਂ ਆਪਣੇ ਦੋ ਹੋਰ ਸਾਥੀਆਂ ਨਾਲ ਪੱਤਰਕਾਰ ਦੇ ਦਫਤਰ, ਚ ਜਾ ਕੇ ਧਮਕਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਉਸਤੋਂ ਬਾਅਦ ਇਹ ਮਾਮਲਾ ਉਚ ਅਧਿਕਾਰੀਆਂ ਦੇ ਵੀ ਧਿਆਨ ਵਿੱਚ ਲਿਆਂਦਾ ਗਿਆ ਜਿਨ੍ਹਾਂ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸੇਵਾ ਕੇਂਦਰ ਭਗਤਾ ਵਿਖੇ ਕੁਝ ਦਿਨ ਪਹਿਲਾਂ ਅਧਿਕਾਰੀਆਂ ਪਰ ਰਾਤ ਸਮੇਂ ਸੇਵਾ ਕੇਂਦਰ ਨੂੰ ਪੈਲਿਸ ਦਾ ਰੂਪ ਦਿੰਦੇ ਹੋਏ ਉਸਦੀ ਗਲਤ ਵਰਤੋਂ ਕਰਨ ਦਾ ਵੀ ਦੋਸ਼ ਲੱਗ ਚੁੱਕਾ ਹੈ,ਜਿਸਤੋਂ ਬਾਅਦ ਇਹਨਾਂ ਗੈਰਕਾਨੂੰਨੀ ਕੰਮ ਕਰਨ ਵਾਲੇ ਅਧਿਕਾਰੀਆਂ ਦੇ ਥਾਣੇ ਦੀ ਹਵਾ ਖਾਣ ਦੀ ਵੀ ਪੂਰੀ ਚਰਚਾ ਹੈ।ਇਥੇ ਇਹ ਵੀ ਵਰਨਣਯੋਗ ਹੈ ਕਿ ਸੇਵਾ ਕੇਂਦਰ ਦੇ ਅਧਿਕਾਰੀ ਅਧਿਕਾਰ ਖੇਤਰ ਤੋਂ ਬਾਹਰ ਦੇ ਕੰਮ ਵੀ ਕਰਦੇ ਹਨ ਜਿਸਦੀ ਉਹ ਲੋਕਾਂ ਕੋਲੋਂ ਵੱਧ ਰਕਮ ਦੀ ਵਸੂਲੀ ਕਰਦੇ ਹਨ ਜਿਵੇਂ ਪੈਨ ਕਾਰਡ ਬਗੈਰਾ।ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਸੇਵਾ ਕੇਂਦਰਾਂ ਵਿੱਚ ਬਿਜਲੀ ਦਾ ਬਿੱਲ ਭਰਨ ਲਈ 10 ਰੁਪਏ ਦੀ ਵਸੂਲੀ ਕੀਤੀ ਜਾਂਦੀ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਸੇਵਾ ਕੇਂਦਰ ਦੇ ਉਚ ਅਧਿਕਾਰੀਆਂ ਵਲੋਂ ਅਜਿਹੇ ਅਧਿਕਾਰੀਆਂ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ਜਿਹੜੇ ਆਪਣੀਆਂ ਜੇਬਾਂ ਭਰਨ ਲਈ ਆਮ ਲੋਕਾਂ ਦੀ ਲੁੱਟ ਕਰਦੇ ਹਨ।