May 25, 2026 3:41 am

ਮੋਰਿੰਡਾ ਵਿਖੇ ਸ਼ਹੀਦਾਂ ਦੀ ਯਾਦ ’ਚ 16 ਤੱਕ ਤਿੰਨ ਦਿਨਾਂ ਲਈ ਭਰੇਗਾ ਜੋੜ ਮੇਲਾ

ਮੋਰਿੰਡਾ, 13 ਦਸੰਬਰ (ਹਰਜਿੰਦਰ ਸਿੰਘ ਛਿੱਬਰ) -ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਯਾਦ ’ਚ ਲੱਗਣ ਵਾਲਾ ਸ਼ਹੀਦੀ ਜੋੜ ਮੇਲਾ 14 ਦਸੰਬਰ ਤੋਂ ਲੈ ਕੇ 16 ਦਸੰਬਰ ਤੱਕ ਭਰੇਗਾ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਜਿੱਥੇ ਅੱਜ ਕੱਲ੍ਹ ਇਤਿਹਾਸਿਕ ਗੁਰਦੁਆਰਾ ਕੌਤਵਾਲੀ ਸਾਹਿਬ ਸੁਸ਼ੋਭਿਤ ਹੈ ਵਿੱਖੇ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ। ਇਸ ਪਵਿੱਤਰ ਅਸਥਾਨ ਦੀ ਕਾਰ ਸੇਵਾ ਬਾਈ ਸੁਰਮੁੱਖ ਸਿੰਘ ਜੀ ਮੁੱਖੀ ਡੇਰਾ ਕਾਰ ਸੇਵਾ ਮੋਰਿੰਡਾ ਕਰਵਾ ਰਹੇ ਹਨ। ਮੋਰਿੰਡਾ ਦੇ ਉਸ ਸਮੇਂ ਦੇ ਕੌਤਵਾਲ ਜਾਨੀ ਖ਼ਾਨ ਅਤੇ ਮਾਨੀ ਖ਼ਾਨ ਵੱਲੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਇੱਕ ਰਾਤ ਰੱਖਣ ਉਪਰੰਤ ਦੂਜੇ ਦਿਨ ਸੂਬੇ ਦੀ ਕਚਿਹਰੀ ’ਚ ਪੇਸ਼ ਕਰਨ ਲਈ ਸਰਹਿੰਦ ਨੂੰ ਰਵਾਨਾ ਹੋਏ। ਜਿਸ ਥਾਂ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਸਰਹਿੰਦ ਕਚਿਹਰੀ ਲੈ ਕੇ ਜਾਣ ਲਈ ਰਵਾਨਾ ਹੋਏ ਉਸ ਥਾਂ ਅੱਜ ਗੁਰਦੁਆਰਾ ਸ਼੍ਰੀ ਸ਼ਹੀਦ ਗੰਜ ਸਾਹਿਬ ਸੁਸ਼ੋਭਿਤ ਹੈ ਜਿਥੇ ਹਰ ਸਾਲ ਸ਼ਹੀਦਾਂ ਦੀ ਯਾਦ ’ਚ ਤਿੰਨ ਦਿਨਾਂ ਜੋੜ ਮੇਲਾ ਲੱਗਦਾ ਹੈ। ਇਸ ਅਸਥਾਨ ’ਤੇ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਦੂਰ ਦੂਰਾਡੇ ਤੋਂ ਚੱਲ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀਆਂ ਹਨ।

Send this to a friend