16 ਨੂੰ ਸੰਭਾਲਣਗੇ ਅਹੁਦਾ-ਪਾਰਟੀ ’ਚ ਜਸ਼ਨ ਦਾ ਮਾਹੌਲ
ਨਵੀਂ ਦਿੱਲੀ, 11 ਦਸੰਬਰ- ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਅਤੇ ਗਾਂਧੀ ਖਾਨਦਾਨ ਦੇ ਚਿਰਾਗ 46 ਸਾਲਾ ਸ੍ਰੀ ਰਾਹੁਲ ਗਾਂਧੀ ਸੋਮਵਾਰ ਨੂੰ ਬਿਨਾ ਮੁਕਾਬਲਾ ਕਾਂਗਰਸ ਦੇ ਕੌਮੀ ਪ੍ਰਧਾਨ ਚੁਣੇ ਗਏ। ਇਸ ਅਹੁਦੇ ਲਈ ਰਾਹੁਲ ਤੋਂ ਇਲਾਵਾ ਕਿਸੇ ਹੋਰ ਉਮੀਦਵਾਰ ਨੇ ਨਾਮਜ਼ਦਗੀ ਨਹੀਂ ਭਰੀ ਸੀ। ਨਾਮਜ਼ਦਗੀ ਵਾਪਿਸ ਲੈਣ ਦਾ ਆਖਰੀ ਸਮਾਂ ਸੋਮਵਾਰ ਸ਼ਾਮੀ 3 ਵਜੇ ਤੱਕ ਸੀ। ਸ਼੍ਰੀ ਰਾਹੁਲ ਗਾਂਧੀ ਰਸਮੀ ਤੌਰ ’ਤੇ 16 ਦਸੰਬਰ ਨੂੰ ਬਕਾਇਦਾ ਪਾਰਟੀ ਦੀ ਪ੍ਰਧਾਨਗੀ ਸੰਭਾਲਣਗੇ। ਉਹ ਆਪਣੀ ਮਾਤਾ ਸ਼੍ਰੀਮਤੀ ਸੋਨੀਆ ਗਾਂਧੀ ਦੀ ਜਗ੍ਹਾ ਲੈਣਗੇ। ਇਹ ਮੰਨਿਆ ਜਾ ਰਿਹਾ ਹੈ ਕਿ ਸ਼੍ਰੀ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਨਾਲ ਨੌਜਵਾਨ ਆਗੂਆਂ ਨੂੰ ਪਾਰਟੀ ਵਿੱਚ ਵਧੇਰੇ ਮੌਕੇ ਮਿਲਣਗੇ।
ਕਾਂਗਰਸ ਦੇ ਕੌਮੀ ਪ੍ਰਧਾਨ ਬਣਨ ਵਾਲੇ ਸ੍ਰੀ ਰਾਹੁਲ ਗਾਂਧੀ ਨਹਿਰੂ ਗਾਂਧੀ ਪਰਿਵਾਰ ਦੇ 6ਵੇਂ ਮੈਂਬਰ ਹਨ। ਇਸ ਤੋਂ ਪਹਿਲਾਂ ਸ੍ਰੀ ਮੋਤੀ ਲਾਲ ਨਹਿਰੂ, ਸ੍ਰੀ ਜਵਾਹਰ ਲਾਲ ਨਹਿਰੂ, ਸ਼੍ਰੀਮਤੀ ਇੰਦਰਾ ਗਾਂਧੀ, ਸ੍ਰੀ ਰਾਜੀਵ ਗਾਂਧੀ ਅਤੇ ਸ਼੍ਰੀਮਤੀ ਸੋਨੀਆ ਗਾਂਧੀ ਕਾਂਗਰਸ ਦੇ ਕੌਮੀ ਪ੍ਰਧਾਨ ਰਹਿ ਚੁੱਕੇ ਹਨ। ਸ਼੍ਰੀ ਰਾਹੁਲ ਗਾਂਧੀ ਦੀ ਮਾਤਾ ਸ਼੍ਰੀਮਤੀ ਸੋਨੀਆ ਗਾਂਧੀ ਸਭ ਤੋਂ ਲੰਮਾ ਸਮਾਂ 19 ਸਾਲ ਤੱਕ ਕਾਂਗਰਸ ਦੀ ਪ੍ਰਧਾਨ ਰਹੀ। ਉਨ੍ਹਾਂ ਨੂੰ 1998 ਵਿੱਚ ਕਾਂਗਰਸ ਦਾ ਕੌਮੀ ਪ੍ਰਧਾਨ ਚੁਣਿਆ ਗਿਆ ਸੀ। ਕਾਂਗਰਸ ਵਰਕਿੰਗ ਕਮੇਟੀ ਨੇ ਪਿਛਲੇ ਸਾਲ ਸ਼੍ਰੀ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ। ਸ਼੍ਰੀਮਤੀ ਸੋਨੀਆ ਗਾਂਧੀ ਪਿਛਲੇ ਕੁਝ ਸਮੇਂ ਤੋਂ ਸਿਹਤ ਪੱਖੋਂ ਠੀਕ ਨਹੀਂ ਹਨ। ਦੂਸਰੇ ਪਾਸੇ ਕਾਂਗਰਸ ਦੀ ਸਿਹਤ ਦਾ ਵੀ ਮਾੜਾ ਹਾਲ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸਿਰਫ 44 ਸੀਟਾਂ ਹੀ ਮਿਲੀਆਂ ਸਨ। ਉਸ ਤੋਂ ਬਾਅਦ ਕਾਂਗਰਸ ਨੂੰ ਦਿੱਲੀ ਸਮੇਤ ਕਈ ਰਾਜਾਂ ਵਿੱਚ ਆਪਣੀਆਂ ਸਰਕਾਰਾਂ ਤੋਂ ਹੱਥ ਧੋਣਾ ਪਿਆ। ਅਜਿਹੇ ਮੁਸ਼ਕਿਲ ਦੇ ਸਮੇਂ ਹੀ 46 ਸਾਲਾ ਸ਼੍ਰੀ ਰਾਹੁਲ ਗਾਂਧੀ ਕਾਂਗਰਸ ਦੇ ਕੌਮੀ ਪ੍ਰਧਾਨ ਬਣਨ ਜਾ ਰਹੇ ਹਨ। ਉਨ੍ਹਾਂ ਨੇ 4 ਦਸੰਬਰ ਨੂੰ ਕਾਂਗਦਰਸ ਦੀ ਪ੍ਰਧਾਨਗੀ ਲਈ ਨਾਮਜ਼ਦਗੀ ਪੱਤਰ ਭਰੇ ਸਨ। ਪਾਰਟੀ ਦੇ 86 ਨੇਤਾਵਾਂ ਨੇ ਸ੍ਰੀ ਰਾਹੁਲ ਗਾਂਧੀ ਦੇ ਪੱਖ ਵਿੱਚ ਪ੍ਰਸਤਾਵ ਪੇਸ਼ ਕੀਤਾ ਸੀ। ਅੱਜ ਨਾਮਜ਼ਦਗੀਆਂ ਵਾਪਸੀ ਦੀ ਸਮਾਂ ਸੀਮਾਂ ਖਤਮ ਹੋਣ ਤੋਂ ਬਾਅਦ ਸ਼ਾਮੀ 3:30 ਵਜੇ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸ਼੍ਰੀ ਰਾਹੁਲ ਗਾਂਧੀ ਦੇ ਪ੍ਰਧਾਨ ਚੁਣੇ ਜਾਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਸ਼੍ਰੀ ਰਾਹੁਲ ਗਾਂਧੀ 2004 ’ਚ ਰਾਜਨੀਤੀ ਵਿੱਚ ਆਏ ਸਨ ਅਤੇ ਇਸ ਸਾਲ ਹੀ ਅਮੇਠੀ ਲੋਕ ਸਭਾ ਹਲਕੇ ਤੋਂ ਚੋਣ ਜਿੱਤੀ ਸੀ। ਸੰਨ 2012 ਵਿੱਚ ਉਨ੍ਹਾਂ ਨੇ ਯੂਪੀ ਦੀਆਂ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕੀਤੀ, ਪਰ ਪਾਰਟੀ ਸਿਰਫ 28 ਸੀਟਾਂ ਹੀ ਜਿੱਤ ਸਕੀ। 2013 ਵਿੱਚ ਉਨ੍ਹਾਂ ਨੂੰ ਕਾਂਗਰਸ ਦਾ ਉਪ ਪ੍ਰਧਾਨ ਥਾਪਿਆ ਗਿਆ। ਬੇਸ਼ੱਕ 2014 ਵਿੱਚ ਪਾਰਟੀ ਲੋਕ ਸਭਾ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਪ੍ਰੰਤੂ ਬਿਹਾਰ ਵਿਧਾਨ ਸਭਾ ਚੋਣਾਂ 2015 ਵਿੱਚ ਮਹਾਗਠਬੰਦਨ ਬਣਾ ਕੇ ਚੋਣ ਜਿੱਤੀ। ਸਾਲ 2017 ਵਿੱਚ 5 ਵਿੱਚੋਂ 4 ਰਾਜਾਂ ਵਿੱਚ ਕਾਂਗਰਸ ਹਾਰ ਗਈ। ਯੂਪੀ ਵਿੱਚ ਸਿਰਫ 7 ਸੀਟਾਂ ਮਿਲੀਆਂ। ਪੰਜਾਬ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਨੂੰ ਰਾਹੁਲ ਗਾਂਧੀ ਦੀ ਪਹਿਲੀ ਵੱਡੀ ਪ੍ਰਾਪਤੀ ਆਖਿਆ ਜਾ ਸਕਦਾ ਹੈ। ਸ਼੍ਰੀ ਰਾਹੁਲ ਗਾਂਧੀ ਸਾਹਮਣੇ ਇਸ ਸਮੇਂ ਵੱਡੀਆਂ ਚੁਣੌਤੀਆਂ ਹਨ। ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਇਲਾਵਾ ਉਨ੍ਹਾਂ ਅੱਗੇ ਕਰਨਾਟਕ, ਮਿਜ਼ੋਰਮ, ਮੇਘਾਲਿਆ, ਪੁੱਡੂਚੇਰੀ, ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀਆਂ ਸਰਕਾਰਾਂ ਬਣਾਏ ਰੱਖਣ ਦੀ ਚੁਣੌਤੀ ਹੈ। ਸ਼੍ਰੀ ਰਾਹੁਲ ਗਾਂਧੀ ਨੂੰ ਪ੍ਰਧਾਨ ਚੁਣੇ ਜਾਣ ’ਤੇ ਪਾਰਟੀ ਵਿੱਚ ਕਾਫੀ ਉਤਸ਼ਾਹ ਵਾਲਾ ਮਾਹੌਲ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਸ਼੍ਰੀ ਰਾਹੁਲ ਗਾਂਧੀ ਕਾਂਗਰਸ ਦੇ ਡਾਰਲਿੰਗ ਹਨ ਅਤੇ ਉਹ ਪਾਰਟੀ ਦੀ ਮਹਾਨ ਪ੍ਰੰਪਰਾ ਨੂੰ ਅੱਗੇ ਵਧਾਉਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਚੋਣ ਦਾ ਨਿੱਘਾ ਸਵਾਗਤ ਕਰਦਿਆਂ ਆਖਿਆ ਹੈ ਕਿ ਸ਼੍ਰੀ ਰਾਹੁਲ ਗਾਂਧੀ ਦੇਸ਼ ਦੇ ਇੱਕ ਚੰਗੇ ਪ੍ਰਧਾਨ ਮੰਤਰੀ ਵੀ ਸਾਬਿਤ ਹੋਣਗੇ। ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਦੇ ਦਰਮਿਆਨ ਉਨਾਂ ਦੀ ਪ੍ਰਧਾਨ ਵਜੋਂ ਚੋਣ ਪਿੱਛੇ ਕਾਂਗਰਸ ਵੱਲੋਂ ਖੇਡਿਆ ਗਿਆ ਇੱਕ ਵੱਡਾ ਦਾਅ ਮੰਨਿਆ ਜਾ ਰਿਹਾ ਹੈ। ਰਾਜਸੀ ਪੰਡਤਾਂ ਦਾ ਕਹਿਣਾ ਹੈ ਕਿ ਗੁਜਰਾਤ ਦੇ ਚੋਣ ਨਤੀਜੇ ਕੁਝ ਵੀ ਹੋਣ ਪ੍ਰੰਤੂ ਇਸ ਦਾ ਸ਼੍ਰੀ ਰਾਹੁਲ ਗਾਂਧੀ ਨੂੰ ਵੱਡਾ ਲਾਭ ਹੋਵੇਗਾ।



