ਨੂਰਪੁਰ ਬੇਦੀ, 7 ਦਸੰਬਰ (ਹਰਜੀਤ ਗਿੱਲ, ਬਲਜਿੰਦਰ ਸਿੱਧੂ)- ਨੂਰਪੁਰ ਬੇਦੀ ਬਲਾਕ ਦੇ ਪਿੰਡ ਬਾਲੇਵਾਲ ਦੇ ਇਕ ਫੌਜੀ ਜਵਾਨ ਦੀ ਮਧ ਪ੍ਰਦੇਸ਼ ਦੇ ਜ਼ਿਲ੍ਹਾ ਹੋਸੰਗਾਬਾਦ ਦੇ ਸ਼ਹਿਰ ਪੰਚਮੜੀ ਵਿਖੇ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਜਿਸ ਦਾ ਅਜ ਉਸ ਦੇ ਪਿੰਡ ਦੀ ਸ਼ਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿਤਾ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਬਾਲੇਵਾਲ ਦਾ 28 ਸਾਲਾ ਨੌਜਵਾਨ ਨਰਿੰਦਰ ਕੁਮਾਰ ਪੁਤਰ ਅਮਰੀਕ ਸਿੰਘ ਅਤੇ ਦਵਿੰਦਰ ਕੌਰ 8 ਦਸੰਬਰ 2008 ਨੂੰ ਭਾਰਤੀ ਫੌਜ ਦੀ ਐਜ਼ੂਕੇਸ਼ਨ ਕੋਰਪਸ ਵਿਚ ਕਲਰਕ ਭਰਤੀ ਹੋਇਆ ਸੀ।ਨਰਿੰਦਰ ਕੁਮਾਰ ਬੀਤੀ 5 ਦਸੰਬਰ ਨੂੰ ਮਧ ਪ੍ਰਦੇਸ਼ ਦੇ ਪੰਚਮੜੀ ਵਿਖੇ ਇਕ ਸੜਕ ਹਾਦਸੇ ਦੌਰਾਨ ਮਾਰਿਆ ਗਿਆ ਸੀ।ਉਸ ਦੀ ਮ੍ਰਿਤਕ ਦੇਹ ਨੂੰ ਲੈ ਕੇ ਅਜ ਸੂਬੇਦਾਰ ਸਤਨਾਮ ਸਿੰਘ ਅਤੇ ਹੌਲਦਾਰ ਨਿਰਮਲ ਸਿੰਘ ਸਾਖਪੁਰ ਹੋਰ ਪਾਰਟੀ ਨਾਲ ਪਿੰਡ ਬਾਲੇ ਵਾਲੇ ਵਿਖੇ ਲੈ ਕੇ ਆਏ।ਮ੍ਰਿਤਕ ਦੀ ਲਾਸ਼ ਪਿੰਡ ਪੁਜਣ ਤੋਂ ਪਹਿਲਾਂ ਹੀ ਸਾਰੇ ਪਿੰਡ ਵਿਚ ਮਾਤਮ ਛਾਇਆ ਹੋਇਆ ਸੀ।ਜਿਥੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿਤਾ ਗਿਆ।ਇਸ ਮੌਕੇ ਸੈਨਿਕ ਦੇ ਮ੍ਰਿਤਕ ਸਰੀਰ ਨੂੰ ਉਸ ਦੇ ਭਰਾ ਅਵਤਾਰ ਸਿੰਘ ਨੇ ਅਗਨੀ ਦਿਖਾਈ।ਐਮ.ਕਾਮ ਪਾਸ ਇਸ ਸੈਨਿਕ ਦੀ ਪਤਨੀ ਲਖਵਿੰਦਰ ਕੌਰ ਵੀ ਭਾਰਤੀ ਸੈਨਾ ਵਿਚ ਕੈਪਟਨ ਵਜੋਂ ਤੈਨਾਤ ਹੈ।ਇਸ ਦੀ ਪਤਨੀ ਵੀ ਪਹਿਲਾਂ ਪੰਚਮੜੀ ਵਿਖੇ ਹੀ ਤੈਨਾਤ ਸੀ ਅਤੇ ਉਸ ਦੀ ਕੁਝ ਅਰਸਾ ਪਹਿਲਾ ਹੀ ਅਸਾਮ ਦੇ ਤੇਜ ਪੁਰ ਦੀ ਬਦਲੀ ਹੋ ਗਈ ਸੀ।ਮ੍ਰਿਤਕ ਸੈਨਿਕ ਦੀ ਬਦਲੀ ਵੀ ਤੇਜ ਪੁਰ (ਅਸਾਮ) ਦੀ ਹੋਈ ਸੀ ਜਿਸ ਨੇ ਕੁਝ ਸਮੇਂ ਬਾਅਦ ਹੀ ਉਥੇ ਬਦਲ ਕੇ ਜਾਣਾ ਸੀ।ਮ੍ਰਿਤਕ ਸੈਨਿਕ ਦੀ ਇਕ 8 ਮਹੀਨੇ ਦੀ ਬੇਟੀ ਸੀਰਤ ਵੀ ਹੈ।ਫੌਜੀ ਜਵਾਨ ਨੂੰ ਅੰਤਿਮ ਸ਼ਰਧਾਜ਼ਲੀ ਦੇਣ ਮੌਕੇ ਫੌਜ ਦੀ ਟੁਕੜੀ ਨੇ ਰਾਈਫਲਾਂ ਨਾਲ ਸਲਾਮੀ ਦਿਤੀ।ਇਸ ਮੌਕੇ ਸੈਨਿਕ ਦੀ ਰੈਜ਼ਮੈਂਟ ਵਲੋਂ ਮ੍ਰਿਤਕ ਸੈਨਿਕ ਦੀ ਪਤਨੀ ਕੈਪਟਨ ਲ਼ਖਵਿੰਦਰ ਕੌਰ ਨੂੰ ਤਿੰਰਗਾ ਸੌਂਪਿਆ।ਇਸ ਮੌਕੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਨਾਇਬ ਤਹਿਸੀਲਦਾਰ ਅਮਨਦੀਪ ਸਿੰਘ ਚਾਵਲਾ,ਬੀ.ਡੀ.ਪੀ.ਓ ਦਵਿੰਦਰ ਸ਼ਰਮਾ, ਏ.ਐਸ.ਆਈ ਰੋਸ਼ਨ ਲਾਲ,ਸਹੁਰਾ ਸੁਰਜੀਤ ਸਿੰਘ ਸੰਧੂ, ਗੋਪਾਲ ਚੰਦ ਸਰਪੰਚ, ਜਸਪਾਲ ਸਿੰਘ ਸਰਪੰਚ, ਨੰ.ਵਰਿੰਦਰ ਕੁਮਾਰ ਰਾਣਾ, ਤਾਰਾ ਚੰਦ, ਤਿਲਕ ਰਾਜ, ਗੁਰਦਿਆਲ ਸਿੰਘ, ਲੇਖ ਰਾਜ ਫੌਜੀ, ਕੁਲਭੂਸ਼ਣ ਚੌਹਾਨ, ਹਰਮੇਸ਼ ਮੀਲੂ, ਰਾਮਪਾਲ ਪੰਜਾਬ ਪੁਲਿਸ,ਕਪਿਲ ਅਤੇ ਧਰਮਵੀਰ ਆਦਿ ਵੀ ਮੌਜੂਦ ਸਨ।
ਸ਼ਹੀਦ ਫੌਜੀ ਜਵਾਨ ਦਾ ਸਨਮਾਨ ਨਾਲ ਬਾਲੇਵਾਲ ਵਿਖੇ ਅੰਤਿਮ ਸਸਕਾਰ



