Skip to content
Independent perspectives. Global stories.
BREAKING

ਸਿੱਖਿਆ, ਸਿਆਸਤ ਅਤੇ ਸਦਭਾਵਨਾਂ ਦੇ ਅਲੰਬਰਦਾਰ : ਸਰਦਾਰ ਬਲਬੀਰ ਸਿੰਘ

Share this story

ਸਰਦਾਰ ਬਲਬੀਰ ਸਿੰਘ ਇੱਕ ਉਘੇ ਸਿੱਖਿਆ-ਸ਼ਾਸਤਰੀ, ਨਿਪੁੰਨ ਰਾਜਨੀਤੀ ਨੇਤਾ, ਇੱਕ ਸੁਲਝੇ ਹੋਏ ਪ੍ਰਸ਼ਾਸਕ ਅਤੇ ਇੱਕ ਸੁਹਿਰਦ ਇਨਸਾਨ ਸਨ। ਲਾਇਲਪੁਰ ਖ਼ਾਲਸਾ ਕਾਲਜ ਦੀ ਗਵਰਨਿੰਗ ਕੌਂਸਿਲ ਦੇ ਪ੍ਰਧਾਨ ਵਜੋਂ ਉਹਨਾਂ ਨੇ 35 ਸਾਲ ਉਚੇਰੀ ਸਿੱਖਿਆ ਨੂੰ ਸਮਰਪਿਤ ਭਾਵਨਾ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ। ਉਹਨਾਂ ਦੀ ਅਗਵਾਈ ਵਿੱਚ ਕਾਲਜ ਨੇ ਉਤਰੀ ਭਾਰਤ ਦੀ ਸਿਰਮੌਰ ਸੰਸਥਾ ਵਜੋਂ ਆਪਣਾ ਸ਼ਾਨਾਮੱਤਾ ਇਤਿਹਾਸ ਸਿਰਜਿਆ। ਸ. ਬਲਬੀਰ ਸਿੰਘ ਨੇ ਉਘੇ ਸਿੱਖਿਆ ਸ਼ਾਸਤਰੀ ਵਜੋਂ ਉਚੇਰੀ ਸਿੱਖਿਆ ਨੂੰ ਸਮੇਂ ਦੇ ਹਾਣ ਦੀ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ। ਉਹ ਕੰਪਿਊਟਰ ਦੀ ਵਿੱਦਿਆ ਕਾਲਜ ਪੱਧਰ ‘ਤੇ ਸ਼ੁਰੂ ਕਰਨ ਬਾਰੇ ਸੋਚਣ ਵਾਲੇ ਅਤੇ ਕਾਲਜਾਂ ਵਿੱਚ ਤਕਨੀਕੀ ਸਿੱਖਿਆ ਸ਼ੁਰੂ ਕਰਨ ਵਾਲੇ ਖੇਤਰ ਦੇ ਪਹਿਲੇ ਵਿਅਕਤੀ ਸਨ। ਉਹਨਾਂ ਨੇ ਕੇਵਲ ਵਿੱਦਿਅਕ ਸੰਸਥਾਵਾਂ ਸ਼ੁਰੂ ਹੀ ਨਹੀਂ ਕੀਤੀਆਂ, ਸਗੋਂ ਵਿੱਦਿਆ ਦੇ ਖੇਤਰ ਵਿੱਚ ਅਜਿਹੇ ਮਿਆਰ ਵੀ ਸਥਾਪਤ ਕੀਤੇ, ਜਿਸ ਨਾਲ ਵਿਦਿਆਰਥੀਆਂ ਦੇ ਜੀਵਨ ਦਾ ਸਰਵ-ਪੱਖੀ ਵਿਕਾਸ ਹੋ ਸਕੇ। ਇਸ ਵਾਸਤੇ ਉਹਨਾਂ ਨੇ ਵਿਦਿਆਰਥੀਆਂ ਦੀ ਅਕਾਦਮਿਕ ਵਿੱਦਿਆ ਦੇ ਨਾਲ-ਨਾਲ ਖੇਡਾਂ ਅਤੇ ਕਲਚਰਲ ਗਤੀਵਿਧੀਆਂ ਵਿੱਚ ਵੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਇਆ।
ਸ. ਬਲਬੀਰ ਸ਼ਿੰਘ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ। ਇਸੇ ਕਰਕੇ ਵਿੱਦਿਆ ਅਤੇ ਰਾਜਨੀਤੀ ਦੀਆਂ ਦੋ ਬੇੜੀਆਂ ਵਿੱਚ ਸਵਾਰ ਹੋ ਕੇ ਵੀ ਉਹ ਦੋਹਾਂ ਖੇਤਰਾਂ ਦੇ ਸ਼ਾਹਸਵਾਰ ਬਣੇ ਰਹੇ। ਉਹ ਪੰਜਾਬ ਸਰਕਾਰ ਵਿੱਚ 1972 ਤੋਂ 1977 ਤੱਕ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਰਹੇ, 1992 ਤੋਂ 1998 ਤੱਕ ਰਾਜ ਸਭਾ ਮੈਂਬਰ ਰਹੇ, 1999 ਤੋਂ 2004 ਤੱਕ ਲੋਕ ਸਭਾ ਦੇ ਮੈਂਬਰ ਰਹੇ। 2005 ਤੋਂ 2008 ਤੱਕ ਐਨ.ਆਰ.ਆਈ ਸਭਾ ਪੰਜਾਬ ਦੇ ਪੈਟਰਨ ਰਹੇ। ਇਸ ਤੋਂ ਇਲਾਵਾਂ ਉਹ ਅਮੈਟਿਓਰ ਕੱਬਡੀ ਫੈਡਰੇਸ਼ਨ ਆਫ ਇੰਡੀਆ ਦੇ 1994 ਤੋਂ 2008 ਤੱਕ ਚੇਅਰਮੈਨ ਵੀ ਰਹੇ। ਬਤੌਰ ਮੰਤਰੀ ਅਤੇ ਸੰਸਦ ਮੈਂਬਰ ਉਹਨਾਂ ਨੇ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਹਰ ਕੰਮ ਨੂੰ ਬੜੀ ਨਿਸ਼ਠਾ ਅਤੇ ਪ੍ਰਤੀਬੱਧਤਾ ਨਾਲ ਕੀਤਾ। ਉਹ ਕਾਲਜਾਂ ਦੀਆਂ ਮੈਨੇਜਮੈਂਟਾਂ ਦੇ ਚੇਅਰਮੈਨ ਵਜੋਂ ਸਮੇਂ-ਸਮੇਂ ਤੇ ਕਾਲਜਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਂਦੇ ਰਹੇ। ਉਹਨਾਂ ਨੇ ਆਪਣਾ ਸੰਪੂਰਨ ਜੀਵਨ ਸਮਾਜ, ਸਿੱਖਿਆ ਅਤੇ ਲੋਕ ਹਿਤਾਇਸ਼ੀ ਕਦਰਾਂ ਕੀਮਤਾਂ ਨੂੰ ਪ੍ਰੱਫੁਲਤ ਕਰਨ ਲਈ ਲਗਾਇਆ। ਸ. ਬਲਬੀਰ ਸਿੰਘ ਇੱਕ ਪ੍ਰਬੁੱਧ ਪ੍ਰਸ਼ਾਸਕ ਸਨ। ਉਹਨਾਂ ਨੇ ਪੂਰਨ ਰੂਪ ਵਿੱਚ ਸਿੱਖਿਆ ਨੂੰ ਸਮਰਪਿਤ ਹੋ ਕੇ ਵਿਦਿਆਰਥੀ ਭਲਾਈ ਵਾਸਤੇ ਨਿੱਠ ਕੇ ਕੰਮ ਕੀਤਾ। ਉਨਾਂ ਨੇ ਲਾਇਲਪੁਰ ਖ਼ਾਲਸਾ ਸੰਸਥਾਵਾਂ ਖੋਲ ਕੇ ਸਮਾਜ ਨੂੰ ਰਵਾਇਤੀ ਸਿੱਖਿਆ, ਕਾਨੂੰਨੀ ਸਿੱਖਿਆ, ਤਕਨੀਕੀ ਸਿੱਖਿਆ, ਆਦਿ ਪ੍ਰਦਾਨ ਕਰਨ ਲਈ, ਸਕੂਲ, ਡਿਗਰੀ ਕਾਲਜ, ਬੀ.ਐਡ. ਕਾਲਜ ਖੋਲੇ। ਉਹਨਾਂ ਦੇ ਸੁਪਨਿਆਂ ਨੂੰ ਪੂਰਨ ਰੂਪ ਵਿੱਚ ਪੂਰਾ ਕਰਨ ਲਈ ਕਾਲਜ ਗਵਰਨਿੰਗ ਕੌਂਸਿਲ ਨੇ ਜਲੰਧਰ ਵਿਖੇ ਟੈਕਨੀਕਲ ਤੇ ਇੰਜੀਨੀਅਰਿੰਗ ਕਾਲਜ ਖੋਲਿਆ। ਇਸੇ ਤਰ੍ਹਾਂ ਕਪੂਰਥਲਾ ਵਿਖੇ ਲਾਇਲਪੁਰ ਖ਼ਾਲਸਾ ਕਾਲਜ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਕਾਲਜ ਗਵਰਨਿੰਗ ਕੌਂਸਿਲ ਅਤੇ ਸਮੂਹ ਮੈਨੇਜਮੈਂਟ ਦੀ ਸੁਯੋਗ ਅਗਵਾਈ ਵਿੱਚ ਖੋਲ੍ਹਿਆ ਜਾ ਰਿਹਾ। 5 ਦਸੰਬਰ ਨੂੰ ਸ. ਬਲਬੀਰ ਸਿੰਘ ਦਾ ਜਨਮ ਦਿਨ ਹੈ। ਇਸ ਦਿਨ ਨੂੰ ਕਾਲਜ ਵਿਖੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਸ. ਬਲਬੀਰ ਸਿੰਘ ਖੁਦ ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਸਨ। ਕਾਲਜ ਦੇ ਉਹ ਮਾਣਮੱਤੇ ਪੁਰਾਣੇ ਵਿਦਿਆਰਥੀ, ਜਿਨ੍ਹਾਂ ਸਦਕਾ ਕਾਲਜ ਹਮੇਸ਼ਾ ਬੁਲੰਦੀਆਂ ਨੂੰ ਛੂੰਹਦਾ ਰਿਹਾ ਹੈ। ਕਾਲਜ ਵਿਖੇ ਇੱਕਤਰ ਹੋ ਕੇ ਯਾਦਾਂ ਤਾਜ਼ੀਆਂ ਕਰਦੇ ਹੋਏ ਸ. ਬਲਬੀਰ ਸਿੰਘ ਦਾ ਜਨਮ ਦਿਨ ਮਨਾਉਂਦੇ ਹਨ। ਇਸ ਸਾਲ ਵੀ 5 ਦਸੰਬਰ 2017 ਨੂੰ ਕਾਲਜ ਵਿੱਚ ਸ਼ਾਮ 5 ਵਜੇ ਇੱਕ ਪ੍ਰਭਾਵਸ਼ਾਲੀ ਸਮਾਗਮ ਰੱਖਿਆ ਗਿਆ। ਹੈ। ਸਮੂਹ ਪੁਰਾਣੇ ਵਿਦਿਆਰਥੀਆਂ ਦਾ ਇਸ ਸਲਾਨਾਂ ਵਿਦਿਆਰਥੀ ਮਿਲਣੀ ਵਿੱਚ ਸੁਆਗਤ ਹੈ। ਸ. ਬਲਬੀਰ ਸਿੰਘ ਦੁਆਰਾ ਮਨੁੱਖਤਾ ਲਈ ਕੀਤੇ ਕਾਰਜਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਲਾਇਲਪੁਰ ਖ਼ਾਲਸਾ ਕਾਲਜ ਸ. ਬਲਬੀਰ ਸਿੰਘ ਨੂੰ ਉਹਨਾਂ ਦੇ ਜਨਮ ਦਿਨ ਨੂੰ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਦੇ ਰੂਪ ਵਿੱਚ ਮਨਾ ਕੇ ਅਤਿਅੰਤ ਮਾਣ ਮਹਿਸੂਸ ਕਰਦਾ ਹੈ।

WRITTEN BY