ਅੰਮ੍ਰਿਤਸਰ, 12 ਜਨਵਰੀ (ਮਨਿੰਦਰ ਸਿੰਘ ਗੋਰੀ)-ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਰਮਿਆਨ ਪੈਦਾ ਹੋਏ ਗੰਭੀਰ ਵਿਵਾਦ ਦੇ ਸਦੀਵੀ ਹੱਲ ਲਈ ਗਿਆਨੀ ਗੁਰਬਚਨ ਸਿੰਘ ਦੋਹਾਂ ਧਿਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰ ਰਹੇ ਹਨ। ਅੱਜ ਇਥੇ ਗਿਆਨੀ ਗੁਰਬਚਨ ਸਿੰਘ ਨੇ ਪੰਜਾਬ ਦੇ ਉਪ ਮੁਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਦਰਬਾਰ ਸਾਹਿਬ ਫੇਰੀ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਦਫਤਰ ਵਿਖੇ ਸ. ਬਾਦਲ ਨਾਲ ਕੋਈ ਅੱਧਾ ਘੰਟਾ ਬੰਦ ਕਮਰੇ ਵਿੱਚ ਮੁਲਾਕਾਤ ਕੀਤੀ। ਬੇਸ਼ਕ ਇਸ ਮੀਟਿੰਗ ਦੇ ਪੂਰੇ ਵੇਰਵੇ ਤਾਂ ਨਹੀ ਮਿਲ ਸਕੇ ਲੇਕਿਨ ਬਾਅਦ ਵਿਚ ਚੋਣਵੇਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਤਖਤ ਸ੍ਰੀ ਪਟਨਾ ਸਾਹਿਬ ਦੇ ਹਾਲਾਤਾਂ ਬਾਰੇ ਕਾਫੀ ਗੰਭੀਰ ਨਜ਼ਰ ਆਏ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਹੋਏ ਆਦੇਸ਼ਾਂ ਬਾਅਦ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਤੇ ਇਹ ਕਮੇਟੀ 7 ਜਨਵਰੀ ਨੂੰ ਤਖਤ ਸ੍ਰੀ
ਪਟਨਾ ਸਾਹਿਬ ਵਿਖੇ ਵਾਪਰੀ ਸਮੁਚੀ ਘਟਨਾ ਦਾ ਜਾਇਜਾ ਲੈਣ ਪੁੱਜੀ। ਜਾਂਚ ਕਮੇਟੀ ਨੇ ਸਾਰੇ ਹਾਲਾਤ ਵੇਖਕੇ ਹੀ ਗਿਆਨੀ ਇਕਬਾਲ ਸਿੰਘ ਦੀ ਸਹਿਮਤੀ ਨਾਲ ਉਨ੍ਹਾਂ ਤੇ ਤਖਤ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਰਮਿਆਨ ਲਿਖਤੀ ਸਮਝੌਤਾ ਕਰਵਾਇਆ। ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਸਮਝੌਤੇ ਦੇ ਮਹਿਜ ਇਕ ਦਿਨ ਬਾਅਦ ਹੀ ਐਸਾ ਕੀ ਵਾਪਰਿਆ ਹੈ ਕਿ ਗਿਆਨੀ ਇਕਬਾਲ ਸਿੰਘ ਮੁਕਰ ਗਏ ਹਨ ਇਸਦਾ ਜਾਇਜਾ ਲੈਣ ਲਈ ਉਹ ਗਿਆਨੀ ਇਕਬਾਲ ਸਿੰਘ ਅਤੇ ਤਖਤ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰ ਰਹੇ ਹਨ।
ਇਹ ਵੀ ਜਿਕਰਯੋਗ ਹੈ ਕਿ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਨਾਲ ਲਿਖਤੀ ਸਮਝੌਤਾ ਹੋ ਜਾਣ ਤੇ ਗਿਆਨੀ ਇਕਬਾਲ ਸਿੰਘ ਨੇ ਆਪ ਤਖਤ ਸਾਹਿਬ ਤੇ ਜਾ ਕੇ ਅਰਦਾਸ ਕੀਤੀ ਸੀ ।ਅਜੇਹੇ ਵਿੱਚ ਗਿਆਨੀ ਇਕਬਾਲ ਸਿੰਘ ,ਤਖਤ ਸਾਹਿਬ ਤੇ ਅਰਦਾਸ ਕਰਕੇ ਪਿੱਛੇ ਹੱਟ ਜਾਣ ਦੇ ਨਾਲ ਨਾਲ ਇਸ ਮਾਮਲੇ ਦੀ ਜਾਂਚ ਕਰਨ ਲਈ ਜਾਂਚ ਕਮੇਟੀ ਭੇਜਣ ਵਾਲੀ ਸ਼੍ਰੋਮਣੀ ਕਮੇਟੀ ਦੀ ਹੋਂਦ ਹਸਤੀ ਨੂੰ ਚਣੌਤੀ ਦੇਣ ਦੇ ਦੋਸ਼ੀ ਵਜੋਂ ਵੀ ਵੇਖੇ ਜਾ ਰਹੇ ਹਨ ।ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਸ੍ਰ ਸੁਖਦੇਵ ਸਿੰਘ ਭੌਰ ਦਾ ਕਹਿਣਾ ਹੈ ਕਿ ਅਗਰ ਸਿੱਖ ਕੌਮ ਦੇ ਸਤਿਕਾਰਤ ਤਖਤ ਸਾਹਿਬ ਦਾ ਜਥੇਦਾਰ ਹੀ ਤਖਤ ਸਾਹਿਬ ਤੇ ਅਰਦਾਸ ਕਰਕੇ ਪਿੱਛੇ ਹੱਟ ਜਾਵੇ ਤਾਂ ਆਮ ਸਿੱਖ ਪਾਸੋਂ ਕੀ ਆਸ ਕੀਤੀ ਜਾ ਸਕਦੀ ਹੈ ?ਗਿਆਨੀ ਵੇਦਾਂਤੀ ਦਾ ਕਹਿਣਾ ਹੈ ਕਿ ਗਿਆਨੀ ਇਕਬਾਲ ਸਿੰਘ ਦੁਆਰਾ ਕੀਤੀ ਗਈ ਗਲਤੀ ਕੋਈ ਸਾਧਾਰਣ ਭੁਲ ਨਹੀ ਹੈ ਇਸ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨਾ ਬਣਦਾ ਹੈ।