ਲੁਧਿਆਣਾ/ਮੁੱਲਾਂਪੁਰ, 12 ਜਨਵਰੀ (ਮਲਕੀਤ ਸਿੰਘ)-ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਪੰਜਾਬ ਸਰਕਾਰ ਨੂੰ ਐਨ.ਆਰ.ਆਈ ਸੰਮੇਲਨਾਂ ਦੇ ਰਿਵਾਜ਼ ਤੋਂ ਅੱਗੇ ਵੱਧਣ ਲਈ ਕਿਹਾ ਹੈ, ਜਿਨ੍ਹਾਂ ਦੀਆਂ ਮੁਸ਼ਕਿਲਾਂ ਦਾ ਇਨ੍ਹਾਂ ਰਸਮਾਂ ਦੇ ਸ਼ੁਰੂ ਹੋਣ ਤੋਂ ਕਈ ਸਾਲ ਬਾਅਦ ਵੀ ਹੱਲ ਨਹੀਂ ਹੋ ਪਾਈਆਂ ਹਨ। ਇਥੇ ਜ਼ਾਰੀ ਇਕ ਬਿਆਨ ’ਚ ਤਿਵਾੜੀ ਨੇ ਕਿਹਾ ਹੈ ਕਿ ਐੱਨ. ਆਰ. ਆਈਜ਼ ਦੀਆਂ ਅਸਲੀ ਸਮੱਸਿਆਵਾਂ ਹਾਲੇ ਤੱਕ ਉਦਾਂ ਹੀ ਖੜ੍ਹੀਆਂ ਹਨ, ਜਿਨ੍ਹਾਂ ਨੂੰ ਵੱਡੇ ਪੱਧਰ ’ਤੇ ਤੰਗੀ-ਪ੍ਰੇਸ਼ਾਨੀ ਤੇ ਅੱਤਿਆਚਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਲਗਾਤਾਰ ਐੱਨ. ਆਰ. ਆਈਜ਼ ਦੀਆਂ ਸ਼ਿਕਾਇਤਾਂ ਮਿਲਣੀਆਂ ਜਾਰੀ ਹਨ ਅਤੇ ਪੰਜਾਬ ’ਚ ਵੱਸਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸਥਾਨਕ ਅਫਰਸ਼ਾਹੀ ਦੇ ਕਠੋਰ ਤੇ ਕਈ ਵਾਰ ਵਿਰੋਧੀ ਰਵੱਈਏ ਦਾ ਸਾਹਮਣਾ ਕਰਨਾ ਪੈਂਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਐਨ.ਆਰ.ਆਈ ਇਨ੍ਹਾਂ ਸੰਮੇਲਨਾਂ ’ਚ ਕਈ ਆਸਾਂ ਲੈ ਕੇ ਆਉਂਦੇ ਹਨ। ਪਰ ਉਨ੍ਹਾਂ ਦਾ ਇਹ ਸੁਫਨਾ ਉਦੋਂ ਬੁਰੀ ਤਰ੍ਹਾਂ ਚਕਨਾਚੂਰ ਹੋ ਜਾਂਦਾ ਹੈ, ਜਦੋਂ ਅੱਗਿਓਂ ਕਠੋਰ ਸੱਚਾਈ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਾਲਾਂ ਤੋਂ ਇਹ ਚੱਲਦਾ ਰਿਹਾ ਹੈ। ਲੁਧਿਆਣਾ ਲੋਕ ਸਭਾ ਹਲਕੇ ਦੀ ਅਗਵਾਈ ਕਰਨ ਵਾਲੇ ਤਿਵਾੜੀ ਨੇ ਸੂਬਾ ਸਰਕਾਰ ਨੂੰ
ਐਨ.ਆਰ.ਆਈਜ਼ ਵਾਸਤੇ ਨੀਤੀ ਬਣਾਉਣ ਨੂੰ ਕਿਹਾ ਹੈ, ਜਿਹੜੇ ਪੰਜਾਬ ਦੇ ਸਮਾਜਿਕ ਤੇ ਆਰਥਿਕ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਉਹ ਅਜਿਹੇ ਕਈ ਐਨ.ਆਰ.ਆਈਜ਼ ਨੂੰ ਮਿਲੇ ਹਨ, ਜਿਹੜੇ ਸੂਬੇ ਦੇ ਵਿਕਾਸ ’ਚ ਆਪਣਾ ਸਹਿਯੋਗ ਦੇਣਾ ਚਾਹੁੰਦੇ ਹਨ, ਪਰ ਅਫਸੋਸ ਇਸ ਗੱਲ ਦਾ ਹੈ ਕਿ ਉਨ੍ਹਾਂ ਨੂੰ ਸੂਬਾ ਸਰਕਾਰ ਦਾ ਕੋਈ ਸਹਿਯੋਗ ਨਹੀਂ ਮਿਲਦਾ। ਇਸ ਲਈ ਸਰਕਾਰ ਨੂੰ ਪਹਿਲਾਂ ਆਪਣੀ ਕਥਨੀ ਨੂੰ ਕਰਨੀ ’ਚ ਤਬਦੀਲ ਕਰਨਾ ਚਾਹੀਦਾ ਹੈ, ਝੂਠੇ ਵਾਅਦਿਆਂ ਰਾਹੀਂ ਐਨ.ਆਰ.ਆਈਜ਼ ਨਾਲ ਇਕ ਵਾਰ ਫਿਰ ਤੋਂ ਧੋਖਾ ਨਾ ਕੀਤਾ ਜਾਵੇ।