ਸ੍ਰੀ ਮੁਕਤਸਰ ਸਾਹਿਬ, 30 ਨਵੰਬਰ (ਸੁਰਿੰਦਰ ਸਿੰਘ ਚੱਠਾ) – ਕੈਦੀਆਂ ਅਤੇ ਹਵਾਲਾਤੀਆਂ ਦੇ ਅਧਿਕਾਰਾਂ ਦਾ ਵੀ ਪੂਰਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ, ਜੇਲ ਮੁਜਰਮਾਂ ਲਈ ਸੁਧਾਰ ਘਰ ਹੋਣ ਨਾ ਕਿ ਉਹਨਾਂ ਦੇ ਅਪਰਾਧਿਕ ਸਭਾਅ ਨੂੰ ਪ੍ਰਫੁਲਤ ਕਰਨ ਦਾ ਸਾਧਨ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਜਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਕਿਸ਼ੋਰ ਕੁਮਾਰ ਵਲੋਂ ਨਜਦੀਕੀ ਪਿੰਡ ਬੁੜਾ ਗੁੱਜਰ ਵਿਖੇ ਸਥਿਤ ਜੇਲ੍ਹ ਦੇ ਅਚਨਚੇਤ ਨਿਰੀਖਣ ਦੋਰਾਨ ਕੀਤਾ। ਇਸ ਮੌਕੇ ਕੈਦੀਆਂ ਅਤੇ ਹਵਾਲਾਤੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਗਈਆਂ ਅਤੇ ਇਹਨਾਂ ਦੇ ਹੱਲ ਲਈ ਜੇਲ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ। ਨਿਰੀਖਣ ਦੌਰਾਨ ਸ਼ੈਸ਼ਨ ਜੱਜ ਅਤੇ ਸੀਜੇਐਮ ਹਰਗੁਰਜੀਤ ਕੋਰ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੈਦੀਆਂ ਦੇ ਰਹਿਣ ਸਹਿਣ, ਦਿੱਤੀਆਂ ਜਾ ਰਹੀਆਂ ਮੈਡੀਕਲ ਸਹੂਲਤਾਂ, ਰਸੋਈ ਅਤੇ ਖਾਣੇ ਦੀ ਚੈਕਿੰਗ ਦੇ ਨਾਲ ਕੈਦੀਆਂ ਦੀਆਂ ਪੇਸ਼ੀਆਂ ਦੇ ਰਿਕਾਰਡ ਨੂੰ ਚੈੱਕ ਕੀਤਾ ਗਿਆ। ਇਸ ਸਮੇ ਜੱਜ ਸਾਹਿਬਾਨ ਵਲੋਂ ਕੈਦੀਆਂ ਨਾਲ ਗੱਲਬਾਤ ਕਰਦਿਆਂ ਅਦਾਲਤਾਂ ਵਿੱਚ ਚਲ ਰਹੇ ਮਾਮਲਿਆਂ ਅਤੇ ਹੋਰ ਦਰਪੇਸ਼ ਮੁਸ਼ਕਲਾਂ ਸਬੰਧੀ ਵੀ ਜਾਣਕਾਰੀ ਲਈ। ਸ੍ਰੀ ਕਿਸ਼ੋਰ ਕੁਮਾਰ ਨੇ ਜੇਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਿਮਾਰ ਕੈਦੀਆਂ ਦੇ ਇਲਾਜ ਅਤੇ ਕਾਨੂੰਨੀ ਸਹਾਇਤਾ ਵਿੱਚ ਬਿਲਕੁਲ ਵੀ ਢਿੱਲ ਨਾ ਕੀਤੀ ਜਾਵੇ। ਉਹਨਾਂ ਕੈਦੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਲ ਅੰਦਰ ਨਿਯਮਾ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਸਜਾ ਉਪਰੰਤ ਸਮਾਜ ਵਿੱਚ ਚੰਗੇ ਨਾਗਰਿਕ ਦੇ ਤੌਰ ਤੇ ਵਿਚਰਨ।
ਸੀਜੇਐਮ ਹਰਗੁਰਜੀਤ ਕੋਰ ਵਲੋਂ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਚਾਹਵਾਨ ਕੈਦੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਲਈ ਅਰਜੀਆਂ ਪ੍ਰਾਪਤ ਕਰਨ ਦੇ ਨਾਲ ਉਹਨਾਂ ਦੀ ਸਜਾ ਨਾਲ ਸਬੰਧਤ ਰਿਕਾਰਡ ਦੀ ਜਾਂਚ ਵੀ ਕੀਤੀ। ਇਸ ਸਮੇ ਜੇਲ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਦੇ ਇਲਾਵਾ ਜੇਲ੍ਹ ਸਟਾਫ ਵੀ ਹਾਜਿਰ ਸੀ।
ਸੈਸ਼ਨ ਜੱਜ ਵੱਲੋਂ ਜੇਲ੍ਹ ਦਾ ਅਚਨਚੇਤ ਨਿਰੀਖਣ



