June 26, 2026 1:17 am

ਬੁਢਲਾਡਾ ਪਿੰਡ ਦੀ ਅਧਿਸੂਚਨਾ ਵਾਪਿਸ ਕਰਨ ਲਈ ਸਰਕਾਰ ਖਿਲਾਫ ਨਾਅਰੇਬਾਜੀ

image ਬੁਢਲਾਡਾ, 11 ਜਨਵਰੀ (ਅਰਵਿੰਦ ਗਰਗ)-ਪੰਜਾਬ ਸਰਕਾਰ ਵੱਲੋਂ ਪਿੰਡ ਬੁਢਲਾਡਾ ਨੂੰ ਨਗਰ ਕੌਂਸਲ ਵਿੱਚ ਸ਼ਾਮਿਲ ਕਰਨ ਦੀ ਅਧਿਸੂਚਨਾ ਦਾ ਸਖਤ ਵਿਰੋਧ ਕਰਦਿਆਂ ਅੱਜ ਪਿੰਡ ਬੁਢਲਾਡਾ ਵਿੱਚ ਪਿੰਡ ਦੇ ਸਮੂਹ ਲੋਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਪਿੰਡ ਬੁਢਲਾਡਾ ਦੇ ਰਲੇਵੇ ਦੀ ਅਧਿਸੂਚਨਾ ਵਾਪਿਸ ਕਰਨ ਦੀ ਮੰਗ ਕੀਤੀ ਗਈ ਅਤੇ 16 ਜਨਵਰੀ ਤੱਕ ਸਰਕਾਰ ਨੂੰ ਨੋਟਿਸ ਦਿੰਦਿਆਂ ਐਲਾਨ ਕੀਤਾ ਗਿਆ ਕਿ ਇਸ ਤੋਂ ਬਾਅਦ ਪਿੰਡ ਵਿੱਚ ਦਾਖਲ ਹੋਣ ਵਾਲੇ ਸਰਕਾਰ ਦੇ ਮੰਤਰੀ ਅਤੇ ਅਧਿਕਾਰੀ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ। ਅੱਜ ਵਿਸ਼ਾਲ ਰੋਸ ਮੁਜਾਹਰੇ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਯਾਦਗਾਰੀ ਮੰਚ ਦੇ ਆਗੂ ਬਬਲੀ ਅਟਵਾਲ, ਬਸਪਾ ਦੇ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ

ਬੱਗਾ, ਪੰਚਾਇਤ ਮੈਂਬਰ ਭੂਸ਼ਨ ਵਰਮਾ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਤੀਰਥ ਸਿੰਘ ਸਵੀਟੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿੰਡ ਬੁਢਲਾਡਾ ਨੂੰ ਮੰਡੀ ਵਿੱਚ ਸ਼ਾਮਿਲ ਕਰਕੇ ਪਿੰਡ ਦੇ ਲੋਕਾਂ ’ਤੇ ਟੈਕਸਾਂ ਦਾ ਵਾਧੂ ਬੋਝ ਲੱਦ ਦਿੱਤਾ ਹੈ ਜਦੋਂਕਿ ਵਿਕਾਸ ਪੱਖੋਂ ਪਿਛਲੇ 10 ਸਾਲਾਂ ਤੋਂ ਪਿੰਡ ਦੇ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਨੂੰ ਮੰਡੀ ਵਿੱਚ ਸ਼ਾਮਿਲ ਕਰਕੇ ਬੁਨਿਆਦੀ ਸਹੂਲਤਾਂ ਦੇਣ ਵਿੱਚ ਅਸਫਲ ਨਗਰ ਕੌਂਸਲ ਬੁਢਲਾਡਾ ਵੱਲੋਂ ਪਿੰਡ ਦਾ ਸੁਧਾਰ ਕਰਨ ਦੀ ਬਜਾਏ ਨਕਸ਼ਾ ਟੈਕਸ, ਪ੍ਰਾਪਰਟੀ ਟੈਕਸ, ਪੀਣ ਵਾਲੇ ਪਾਣੀ ਦੇ ਬਿੱਲ ਆਦਿ ਦੀ ਵਸੂਲੀ ਲਈ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਦੇ ਖਿਲਾਫ ਸਮੁੱਚਾ ਪਿੰਡ ਇੱਕ ਮੰਚ ’ਤੇ ਇਕੱਠੇ ਹੋ ਕੇ ਸੰਘਰਸ਼ ਕਰਨ ਲਈ ਪਿਛੇ ਨਹੀਂ ਹਟੇਗਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਮੁਖਤਿਆਰ ਸਿੰਘ ਬਿਰਕ, ਹਰਦੀਪ ਸਿੰਘ ਸਿੱਧੂ, ਸੁਖਪਾਲ ਸਿੰਘ ਸਿੱਧੂ, ਮਾਲੀ ਰਾਮ, ਅਜੀਤ ਸਿੰਘ, ਸੁੱਖੀ ਪ੍ਰਧਾਨ, ਸ਼ੇਰ ਸਿੰਘ ਆਦਿ ਨੇ ਵੀ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਿਆਂ ਕੀਤੀ।

Send this to a friend