June 25, 2026 11:49 pm

ਬਾਦਲ ਵੱਲੋਂ ਪੰਜਾਬ ਨੂੰ ਆਪਣੇ ਸੁਪਨਿਆਂ ਦੀ ਧਰਤੀ ਬਣਾਉਣ ਲਈ ਪਰਵਾਸੀ ਪੰਜਾਬੀਆਂ ਨੂੰ ਸੱਦਾ

  • ਪਰਵਾਸੀ ਪੰਜਾਬੀਆਂ ਦੀਆਂ ਆਸਾਂ ’ਤੇ ਖਰੇ ਉਤਰਨ ਲਈ ਸੁਖਬੀਰ ਤੇ ਮਜੀਠੀਆ ਨੂੰ ਥਾਪੜਾ
  • ਸੁਖਬੀਰ ਵੱਲੋਂ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਦੀ ਤਰੱਕੀ ਵਿੱਚ ਭਾਈਵਾਲ ਬਣਨ ਦਾ ਸੱਦਾ
  • ਮਜੀਠੀਆ ਵੱਲੋਂ ਵਿਦੇਸ਼ਾਂ ਵਿੱਚ ਸਿੱਖਾਂ ਦੀ ਪਛਾਣ ਬਾਰੇ ਜਾਗਰੂਕਤਾ ਮੁਹਿੰਮ ਵਿੱਢਣ ਦਾ ਸੱਦਾ

image ਸ੍ਰੀ ਅਨੰਦਪੁਰ ਸਾਹਿਬ, 10 ਜਨਵਰੀ (ਦਵਿੰਦਰਪਾਲ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਦੁਨੀਆਂ ਭਰ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ‘ਅਸੀਮ ਪੰਜਾਬੀ ਸ਼ਕਤੀ’ ਨੂੰ ਇਕੱਠਾ ਕਰਕੇ ਪੰਜਾਬ ਨੂੰ ਵਿਸ਼ਵ ਦਾ ਬਿਹਤਰੀਨ ਖਿੱਤਾ ਬਣਾਉਣ ਲਈ ਹੰਭਲਾ ਮਾਰਨ। ਇੱਥੋਂ ਦੇ ਵਿਰਾਸਤ-ਏ-ਖਾਲਸਾ ਦੇ ਆਡੀਟੋਰੀਅਮ ਵਿੱਚ ਪਰਵਾਸੀ ਪੰਜਾਬੀ ਸੰਮੇਲਨ-2014 ਦੇ ਪਹਿਲੇ ਦਿਨ ਹੋਏ ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਜੇ ਸਮੂਹ ਪੰਜਾਬ ਵਾਸੀ, ਸੂਬਾ ਸਰਕਾਰ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਸਾਂਝੇ ਤੌਰ ’ਤੇ ਯਤਨ ਕਰਨ ਤਾਂ ਕੋਈ ਕਾਰਨ ਨਹੀਂ ਕਿ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਨਾ ਪਹੁੰਚਾਇਆ ਜਾ ਸਕੇ। ਉਨ੍ਹਾਂ ਨੇ ਵਿਦੇਸ਼ਾਂ ਤੋਂ ਆਏ ਡੈਲੀਗੇਟਾਂ ਨੂੰ ਮੁਖ਼ਾਤਬ ਹੁੰਦਿਆਂ ਆਖਿਆ ਕਿ ਉਨ੍ਹਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਆਪਣੀ ਮਾਤ-ਭੂਮੀ ਦੀ ਤਰੱਕੀ ਅਤੇ ਇੱਥੋਂ ਦੇ ਲੋਕਾਂ ਖਾਸ ਕਰਕੇ ਪਛੜੇ ਵਰਗਾਂ ਦੀ ਬਿਹਤਰੀ ਲਈ ਆਪਣਾ ਬਣਦਾ ਯੋਗਦਾਨ ਪਾਉਣ। ਵਿਦੇਸ਼ੀ ਪੰਜਾਬੀਆਂ ਵੱਲੋਂ ਹੱਡਭੰਨਵੀਂ ਮਿਹਨਤ ਰਾਹੀਂ ਕੀਤੀ ਲਾਮਿਸਾਲ ਤਰੱਕੀ ਦੀ ਸ਼ਲਾਘਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਿਰਫ਼ ਪੂੰਜੀਕਾਰੀ ਰਾਹੀਂ ਹੀ ਨਹੀਂ ਸਗੋਂ ਉਹ ਨਵੇਂ ਗਿਆਨ, ਤਕਨਾਲੋਜੀ ਅਤੇ ਤਜਰਬੇ ਰਾਹੀਂ ਵੀ

ਪੰਜਾਬ ਦੀ ਤਰੱਕੀ ਵਿੱਚ ਹਿੱਸਾ ਪਾ ਸਕਦੇ ਹਨ। ਡੈਲੀਗੇਟਾਂ ਵੱਲੋਂ ਆਏ ਸੁਝਾਵਾਂ ਪ੍ਰਤੀ ਹੁੰਗਾਰਾ ਭਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇੰਟਰਨੈਸ਼ਨਲ ਪੰਜਾਬੀ ਚੈਂਬਰ ਆਫ਼ ਕਾਮਰਸ ਦੀ ਸਥਾਪਨਾ ਲਈ ਤੁਰੰਤ ਯਤਨ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਨੇ ਇਸ ਚੈਂਬਰ ਨੂੰ ਕਾਇਮ ਕਰਕੇ ਵੱਖ-ਵੱਖ ਮੁਲਕਾਂ ਵਿੱਚ ਇਸ ਦੇ ਦਫ਼ਤਰ ਖੋਲ੍ਹਣ ਲਈ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਢੁਕਵੀਂ ਕਾਰਵਾਈ ਸ਼ੁਰੂ ਕਰਨ ਲਈ ਆਖਿਆ ਤਾਂ ਕਿ ਪਰਵਾਸੀ ਪੰਜਾਬੀਆਂ ਦੀ ਲਿਆਕਤ, ਤਜਰਬੇ ਅਤੇ ਸਾਧਨਾਂ ਦਾ ਪੰਜਾਬ ਦੀ ਤਰੱਕੀ ਲਈ ਲਾਹਾ ਲਿਆ ਜਾ ਸਕੇ।
ਸ. ਬਾਦਲ ਨੇ ਇਸ ਮੌਕੇ ਪਰਵਾਸੀ ਪੰਜਾਬੀਆਂ ਨਾਲ ਪਿਛਲੇ ਸੰਮੇਲਨ ਦੌਰਾਨ ਕੀਤੇ ਵਾਅਦਿਆਂ ਦੀ ਪੂਰਤੀ, ਉਨ੍ਹਾਂ ਦੀਆਂ ਆਸਾਂ ਤੇ ਉਮੰਗਾਂ ’ਤੇ ਪੂਰਾ ਉਤਰਨ ਅਤੇ ਉਨ੍ਹਾਂ ਦਾ ਵਿਸ਼ਵਾਸ ਜਿੱਤਣ ਲਈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪਰਵਾਸੀ ਮਾਮਲਿਆਂ ਦੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਭਰਵੀਂ ਸ਼ਲਾਘਾ ਕੀਤੀ।
ਸੰਮੇਲਨ ਨੂੰ ਸੰਬਧੋਨ ਕਰਦੇ ਹੋਏ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਪੰਜਾਬ ਦੇ ਸੱਚੇ ਦੂਤ ਹਨ ਤੇ ਉਨ੍ਹਾਂ ਆਪਣੀ ਕਰੜੀ ਮਿਹਨਤ ਨਾਲ ਦੂਜੇ ਦੇਸ਼ਾਂ ਦੀ ਤਰੱਕੀ ਵਿਚ ਮੋਹਰੀ ਰੋਲ ਨਿਭਾਉਣ ਦੇ ਨਾਲ-ਨਾਲ ਪੰਜਾਬ ਦਾ ਨਾਂ ਦੁਨੀਆਂ ਭਰ ਵਿਚ ਚਮਕਾਇਆ ਹੈ। ਪੰਜਾਬ ਦੀ ਤਰੱਕੀ ਤੇ ਮਾਲੀ ਸਥਿਤੀ ਬਾਰੇ ਇਕ ਵਿਸਥਾਰਤ ਪੇਸ਼ਕਾਰੀ ਰਾਹੀਂ ਪਰਵਾਸੀ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ, ‘ਅਸ੍ਯੀਂ ਸੂਬੇ ਦੀਆਂ ਕਮਜ਼ੋਰੀਆਂ ਤੇ ਤਾਕਤਾਂ ਨੂੰ ਧਿਆਨ ਵਿਚ ਰੱਖਦਿਆਂ ਜਿਹੜੇ ਨਿਸ਼ਾਨੇ ਮਿੱਥੇ ਸਨ, ਉਨ੍ਹਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ’।  ‘ਮਿਸ਼ਨ ਪੰਜਾਬ’ ਬਾਰੇ ਬੋਲਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਦੌਰਾਨ ਸਾਰਾ ਸਰਕਾਰੀ ਕੰਮਕਾਜ ‘ਪੇਪਰ ਰਹਿਤ’ ਕਰਨ ਦੇ ਮਿੱਥੇ ਗਏ ਟੀਚੇ ਦੀ ਸ਼ੁਰੂਆਤ ਕਪੂਰਥਲਾ ਤੇ ਨਵਾਂਸ਼ਹਿਰ ਜ਼ਿਲ੍ਹਿਆਂ ਤੋਂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਤੇ ਪ੍ਰਸ਼ਾਸਕੀ ਸੁਧਾਰਾਂ ਦਾ ਕੰਮ ਵੀ ਪੂਰਾ ਹੋ ਚੁੱਕਾ ਹੈ।  ਸੂਬੇ ਦੀ ਵਿੱਤੀ ਸਿਹਤ ਬਾਰੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਪੰਜਾਬ ਨੂੰ ਬਦਨਾਮ ਕਰਨ ਲਈ ਕਾਂਗਰਸ ’ਤੇ ਵਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਕੋਲ ਦੇਸ਼ ਦਾ ਕੇਵਲ 2.5 ਫੀਸਦਗੀ ਖੇਤਰ ਹੈ ਪਰ ਦੇਸ਼ ਦੇ ਕੁੱਲ ਘਰੇਲੂ ਉਤਪਾਦ ਵਿਚ ਪੰਜਾਬ ਦਾ ਹਿੱਸਾ 3.23 ਫੀਸਦੀ ਹੈ।
ਸੂਬੇ ਸਿਰ ਕਰਜ਼ੇ ਬਾਰੇ ਪਰਵਾਸੀ ਪੰਜਾਬੀਆਂ ਨੂੰ ਜਾਣਕਾਰੀ ਦਿੰਦਿਆਂ ਉਪ ਮੁੱਖ ਮੰਤਰੀ ਨੇ ਦੱਸਿਆ ਕਿ ਸਾਲ 2006 ਵਿਚ ਕਾਂਗਰਸ ਸਰਕਾਰ ਵੇਲੇ  ਰਾਜ ਸਿਰ ਕਰਜ਼ਾ ਕੁੱਲ ਘਰੇਲੂ ਉਤਪਾਦ ਦਾ 47 ਫੀਸਦੀ ਸੀ ਜੋ ਕਿ 2013-14 ਦੌਰਾਨ ਘਟ ਕੇ 32 ਫੀਸਦੀ ਰਹਿ ਗਿਆ ਹੈ, ਜਦਕਿ ਦੂਜੇ ਪਾਸੇ ਕੇਂਦਰ ਸਰਕਾਰ ਦੇ ਮਾਮਲੇ ਵਿਚ ਇਹ 68 ਫੀਸਦੀ ਹੈ।   ਉਨ੍ਹਾਂ ਕਿਹਾ ਕਿ ਅਗਲੇ 3 ਸਾਲਾਂ ਦੌਰਾਨ ਇਹ ਹਿੱਸਾ 20 ਫੀਸਦੀ ਤੋਂ ਹੇਠਾਂ ਲਿਆਂਦਾ ਜਾਵੇਗਾ। ਉਪ ਮੁੱਖ ਮੰਤਰੀ ਨੇ ਨਾਲ ਹੀ ਐਲਾਨ ਕੀਤਾ ਕਿ ਸਿੱਖੀ ਦੇ ਧੁਰੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਨੂੰ 2000 ਕਰੋੜ ਰੁਪਏ ਖਰਚ ਕਰਕੇ ਬਿਲਕੁਲ ਨਵੀਂ ਦਿੱਖ ਦਿੱਤੀ ਜਾਵੇਗੀ। ਪਿਛਲੇ ਐਨ.ਆਰ.ਆਈ. ਸੰਮੇਲਨ ਦੌਰਾਨ ਪਰਵਾਸੀ ਪੰਜਾਬੀਆਂ ਵਲੋਂ ਉਠਾਈਆਂ ਗਈਆਂ ਸਮੱਸਿਆਵਾਂ ਬਾਰੇ ਸ. ਬਾਦਲ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਬਹੁਤੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰਵਾਸੀਆਂ ਲਈ ਨਵਾਂ ਵੈਬ ਪੋਰਟਲ ਸ਼ੁਰੂ ਕਰਨ ਦੇ ਨਾਲ-ਨਾਲ, ਧੋਖੇਬਾਜ਼ ਲਾੜਿਆਂ ਨੂੰ ਨੱਥ੍ਹ ਪਾਉਣ ਲਈ ਕੰਪਲਸਰੀ ਮੈਰਿਜ਼ ਰਜਿਸਟ੍ਰੇਸ਼ਨ ਐਕਟ ਤੇ ਮਾਲਟਾ ਕਾਂਡ ਜਿਹੇ ਹਾਦਸਿਆਂ ਨੂੰ ਰੋਕਣ ਲਈ ਮਨੁੱਖੀ ਤਸਕਰੀ ਵਿਰੋਧੀ ਕਾਨੂੰਨ ਪਾਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਕੂਲਾਂ ’ਚ ਰਾਖਵੇਂਕਰਨ, ਪੁੱਡਾ, ਗਲਾਡਾ ਆਦਿ ਦੀਆਂ ਕਾਲੋਨੀਆਂ ਵਿਚ 10 ਫੀਸਦੀ ਪਲਾਟ ਰਾਖਵੇਂ ਕਰਨ ਆਦਿ ਜਿਹੇ ਕਦਮ ਵੀ ਚੁੱਕੇ ਗਏ ਹਨ। ਪਰਵਾਸੀ ਪੰਜਾਬੀਆਂ ਦੇ ਸਿਵਲ ਕੇਸਾਂ ਦੀ ਸੁਣਵਾਈ ਲਈ ਜਲੰਧਰ ਵਿਖੇ ਵਿਸ਼ੇਸ਼ ਐਨ.ਆਰ.ਆਈ. ਅਦਾਲਤ ਦੀ ਸਥਾਪਨਾ ਨੂੰ ਪੰਜਾਬ ਦੇ ਹਰਿਆਣਾ ਹਾਈਕੋਰਟ ਵਲੋਂ ਮਨਜ਼ੂਰੀ ਮਿਲਣ ਪਿੱਛੋਂ ਸ. ਬਾਦਲ ਨੇ ਐਲਾਨ ਕੀਤਾ ਕਿ 3 ਹੋਰ ਅਜਿਹੀਆਂ ਅਦਾਲਤਾਂ ਸਥਾਪਿਤ ਕੀਤੀਆਂ ਜਾਣਗੀਆਂ।
ਪਰਵਾਸੀ ਪੰਜਾਬੀਆਂ ਨੂੰ ਪੰਜਾਬ ਦੀ ਤਰੱਕੀ ਵਿਚ ਵੱਡੇ ਭਾਈਵਾਲ ਬਣਨ ਦਾ ਸੱਦਾ ਦਿੰਦਿਆਂ ਸ. ਬਾਦਲ ਨੇ ਕਿਹਾ ਕਿ  ਉਹ ਸੂਬੇ ਵਿਚ ਨਿਵੇਸ਼ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਲਈ ਮੋਹਰੀ ਰੋਲ ਅਦਾ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਨਿਵੇਸ਼ ਲਈ ਦੇਸ਼ ਦਾ ਸਭ ਤੋਂ ਪੰਸਦੀਦਾ ਸੂਬਾ ਬਣ ਗਿਆ ਹੈ ਤੇ ਅਗਲੇ 3 ਸਾਲਾਂ ਦੌਰਾਨ ਪੰਜਾਬ ਦਾ ਮੂੰਹ ਮੁਹਾਂਦਰਾ ਬਦਲ ਜਾਵੇਗਾ।
ਇਸ ਤੋਂ ਪਹਿਲਾਂ ਪੰਜਾਬ ਦੇ ਮਾਲ ਤੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ’ਤੇ  ਸਾਰੇ ਪਰਵਾਸੀਅ੍ਯਾਂ ਨੂੰ ਖੁਸ਼ਆਮਦੀਦ ਕਹਿੰਦਿਆਂ ਕਿਹਾ ਕਿ ਉਹ ਇਸ ਗੱਲੋਂ ਸੰਤੁਸ਼ਟ ਹਨ ਕਿ ਸਾਲ 2013 ਦੇ ਸੰਮੇਲਨ ਦੌਰਾਨ ਕੀਤੇ ਗਏ ਵਾਅਦਿਆਂ ਵਿਚੋਂ ਜ਼ਿਆਦਾਤਰ ਪੂਰੇ ਹੋ ਚੁੱਕੇ ਹਨ। ਵਿਦੇਸ਼ਾਂ ਵਿਚ ਪੰਜਾਬੀਆਂ ’ਤੇ ਗਲਤ ਪਛਾਣ ਕਾਰਨ ਹੋ ਰਹੇ ਹਮਲਿਆਂ ਉਪਰ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਬਾਰੇ ਵਿਦੇਸ਼ੀ ਮੁਲਕਾਂ ਦੇ ਮੂਲ ਵਾਸੀਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਹੋਏ ਨਿਵੇਸ਼ਕ ਸੰਮੇਲਨ ਨਾਲ ਪੰਜਾਬ, ਨਿਵੇਸ਼ਕਾਂ ਦੇ ਏਜੰਡੇ ’ਤੇ ਆ ਗਿਆ ਹੈ, ਜਿਸ ਦੇ ਨਤੀਜੇ ਜਲਦ ਸਾਹਮਣੇ ਆਉਣਗੇ। ਪਰਵਾਸੀ ਪੰਜਾਬੀਆਂ ਦੀ ਮਿਹਨਤ ਤੇ ਸਿਰੜ ਨੂੰ ਮਹਾਨ ਗੀਤਕਾਰ ਸ੍ਰੀ ਬਾਬੂ ਸਿੰਘ ਮਾਨ ਵੱਲੋਂ ਲਿਖੀਆਂ ਸਤਰਾਂ ਨਾਲ ਸਿਜਦਾ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਪਰਵਾਸੀ ਪੰਜਾਬੀਆਂ ਲਈ ਚੁੱਕੇ ਕਦਮਾਂ ਨਾਲ ਸਾਰੇ ਦੇਸ਼ ਲਈ ਰਾਹ ਦਸੇਰਾ ਬਣ ਗਿਆ ਹੈ।
ਇਸ ਮੌਕੇ ਕੈਨੇਡਾ ਦੇ ਬਹੁ-ਸੱਭਿਆਚਾਰ ਮਾਮਲਿਆਂ ਦੇ ਮੰਤਰੀ ਟਿੰਮ ਉ¤ਪਲ ਤੇ ਖੇਡ ਰਾਜ ਮੰਤਰੀ ਬੱਲ ਗੋਸਲ, ਨਿਊਜ਼ੀਲੈਂਡ ਦੇ ਸੰਸਦ ਮੈਂਬਰ ਕੰਵਲਜੀਤ ਸਿੰਘ ਬਖਸ਼ੀ, ਪਾਕਿਸਤਾਨੀ ਪੰਜਾਬ ਦੇ ਵਿਧਾਇਕ ਰਮੇਸ਼ ਸਿੰਘ ਅਰੋੜਾ, ਕੈਨੇਡਾ ਦੇ ਸਾਬਕਾ ਸੰਸਦ ਮੈਂਬਰ ਹਰਿੰਦਰ ਸਿੰਘ ਤੱਖਰ, ਮਲੇਸ਼ੀਅਨ ਰਾਸ਼ਟਰਪਤੀ ਦੇ ਸਲਾਹਕਾਰ ਦਲਜੀਤ ਸਿੰਘ ਧਾਲੀਵਾਲ, ਲਾਰਡ ਦਲਜੀਤ ਸਿੰਘ ਰਾਣਾ, ਰਜਨੀ ਪਟੇਲ ਯੂ.ਕੇ. , ਕੈਨੇਡਾ ਦੇ ਸਾਬਕਾ ਮੰਤਰੀ ਗੁਰਬਖਸ਼ ਸਿੰਘ ਮੱਲ੍ਹੀ ਨੇ ਵੀ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਤਰੱਕੀ ਤੇ ਵਿਸ਼ੇਸ਼ ਕਰਕੇ ਪਰਵਾਸੀ ਪੰਜਾਬੀਆਂ ਲਈ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ , ਰਾਜ ਸਭਾ ਮੈਂਬਰ ਸ., ਸੁਖਦੇਵ ਸਿੰਘ ਢੀਂਡਸਾ ਤੇ ਸ. ਬਲਵਿੰਦਰ ਸਿੰਘ ਭੂੰਦੜ, ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ, ਸੁਰਜੀਤ ਸਿੰਘ ਰੱਖੜਾ, ਸਰਵਣ ਸਿੰਘ ਫਿਲੌਰ, ਸ਼ਰਨਜੀਤ ਸਿੰਘ ਢਿੱਲੋਂ, ਪਰਮਿੰਦਰ ਸਿੰਘ ਢੀਂਡਸਾ ਤੇ ਵਿਧਾਇਕ ਵੀ ਹਾਜ਼ਰ ਸਨ।

Send this to a friend