ਸੀਨੀਅਰ ਯੂਥ ਅਕਾਲੀ ਆਗੂਆਂ ਵੱਲੋਂ ਬਾਜਵਾ ਦੇ ਭੋਲਾ ਨਾਲ ਸੰਬੰਧਾਂ ਦੀ ਜਾਂਚ ਦੀ ਮੰਗ
ਚੰਡੀਗੜ੍ਹ, 10 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਵਲੋਂ ਨੌਜਵਾਨਾਂ ਦੇ ਮਸੀਹਾ ਅਤੇ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੇ ਦੇ ਹੱਕ ਵਿੱਚ ਨਿਤਰਣ ਨਾਲ ਉਨ੍ਹਾਂ ਦੇ ਨਿੰਦਕ ਪਿਛਲ ਪੈਰੀਂ ਭੱਜ ਤੁਰੇ ਹਨ। ਯੂਥ ਅਕਾਲੀ ਦਲ ਦੀ ਸਰਗਮੀ ਨਾਲ ਕਾਂਗਰਸੀ ਅਤੇ ਉਨ੍ਹਾਂ ਦੇ ਹੋਰ ਹਮਾਇਤੀਆਂ ਨੂੰ ਹੁਣ ਕੋਈ ਰਾਹ ਨਹੀਂ ਲੱਭ ਰਿਹਾ। ਯੂਥ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਅੱਜ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਸ੍ਰੀ ਪ੍ਰਤਾਪ ਸਿੰਘ ਬਾਜਵਾ ਅਤੇ ਨਸ਼ਿਆਂ ਦੇ ਸੌਦਾਗਰ ਜਗਦੀਸ਼ ਭੋਲਾ ਦਰਮਿਆਨ ਸੰਬੰਧਾਂ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਜਾਣ। ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸ.ਬਲਜੀਤ ਸਿੰਘ ਨੀਲਾਮਹਿਲ, ਸ. ਪਰਬੰਸ ਸਿੰਘ ਰੋਮਾਣਾ, ਸ. ਰਵੀਕਰਨ ਸਿੰਘ ਕਾਹਲੋਂ, ਸ. ਬਰਜਿੰਦਰ ਸਿੰਘ ਬਰਾੜ, ਸ. ਜੋਧ ਸਿੰਘ ਸਮਰਾ ਤੇ ਸ. ਇਕਬਾਲ ਸੰਧ ਨੇ ਜ਼ੋਰ ਦੇ ਕੇ ਆਖਿਆ ਕਿ ਪ੍ਰਦੇਸ਼ ਕਾਂਗਰਸ ਦੇ ਮੁਖੀ ਨੇ ਨਸ਼ਿਆਂ ਦੇ ਸੌਦਾਗਰ ਨੂੰ ਸਿਆਸੀ ਸਰਪ੍ਰਸਤੀ ਉਪਲਬਧ ਕਰਵਾਉਣ ਲਈ ਸਾਜ਼ਿਸ਼ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਵਿਵਸਥਾ ਵਾਲੀ ਸਿਆਸੀ ਸ਼ਤਰੰਜ ਕੇਵਲ ਭੋਲਾ ਨੂੰ ਰਾਹਤ ਦੁਆਉਣ ਦਾ ਇਕ ਯਤਨ ਹੈ। ਯੂਥ ਆਗੂਆਂ ਨੇ ਕਿਹਾ ਕਿ ਕਾਂਗਰਸ ਸੂਬੇ ਵਿਚ
ਨਸ਼ਿਆਂ ਦੇ ਖਿਲਾਫ ਛੇੜੀ ਗਈ ਜੰਗ ਦੇ ਖਿਲਾਫ ਸਮਾਂਤਰ ਜੰਗ ਛੇੜ ਰਹੀ ਹੈ। ਇਸ ਜੰਗ ਵਿਚ ਸੂਬੇ ਦੇ ਲੋਕ ਅਤੇ ਪੰਜਾਬ ਸਰਕਾਰ ਇਕ ਪਾਸੇ ਹੈ ਜਦਕਿ ਨਸ਼ਿਆਂ ਦੇ ਸੌਦਾਗਰ, ਉਨ੍ਹਾਂ ਦੇ ਬੁਲਾਰੇ ਤੇ ਹਮਦਰਦ ਦੂਜੇ ਪਾਸੇ ਹਨ। ਬਾਜਵਾ ਤੇ ਉਨ੍ਹਾਂ ਦੀ ਪਾਰਟੀ ਦੇ ਮੂੰਹਪਾੜ ਬੁਲਾਰੇ ਤੇ ਹੋਰ ਅਖੌਤੀ ਜਰਨੈਲ ਇਸ ਜੰਗ ਖਿਲਾਫ ਜੰਗ ਵਿਚ ਸ਼ਾਮਲ ਹਨ। ਸੂਬੇ ਦੇ ਲੋਕਾਂ ਲਈ ਨਸ਼ਿਆਂ ਦੇ ਸੌਦਾਗਰਾਂ ਖਿਲਾਫ ਇਹ ਜੰਗ ਜਿੱਤਣੀ ਬਹੁਤ ਜ਼ਰੂਰੀ ਹੈ।
ਯੂਥ ਆਗੂਆਂ ਨੇ ਕਿਹਾ ਕਿ ਬਾਜਵਾ ਆਪਣੇ ਟੱਟੂ ਭੋਲਾ ਨੂੰ ਬਚਾਉਣ ਦੀ ਸਾਜ਼ਿਸ਼ ਰਚਦਿਆਂ ਇਹ ਕੇਸ ਆਪਣੀ ਹੀ ਪਾਰਟੀ ਦੀ ਸਰਕਾਰ ਦੇ ਇਸ਼ਾਰੇ ’ਤੇ ਕੰਮ ਕਰਦੀ ਸੀ ਬੀ ਆਈ ਵਰਗੀ ਦਿੱਲੀ ਦੀ ਏਜੰਸੀ ਨੂੰ ਸੌਂਪਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਸ੍ਰੀ ਬਾਜਵਾ ਨੂੰ ਭੋਲਾ ਤੇ ਸਾਥੀਆਂ ਨੂੰ ਬਚਾਉਣ ਲਈ ਇਹੋ ਇਕੋ ਇਕ ਰਾਹ ਦਿਸ ਰਿਹਾ ਹੈ ਜਿਸ ਸਦਕਾ ਉਹ ਆਪਣੇ ਗੁਨਾਹਾਂ ਦੇ ਬੇਪਰਦ ਹੋਣ ਨੂੰ ਰੋਕਣਾ ਚਾਹੁੰਦੇ ਹਨ।
ਯੂਥ ਆਗੂਆਂ ਨੇ ਕਿਹਾ ਕਿ ਨਸ਼ਿਆਂ ਦੇ ਸੌਦਾਗਰਾਂ ਦੀ ਗ੍ਰਿਫਤਾਰੀ ਅਤੇ ਕਾਂਗਰਸ ਪ੍ਰਧਾਨ ਵੱਲੋਂ ਉਹਨਾਂ ਨੂੰ ਮਿਲ ਰਹੀ ਹਮਾਇਤ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਸਮਾਂ ਪਹਿਲਾਂ ਲਿਖੇ ਪੱਤਰ ਦੇ ਮਾਮਲੇ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੱਤਰ ਵਿਚ ਲਿਖਿਆ ਸੀ ਕਿ ਬਾਜਵਾ ਦੇ ਡਰੱਗ ਮਾਫੀਆ ਨਾਲ ਸੰਬੰਧਾਂ ਦੇ ਸਬੂਤ ਮੌਜੂਦ ਹਨ। ਉਹਨਾਂ ਕਿਹਾ ਕਿ ਬਾਜਵਾ ਹੁਣ ਇਹਨਾਂ ਅਪਰਾਧੀ ਸੰਬੰਧਾਂ ਦੀ ਵਰਤੋਂ ਕਰਨਾ ਚਾਹੁੰਦੇ ਹਨ ਜਿਸ ਕਾਰਨ ਅਕਾਲੀ ਦਲ ਤੇ ਭਾਜਪਾ ਸਰਕਾਰ ਤੇ ਇਸਦੇ ਮੰਤਰੀਆਂ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ।
ਇਨ੍ਹਾਂ ਆਗੂਆਂ ਜਿਹਨਾਂ ਵਿਚ ਨੀਲਾਮਹਿਲ, ਰੋਮਾਣਾ ਤੇ ਕਾਹਲੋਂ ਸ਼ਾਮਿਲ ਹਨ, ਨੇ ਕਿਹਾ ਕਿ ਭੋਲਾ ਅਸਲ ਵਿਚ ਇਕ ਛੋਟੀ ਮੱਛੀ ਹੈ ਜੋ ਆਪਣੇ ਅਸਲ ਆਕਾ ਬਾਜਵਾ ਦੇ ਇਸ਼ਾਰਿਆਂ ’ਤੇ ਕੰਮ ਕਰ ਰਿਹਾ ਹੈ ਅਤੇ ਵੱਡੇ ਸਿਆਸੀ ਨੇਤਾਵਾਂ ਦੇ ਨਾਂ ਲੈ ਕੇ ਜਾਂਚ ਨੂੰ ਭੰਬਲਭੂਸੇ ਵਿਚ ਪਾਉਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਭੋਲਾ ਦੀ ਗ੍ਰਿਫਤਾਰੀ ਨਾਲ ਬਾਜਵਾ ਨੂੰ ਇਹ ਡਰ ਪੈਦਾ ਹੋ ਗਿਆ ਹੈ ਕਿ ਕਿਤੇ ਉਹਨਾਂ ਦਾ ਪਾਜ਼ ਹੀ ਨਾ ਖੁਲ੍ਹ ਜਾਵੇ, ਇਸੇ ਲਈ ਉਹ ਆਪਣੇ ਟੱਟੂ ਨੂੰ ਬਚਾਉਣ ਵਾਸਤੇ ਤਰਲੋ ਮੱਛੀ ਹੋ ਰਹੇ ਹਨ। ਉਹਨਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਸਾਰੀ ਸਾਜ਼ਿਸ਼ ਹੀ ਇਹਨਾਂ ਦੋਵਾਂ ਦੇ ਸੰਬੰਧਾਂ ਦੀ ਉਪਜ ਜਾਪਦੀ ਹੈ ਕਿਉਂਕਿ ਸ੍ਰੀ ਮਜੀਠੀਆ ਨੇ ਨੇ ਹੀ ਪੰਜਾਬ ਵਿਧਾਨ ਸਭਾ ਵਿਚ ਬਾਜਵਾ ਦੇ ਜ਼ਮੀਨਾਂ ਹੜੱਪਣ ਦੇ ਮਾਮਲੇ ਨੂੰ ਉਜਾਗਰ ਕੀਤਾ ਸੀ।
ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਦੇ ਸੂਬਾਈ ਮੁਖੀ ਸ੍ਰੀ ਬਾਜਵਾ ਤੋਂ ਇਹ ਆਸ ਨਹੀਂ ਕਿ ਉਹ ਪੰਜਾਬ ਨੌਜਵਾਨਾਂ ਦੇ ਜੀਵਨ ਨਾਲ ਖੇਡ ਰਹੇ ਵਿਅਕਤੀਆਂ ਖਿਲਾਫ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਖਿਲਾਫ ਭੁਗਤਣਗੇ ਜਦਕਿ ਉਹਨਾਂ ਨੇ ਉਲਟ ਭੁਗਤਦਿਆਂ ਭੋਲਾ ਨੂੰ ਬਚਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਹਨ ਅਤੇ ਇਕ ਅਪਰਾਧੀ ਦੇ ਕੇਸ ਦਾ ਸਿਆਸੀਕਰਨ ਕਰਨ ’ਤੇ ਤੁਲ ਗਏ ਹਨ। ਉਨ੍ਹਾਂ ਕਿਹਾ ਕਿ ਬਾਜਵਾ ਨਹੀਂ ਚਾਹੁੰਦੇ ਕਿ ਭੋਲਾ ਤੋਂ ਚੰਗੀ ਤਰ੍ਹਾਂ ਪੁੱਛ ਪੜਤਾਲ ਕੀਤੀ ਜਾਵੇ ਬਲਕਿ ਉਹ ਚਾਹੁੰਦੇ ਹਨ ਕਿ ਭੋਲਾ ਦੀ ਸੂਬਾ ਪੁਲਿਸ ਦੀ ਹਿਰਾਸਤ ਵਿਚੋਂ ਮੁਕਤੀ ਹੋ ਜਾਵੇ ਤੇ ਅਖੀਰ ਨੂੰ ਉਸਨੂੰ ਸੀ ਬੀ ਆਈ ਤੋਂ ਬਰੀ ਕਰਵਾ ਲਿਆ ਜਾਵੇ। ਯੂਥ ਆਗੂਆਂ ਨੇ ਬਾਜਵਾ ਨੂੰ ਆਖਿਆ ਕਿ ਉਹ ਸਪਸ਼ਟ ਕਰਨ ਕਿ ਜਦੋਂ ਸਾਰਾ ਸੂਬਾ ਭੋਲਾ ਤੇ ਨਸ਼ਿਆਂ ਦੇ ਹੋਰ ਸੌਦਾਗਰਾਂ ਦੀ ਗ੍ਰਿਫਤਾਰੀ ਨਾਲ ਸੁੱਖ ਦਾ ਸਾਹ ਮਹਿਸੂਸ ਕਰ ਰਿਹਾ ਹੈ ਤਾਂ ਉਸ ਵੇਲੇ ਬਾਜਵਾ ਨੂੰ ਭੋਲਾ ਨਾਲ ਹਮਦਰਦੀ ਕਿਉਂ ਆ ਰਹੀ ਹੈ ? ਉਹਨਾਂ ਕਿਹਾ ਕਿ ਇਸ ਵੇਲੇ ਸੂਬੇ ਦੀ ਰਾਜਨੀਤੀ ਨਹੀਂ ਬਲਕਿ ਪੰਜਾਬੀ ਨੌਜਵਾਨਾਂ ਦਾ ਭਵਿੱਖ ਦਾਅ ’ਤੇ ਲੱਗਾ ਹੈ। ਜੇਕਰ ਭੋਲਾ ਵਰਗੇ ਵਿਅਕਤੀਆਂ ਨੂੰ ਸਿਆਸੀ ਸ਼ਹਿ ਤੇ ਸਰਪ੍ਰਸਤੀਮਿਲ ਗਈ ਤਾਂ ਇਸਦਾ ਕਤਲਬ ਪੰਜਾਬ ਪੁਲਿਸ ਵੱਲੋਂ ਪੰਜਾਬ ਵਿਚ ਨਸ਼ਿਆਂ ਦੇ ਖਾਤਮੇ ਲਈ ਛੇੜੇ ਗਏ ਸੁਨਹਿਰੀ ਤੇ ਵੱਡੇ ਮੌਕੇ ਨੂੰ ਖੁੰਝਾਉਣਾ ਹੋਵੇਗਾ। ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਗੁਰਦੇਵ ਸਿੰਘ ਦੇਵ ਦੀ ਗ੍ਰਿਫਤਾਰੀ ਨੇ ਇਸ ਡਰੱਗ ਮਾਫੀਆ ਦੇ ਕੌਮੀ ਤੇ ਕੌਮਾਂਤਰੀ ਸੰਬੰਧਾਂ ਨੂੰ ਹੋਰ ਉਜਾਗਰ ਕੀਤਾ ਹੈ ਅਤੇ ਇਹ ਕਾਰੋਬਾਰ ਕੇਂਦਰ ਸਰਕਾਰ ਦੀ ਸਰਪ੍ਰਸਤੀ ਤੋਂ ਬਗੈਰ ਨਹੀਂ ਸੀ ਚਲ ਸਕਦਾ। ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਇਹਨਾਂ ਨਸ਼ਿਆਂ ਦੇ ਸੌਦਾਗਰਾਂ ਨੂੰ ਕਿਸਨੇ ਭਾਰਤ ਵਿਚਲੇ ਅੰਤਰ ਰਾਸ਼ਟਰੀ ਹਵਾਈ ਅੱਡਿਆਂ ’ਤੇ ਸਖ਼ਤ ਸੁਰੱਖਿਆ ਦੇ ਬਾਵਜੂਦ ਸੁਰੱਖਿਅਤ ਲਾਂਘੇ ਦਿੱਤੇ ਅਤੇ ਬਾਜਵਾ , ਜੋ ਕਿ ਅੱਜ ਕੱਲ੍ਹ ਇਹਨਾਂ ਦੇ ਸਭ ਤੋਂ ਵੱਡੇ ਬੁਲਾਰੇ ਬਣੇ ਹੋਏ ਹਨ, ਦੀ ਇਹਨਾਂ ਨੂੰ ਆਪਣੀਆਂ ਖੇਪਾਂ ਲਿਆਉਣ ਵਿਚ ਮਦਦ ਕਰਨ ਵਾਸਤੇ ਕੀ ਭੂਮਿਕਾ ਰਹੀ?