ਨਵੀਂ ਦਿੱਲੀ, 10 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਅੱਜ ਮੰਨਿਆ ਕਿ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਹੁਣ ਵੀ ਪਾਕਿਸਤਾਨ ਵਿੱਚ ਹੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਦਾਊਦ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਨੇ ਇਸ ਸਬੰਧੀ ਅਮਰੀਕੀ ਅਟਾਰਨੀ ਜਨਰਲ ਨਾਲ ਗੱਲਬਾਤ ਕੀਤੀ ਹੈ ਤੇ ਅਮਰੀਕਾ ਨੇ ਭਾਰਤ ਨੂੰ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਹੈ। ਦਿੱਲੀ ਦੇ ਰਾਸ਼ਟਰੀ ਮੀਡੀਆ ਕੇਂਦਰ ਵਿੱਚ ਪ੍ਰੈ¤ਸ ਕਾਨਫਰੰਸ ਦੌਰਾਨ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤ ਸਰਕਾਰ ਅਮਰੀਕਾ ਦੀ ਮਦਦ ਨਾਲ ਦਾਊਦ ਨੂੰ ਫੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਾਊਦ ਦੇ ਲੁਕਣ-ਟਿਕਾਣਿਆਂ ਬਾਰੇ ਕੁਝ ਜਾਣਕਾਰੀ ਵੀ ਹਾਸਿਲ ਹੋਈ ਹੈ।
ਵਰਣਨਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਗ੍ਰਹਿ ਮੰਤਰੀ ਸ਼ਿੰਦੇ ਨੇ ਕਿਹਾ ਸੀ ਕਿ ਦਾਊਦ ਨੂੰ
ਟ੍ਰੈਕ ਕੀਤਾ ਜਾ ਰਿਹਾ ਹੈ ਤੇ ਉਸ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਭਾਰਤ ਸਰਕਾਰ ਐਫ. ਬੀ. ਆਈ. ਦੇ ਸੰਪਰਕ ਵਿੱਚ ਹੈ। ਐਫ. ਬੀ. ਆਈ. ਦੇ ਮੁਖੀ ਨੇ ਦਾਊਦ ਨੂੰ ਫੜ੍ਹਨ ਵਿੱਚ ਭਾਰਤ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਸੰਭਵ ਹੈ ਕਿ ਭਾਰਤੀ ਤੇ ਅਮਰੀਕੀ ਜਾਂਚ ਏਜੰਸੀਆਂ ਦੀ ਸਾਂਝੀ ਕਾਰਵਾਈ ਰਾਹੀਂ ਦਾਊਦ ਇਬਰਾਹੀਮ ਨੂੰ ਫੜ੍ਹਿਆ ਜਾਵੇ।