ਬਰਨਾਲਾ ਦਿਹਾਤੀ, 22 ਨਵੰਬਰ (ਡਾ. ਸੁਖਦੀਪ ਸਿੰਘ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਰਨਾਲਾ ਜ਼ਿਲ੍ਹੇ ਅੰਦਰ ਪੇਂਡੂ ਖੇਤਰ ਵਿਚ ਰਹਿੰਦੇ ਛੋਟੇ ਬਚਿਆਂ ਦੀ ਭਲਾਈ ਤਿੰਨ ਮਾਡਲ ਆਂਗਣਵਾੜੀ ਸੈਂਟਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਦਸਿਆ ਕਿ ਜ਼ਿਲ੍ਹੇ ਅੰਦਰ ਪਿੰਡ ਚੰਨਣਵਾਲ, ਠੀਕਰੀਵਾਲਾ ਅਤੇ ਸੋਹਲ ਪਤੀ ਬਰਨਾਲਾ ਵਿਖੇ ਛੋਟੇ ਬਚਿਆਂ ਲਈ ਮਾਡਲ ਆਂਗਣਵਾੜੀ ਸੈਂਟਰ ਜਲਦ ਬਣਾਏ ਜਾਣਗੇ। ਉਨ੍ਹਾਂ ਦਸਿਆ ਕਿ ਇਸ ਸਬੰਧੀ ਕੰਮ ਪਹਿਲਾਂ ਹੀ ਸ਼ੁਰੂ ਹੋ ਚੁਕਾ ਹੈ ਅਤੇ ਇਕ ਮਹੀਨੇ ਵਿਚ ਇਸ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ। ਥੋਰੀ ਨੇ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੇਂਡੂ ਖੇਤਰ ਵਿਚ ਰਹਿੰਦੇ ਛੋਟੇ ਬਚਿਆਂ ਦੀ ਭਲਾਈ ਲਈ ਮਾਡਲ ਆਂਗਣਵਾੜੀ ਸੈਂਟਰਾਂ ਦੀ ਜਰੂਰਤ ਮਹਿਸੂਸ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦ ਇੰਨ੍ਹਾਂ ਆਂਗਣਵਾੜੀ ਸੈਂਟਰਾਂ ਦਾ ਕੰਮ ਪੂਰਾ ਹੋ ਜਾਵੇਗਾ, ਤਾਂ ਬਚਿਆਂ ਨੂੰ ਨਿਜੀ ਸਕੂਲਾਂ ਦੇ ਕਰੈਚ ਦੀ ਤਰ੍ਹਾਂ ਹੀ ਸਾਰੀਆਂ ਸਹੂਲਤਾਂ ਮੁਹਈਆ ਹੋਣਗੀਆਂ। ਉਨ੍ਹਾਂ ਦਸਿਆ ਕਿ ਇੰਨ੍ਹਾਂ ਮਾਡਲ ਆਂਗਣਵਾੜੀ ਸੈਂਟਰਾਂ ਵਿਚ ਬਚਿਆਂ ਦੇ ਬੈਠਣ ਅਤੇ ਪੀਣ ਲਈ ਸਾਫ਼ ਪਾਣੀ ਦੇ ਵਧੀਆਂ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦਸਿਆ ਕਿ ਮਾਡਲ ਆਂਗਣਵਾੜੀ ਸੈਂਟਰਾਂ ਦੀਆਂ ਦੀਵਾਰਾਂ ਨੂੰ ਵਾਲ ਪੇਟਿੰਗ ਦੇ ਜਰੀਏ ਵਖ-ਵਖ ਤਰ੍ਹਾਂ ਦੇ ਬਚਿਆਂ ਦੇ ਮਨਪਸੰਦ ਕਾਰਟੂਨ ਬਣਾ ਕੇ ਤਿਆਰ ਕੀਤਾ ਜਾ ਰਿਹਾ ਹੈ।
ਬਰਨਾਲਾ ਜ਼ਿਲ੍ਹੇ ਅੰਦਰ ਬਣਨਗੇ 3 ਮਾਡਲ ਆਂਗਣਵਾੜੀ ਸੈਂਟਰ : ਡੀਸੀ



