ਮੁੰਬਈ, 8 ਜਨਵਰੀ (ਵਿਸ਼ਵ ਵਾਰਤਾ)-ਮਹਾਰਾਸ਼ਟਰ ਦੇ ਥਾਣੇ ਜ਼ਿਲ੍ਹੇ ਵਿਚ ਬਾਂਦਰਾ-ਦੇਹਰਾਦੂਨ ਐਕਸਪ੍ਰੈਸ ਟਰੇਨ ਦੇ ਤਿੰਨ ਡੱਬਿਆਂ ਨੂੰ ਅੱਜ ਤੜਕੇ ਅੱਗ ਲੱਗਣ ਨਾਲ 9 ਲੋਕਾਂ ਦੀ ਮੌਤ ਹੋ ਗਈ। ਰੇਲਵੇ ਅਧਿਕਾਰੀ ਸ਼ਰਤ ਚੰਦਰ ਨੇ ਕਿਹਾ ਕਿ 9 ਮ੍ਰਿਤਕਾਂ ਵਿਚ ਇਕ ਮਹਿਲਾ ਅਤੇ 4 ਪੁਰਸ਼ ਹਨ, ਬਾਕੀ ਲੋਕਾਂ ਦੀ ਹਾਲੇ ਪਹਿਚਾਣ ਨਹੀਂ ਹੋ ਸਕੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਨਾਲ ਚਾਰ ਲੋਕ ਜ਼ਖ਼ਮੀ ਹੋ ਗਏ ਹਨ। ਰੇਲਵੇ ਅਧਿਕਾਰੀ ਦਾ ਕਹਿਣਾ ਹੈ ਕਿ ਅੱਗ ਸਵੇਰੇ ਕਰੀਬ 2.50 ਮਿੰਟ ’ਤੇ ਲੱਗੀ। ਉਨ੍ਹਾਂ ਕਿਹਾ ਕਿ ਉਸ ਸਮੇਂ ਯਾਤਰੀ ਸੁੱਤੇ ਹੋਏ ਸਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 29 ਦਸੰਬਰ ਨੂੰ ਬੰਗਲੌਰ-ਨੰਦੇੜ ਐਕਸਪ੍ਰੈਸ ਨੂੰ ਅੱਗ ਲੱਗਣ ਕਾਰਨ 26 ਲੋਕਾਂ ਦੀ ਮੌਤ ਹੋ ਗਈ ਸੀ। ਰੇਲਵੇ ਅਧਿਕਾਰੀ ਚੰਦਰ ਨੇ ਕਿਹਾ ਕਿ ਫਾਟਕ ’ਤੇ ਤਾਇਨਾਤ ਇਕ ਗੇਟਮੈਨ ਨੇ ਟਰੇਨ ਵਿਚ ਲੱਗੀ ਅੱਗ ਦੇਖੀ ਤਾਂ ਤੁਰੰਤ ਹੀ ਟਰੇਨ ਵਿਚ ਮੌਜੂਦ ਗਾਰਡ ਨੂੰ ਇਸ ਦੀ ਸੂਚਨਾ ਦਿੱਤੀ। ਗਾਰਡ ਨੇ ਇਸ ਦੀ ਸੂਚਨਾ ਮੋਟਰਮੈਨ ਨੂੰ ਦਿੱਤੀ ਅਤੇ ਟਰੇਨ ਨੂੰ ਰੋਕਣ ਲਈ ਕਿਹਾ। ਚੰਦਰ ਨੇ ਕਿਹਾ ਕਿ ਗੇਟਮੈਨ ਦੀ ਮੁਸਤੈਦੀ ਨਾਲ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ। ਟਰੇਨ ਨੂੰ ਘੋਲਵਾੜ ਰੇਲਵੇ ਸਟੇਸ਼ਨ ’ਤੇ ਰੋਕ ਦਿੱਤਾ ਗਿਆ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ।