June 23, 2026 2:26 pm

ਦੇਸ਼ ਦਾ ਅਰਥਚਾਰਾ ਵਧੀਆ ਭਵਿੱਖ ਵੱਲ ਵੱਧ ਰਿਹੈ : ਪ੍ਰਧਾਨ ਮੰਤਰੀ

ਮਨਮੋਹਨ ਸਿੰਘ ਨੇ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ-2014 ਨੂੰ ਕੀਤਾ ਸੰਬੋਧਨ
image ਨਵੀਂ ਦਿੱਲੀ, 8 ਜਨਵਰੀ (ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦਾ ਅਰਥਚਾਰਾ ਹੁਣ ਵਧੀਆ ਭਵਿੱਖ ਵਲ ਵੱਧ ਰਿਹਾ ਹੈ। ਅੱਜ ਨਵੀਂ ਦਿੱਲੀ ਵਿੱਚ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ 2014 ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਅਰਥਚਾਰੇ ਦੇ ਭਵਿੱਖ ਪ੍ਰਤੀ ਚਿੰਤਾ ਕਰਨ ਦਾ ਕੋਈ ਕਾਰਨ ਨਹੀਂ ਹੈ ਤੇ ਇਸ ਦੀ ਮੌਜੂਦਾ ਸਥਿਤੀ ਤੋਂ ਨਿਰਾਸ਼ ਹੋਣ ਦੀ ਵੀ ਲੋੜ ਨਹੀਂ ਹੈ। ਉਨ੍ਹਾਂ ਨੇ ਭਾਰਤੀ ਅਰਥਚਾਰੇ ਦੀ ਮਜ਼ਬੂਤੀ ਵਿੱਚ ਭਾਰਤਵੰਸ਼ੀਆਂ ਨੂੰ ਬਿਨ੍ਹਾਂ ਕਿਸੇ ਝਿਜਕ ਦੇ ਆਪਣਾ ਯੋਗਦਾਨ ਜਾਰੀ ਰੱਖਣ ਲਈ ਆਖਿਆ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੀ ਵਿਕਾਸ ਦਰ ਸਾਲਾਨਾ 7.9 ਫੀਸਦ ਰਹੀ ਹੈ। ਪਿਛੇ ਜਿਹੇ ਕੌਮਾਂਤਰੀ ਮੰਦੀ ਦੇ ਮੱਦੇ ਨਜ਼ਰ ਵਿਕਾਸਦਰ ਘਟੀ ਹੈ ਤੇ ਅਜਿਹਾ ਸਿਰਫ ਭਾਰਤ ਨਾਲ ਹੀ ਨਹੀਂ ਹੋਇਆ ਵਿਸ਼ਵ ਦੇ ਉਭਰਦੇ ਅਰਥਚਾਰਿਆਂ ਨੂੰ ਵੀ ਕਮੀ ਦਾ ਸਾਹਮਣਾ ਕਰਨਾ ਪਿਆ ਹੈ। ਪਰ ਇਨ੍ਹਾਂ ਸਭ ਵੰਗਾਰਾਂ ਦੇ ਬਾਵਜੂਦ ਭਾਰਤੀ ਅਰਥਚਾਰੇ ਦਾ ਆਧਾਰ ਮਜ਼ਬੂਤ ਰਿਹਾ ਹੈ। ਦੇਸ਼ ਦੀ ਬੱਚਤ ਅਤੇ ਨਿਵੇਸ਼ ਦੀ ਦਰ ਅਜੇ ਵੀ ਕੁੱਲ ਘਰੇਲੂ ਉਤਪਾਦ ਦੇ 30 ਫੀਸਦ ਤੋਂ ਵਧੇਰੇ ਹੈ।
ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਅਰਥਚਾਰੇ ਵਿੱਚ ਤੇਜ਼ੀ ਲਿਆਉਣ ਵਾਸਤੇ ਹਾਲ ਦੇ ਮਹੀਨਿਆਂ ਵਿੱਚ ਵਿਆਪਕ ਕਦਮ ਚੁੱਕੇ ਗਏ ਹਨ। ਇਸ ਦੇ ਚੰਗੇ ਨਤੀਜੇ ਆਉਣ ਵਾਲਿਆਂ ਮਹੀਨਿਆਂ ਵਿੱਚ ਸਾਡੇ ਸਾਹਮਣੇ ਹੋਣਗੇ। ਭਾਰਤੀ ਅਰਥਚਾਰੇ ਦੀ ਮਜ਼ਬੂਤੀ ਤੇ ਦੇਸ਼ ਦੇ ਵਿਕਾਸ ਵਿੱਚ ਭਾਰਤਵੰਸ਼ੀਆਂ ਤੇ ਹੋਰ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇਹ ਯੋਗਦਾਨ ਜਾਰੀ ਰਹਿਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੇ ਬਾਹਰਲੇ

ਮੁਲਕਾਂ ਵਿੱਚ ਮਹੱਤਵਪੂਰਨ ਉਚ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਰਹਿੰਦੇ ਆਪਣੇ ਪਰਿਵਾਰਾਂ ਤੇ ਭਾਈਚਾਰਿਆਂ ਲਈ ਵੀ ਆਪਣਾ ਪੂਰਾ ਸਮਰੱਥਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਆਪਣੀ ਤਰਫ਼ੋਂ ਪ੍ਰਵਾਸੀ ਭਾਰਤੀਆਂ ਨੂੰ ਸਮਰੱਥਨ ਤੇ ਸਹਿਯੋਗ ਦੇ ਕੇ ਭਾਰਤ ਨਾਲ ਜੁੜੇ ਰਹਿਣ ਲਈ ਹਰ ਸੰਭਵ ਤਰੀਕੇ ਨਾਲ ਕਦਮ ਚੁੱਕਣਾ ਜਾਰੀ ਰੱਖੇਗੀ।
ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਹੋਂਦ ਵਿੱਚ ਆਈ ਤਾਂ ਪ੍ਰਵਾਸੀ ਭਾਰਤੀਆਂ ਦੇ ਮਾਮਲੇ ਬਾਰੇ ਵੱਖਰਾ ਮੰਤਰਾਲਾ ਸਥਾਪਿਤ ਕੀਤਾ ਗਿਆ। ਬਾਹਰ ਰਹਿੰਦੇ ਭਾਰਤੀ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਦੇਣ ਵਾਸਤੇ ਮਹਾਤਮਾ ਗਾਂਧੀ ਪ੍ਰਵਾਸੀ ਸੁਰੱਸ਼ਾ ਯੋਜਨਾ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਾਲ ਵਿੱਚ ਦਿੱਲੀ ਵਿਖੇ ਪ੍ਰਵਾਸੀ ਭਾਰਤੀ  ਕੇਂਦਰ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਨ੍ਹਾਂ ਸਾਰੀਆਂ ਪਹਿਲਾਂ ਲਈ ਉਹ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਤੇ ਆਪਣੇ ਸਹਿਯੋਗੀ ਸ਼੍ਰੀ ਵਾਯਾਲਾਰ ਰਵੀ ਦੀ ਸ਼ਲਾਘਾ ਕਰਦੇ ਹਨ।
ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਮਹੱਤਵਪੂਰਨ ਤਬਦੀਲੀ ਆਈ ਹੈ ਪਿਛਲੇ ਦਸ ਵਰ੍ਹਿਆਂ ਵਿੱਚ ਸੰਚਾਰ ਢਾਂਚੇ ਦਾ ਵਿਕਾਸ ਹੋਇਆ ਤੇ ਪੇਂਡੂ ਭਾਰਤ ਨੂੰ ਵੀ ਇਹ ਸੁਵਿਧਾ ਮਿਲੀ ਹੈ ਸਿੱਖਿਆ ਖੇਤਰ ਵਿੱਚ ਤੇਜ਼ੀ ਨਾਲ ਸੁਧਾਰ ਕੀਤੇ ਗਏ ਹਨ ਤੇ ਕੇਂਦਰੀ ਯੁਨੀਵਰਸਿਟੀਆਂ ਦੀ ਗਿਣਤੀ 17 ਤੋਂ 44 ਤੇ ਆਈ.ਆਈ.ਟੀ. ਤੇ ਆਈ.ਆਈ.ਐਮ. ਦੀ ਗਿਣਤੀ ਪਹਿਲਾਂ ਨਾਲੋਂ ਦੁੱਗਣੀ ਹੋ ਗਈ ਹੈ। ਕੌਮੀ ਕੁਸ਼ਲ ਵਿਕਾਸ ਅਥਾਰਟੀ ਨਿੱਜੀ ਖੇਤਰ ਤੇ ਹੋਰ ਸਬੰਧਤ ਧਿਰਾਂ ਦੇ ਸਹਿਯੋਗ ਨਾਲ ਆਉਂਦੇ ਪੰਜ ਵਰ੍ਹਿਆਂ ਵਿੱਚ ਪੰਜ ਕਰੋੜ ਕਿਰਤ ਸ਼ਕਤੀ ਨੂੰ ਸਿਖਲਾਈ ਦੇਣ ਵੱਲ ਵੱਧ ਰਹੀ ਹੈ। ਉਨ੍ਹਾਂ ਦੀ ਸਰਕਾਰ ਬਣਨ ਮਗਰੋਂ ਪੇਂਡੂ ਖੇਤਰਾਂ ਵਿੱਚ 2 ਲੱਖ ਕਿਲੋਮੀਟਰ ਤੋਂ ਵੱਧ ਨਵੀਆਂ ਸੜਕਾਂ ਬਣਾਈਆਂ ਗਈਆਂ ਹਨ ਤੇ ਹਾਈਵੇ ਵਿੱਚ 17 ਹਜ਼ਾਰ ਕਿਲੋਮੀਟਰ ਤੋਂ ਵੱਧ ਸੜਕਾਂ ਜੋੜੀਆਂ ਗਈਆਂ ਹਨ। ਆਰਥਿਕ ਵਿਕਾਸ ਦੇ ਨਾਲ ਨਾਲ ਸਮਾਜਿਕ ਵਿਕਾਸ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਸਰਕਾਰ ਵੱਲੋਂ ਚੁੱਕੇ ਗਏ ਵੱਖ ਵੱਖ ਕਦਮਾਂ ਨਾਲ ਗਰੀਬੀ ਦਾ ਪੱਧਰ ਪਹਿਲਾਂ ਨਾਲੋਂ ਘਟਿਆ ਹੈ। ਖੇਤੀਬਾੜੀ ਵਿਕਾਸ ਵਿੱਚ ਤੇਜ਼ੀ ਆਈ ਹੈ ਤੇ ਪੇਂਡੂ ਮਜ਼ਦੂਰੀ ਵਿੱਚ 3 ਗੁਣਾ ਦਾ ਵਾਧਾ ਹੋਇਆ ਹੈ।
ਸਰਕਾਰ ਵੱਲੋਂ ਕੰਮ ਦਾ ਅਧਿਕਾਰ, ਖੁਰਾਕ ਸੁਰੱਖਿਆ ਤੇ ਸਿੱਖਿਆ ਅਧਿਕਾਰ ਵਰਗੇ ਅਹਿਮ ਕਾਨੂੰਨ ਪਾਸ ਕੀਤੇ ਗਏ ਜਿਸ ਦਾ ਆਮ ਲੋਕਾਂ ਦੇ ਨਾਲ ਨਾਲ ਕਮਜ਼ੋਰ ਵਰਗਾਂ ਨੂੰ ਫਾਇਦਾ ਹੋਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਦਾ ਯਤਨ ਰਿਹਾ ਹੈ ਕਿ ¦ਬੇ ਸਮੇਂ ਦੇ ਆਰਥਿਕ ਵਿਕਾਸ ਤੇ ਸਮਾਜਿਕ ਪਾਏਦਾਰੀ ਨੂੰ ਯਕੀਨੀ ਬਣਾਇਆ ਜਾਵੇ। ਪਾਰਦਰਸ਼ੀ ਜਵਾਬਦੇਹ ਤੇ ਸਵੱਛ ਪ੍ਰਸ਼ਾਸਨ ਨੂੰ ਪਹਿਲ ਦਿੱਤੀ ਗਈ ਹੈ। ਸੂਚਨਾ ਅਧਿਕਾਰ ਕਾਨੂੰਨ ਮਗਰੋਂ ਲੋਕਪਾਲ ਕਾਨੂੰਨ ਪਾਸ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਬਦਲ ਰਿਹਾ ਹੈ ਤੇ ਇਸ ਦੇ ਨਾਲ-ਨਾਲ ਤੇਜ਼ੀ ਨਾਲ ਬਦਲ ਰਹੇ ਵਿਸ਼ਵ ਨਾਲ ਵੀ ਆਪਣੇ ਆਪ ਨੂੰ ਢਾਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਯਕੀਨ ਪ੍ਰਗਟ ਕੀਤਾ ਕਿ 2 ਕਰੋੜ 20 ਲੱਖ ਤੋਂ ਵਧੇਰੇ ਭਾਰਤੀ ਜੋ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਵਸੇ ਹੋਏ ਹਨ। ਉਨ੍ਹਾਂ ਦਾ ਭਾਰਤ ਨਾਲ ਸਬੰਧ ਹੋਰ ਮਜ਼ਬੂਤ ਹੋਵੇਗਾ ਤੇ ਉਹ ਆਉਣ ਵਾਲੇ ਸਾਲਾਂ ਵਿੱਚ ਭਾਰਤੀ ਸਮੂਦਾਇ ਨੂੰ ਹੋਰ ਖੁਸ਼ਹਾਲ ਬਣਾਉਣਗੇ।

Send this to a friend