ਸੰਗਰੂਰ, 7 ਜਨਵਰੀ (ਹਰਿੰਦਰ ਖਾਲਸਾ)-ਸੰਗਰੂਰ ਜ਼ਿਲ੍ਹਾ ਪੁਲਿਸ ਨੇ 8 ਦਿਨ ਪਹਿਲਾਂ ਭਵਾਨੀਗੜ ਵਿਖੇ ਇੱਕ ਔਰਤ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਕੇ ਇੱਕ ਔਰਤ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਇਸ ਕਤਲ ’ਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਗ੍ਰਿਫ਼ਤਾਰ ਕੀਤੀ ਗਈ ਔਰਤ ਮ੍ਰਿਤਕਾ ਦੀ ਨੂੰਹ ਤੇ ਮਰਦ ਉਸਦਾ ਪ੍ਰੇਮੀ ਹੈ ਅਤੇ ਮ੍ਰਿਤਕਾ ਦਾ ਕਤਲ ਇਨ੍ਹਾਂ ਦੋਵਾਂ ਦੇ ਪ੍ਰੇਮ ਸਬੰਧਾਂ ਦੇ ਉਜਾਗਰ ਹੋ ਜਾਣ ਕਾਰਨ ਹੀ ਕੀਤਾ ਗਿਆ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦੱਸਿਆ ਕਿ 31 ਦਸੰਬਰ 2013 ਨੂੰ ਸੁਭਾ 8-30 ਵਜੇ ਗੁਪਤਾ ਕਲੋਨੀ ਭਵਾਨੀਗੜ੍ਹ ਵਿਖੇ ਹਰਵਿੰਦਰ ਕੌਰ ਨਾਮ ਦੀ ਔਰਤ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਉਸਦੇ ਘਰ ਵਿੱਚ ਹੀ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ’ਚ ਮ੍ਰਿਤਕ ਔਰਤ ਦੀ ਨੂੰਹ ਬੇਅੰਤ ਕੌਰ ਉਰਫ ਅਮਨ ਪਤਨੀ ਦਲਜੀਤ ਸਿੰਘ ਦੇ ਬਿਆਨਾਂ ’ਤੇ ਮੁਕੱਦਮਾ ਨੰਬਰ 225 ਮਿਤੀ 31/12/13 ਅ/ਧ 302 ਹਿੰ:ਡੰ: ਥਾਣਾ ਭਵਾਨੀਗੜ੍ਹ ਦਰਜ ਹੋਇਆ ਸੀ।
ਐ¤ਸ.ਐ¤ਸ.ਪੀ. ਸ. ਸਿੱਧੂ ਨੇ ਇਸ ਮਾਮਲੇ ਦੀ ਵਿਸਥਾਰ ’ਚ ਜਾਣਕਾਰੀ ਦਿੰਦੇ ਦੱਸਿਆ ਕਿ ਐਸ.ਪੀ. ਡੀ. ਸ. ਪਰਮਜੀਤ ਸਿੰਘ ਗੋਰਾਇਆ ਤੇ ਡੀ.ਐਸ.ਪੀ ਸ. ਗੁਰਪ੍ਰੀਤ ਸਿੰਘ ਢੀਂਡਸਾ ਦੀ ਨਿਗਰਾਂਨੀ ਹੇਠ ਮੁੱਖ ਅਫਸਰ ਥਾਣਾ ਭਵਾਨੀਗੜ ਇੰਸਪੈਕਟਰ ਪਰਮਿੰਦਰ ਸਿੰਘ ਅਤੇ ਇੰਚਾਰਜ ਚੌਕੀ ਕਾਲਾਝਾੜ ਏ.ਐਸ.ਆਈ ਸੁਭਾਸ
ਕ੍ਰੁਮਾਰ ਨੇ ਮਾਮਲੇ ਦੀ ਤਫ਼ਤੀਸ ਨੂੰ ਸੁਚੱਜੇ ਢੰਗ ਨਾਲ ਕਰਦਿਆਂ ਮ੍ਰਿਤਕਾ ਦੀ ਨੂੰਹ ਬੇਅੰਤ ਕੌਰ ਉਰਫ ਅਮਨ ਅਤੇ ਉਸਦੇ ਪ੍ਰੇਮੀ ਕੁਲਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਗਲੀ ਨੰਬਰ 01 ਬਿਸ਼ਨ ਨਗਰ ਭਵਾਨੀਗੜ੍ਹ ਨੂੰ ਗ੍ਰਿਫਤਾਰ ਕੀਤਾ ਹੈ। ਸ. ਸਿੱਧੂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਬੇਅੰਤ ਕੌਰ ਨੇ ਮੰਨਿਆ ਕਿ ਤਕਰੀਬਨ 2 ਸਾਲ ਤੋਂ ਉਸਦੇ ਕੁਲਦੀਪ ਸਿੰਘ ਨਾਲ ਪ੍ਰੇਮ ਸਬੰਧ ਹਨ, ਉਹ ਅਤੇ ਕੁਲਦੀਪ ਸਿੰਘ ਇੱਕ ਦੂਸਰੇ ਨਾਲ ਮੋਬਾਇਲ ਰਾਂਹੀ ਰਾਬਤਾ ਰੱਖਦੇ ਸਨ, ਪਰ ਉਸ ਕੋਲ ਮੋਬਾਇਲ ਹੋਣ ਬਾਰੇ ਕਿਸੇ ਹੋਰ ਨੂੰ ਪਤਾ ਨਹੀਂ ਸੀ ਅਤੇ ਹਫ਼ਤੇ ਮਗਰੋਂ ਰਾਤ ਦੇ 11/12 ਵਜੇ ਦਰਮਿਆਨ ਕੁਲਦੀਪ ਸਿੰਘ ਉਨ੍ਹਾਂ ਘਰ ਦੀ ਕੰਧ ਟੱਪ ਕੇ ਉਸਨੂੰ ਮਿਲਣ ਆਉਂਦਾ ਸੀ ਅਤੇ ਸੁਭਾ 4 ਵਜੇ ਵਾਪਸ ਚਲਿਆ ਜਾਂਦਾ ਸੀ। ਸ. ਸਿੱਧੂ ਨੇ ਦੱਸਿਆ ਕਿ ਜਿਸ ਦਿਨ ਕੁਲਦੀਪ ਸਿੰਘ ਮਿਲਣ ਆਉਦਾ ਸੀ, ਉਸ ਦਿਨ ਉਹ (ਬੇਅੰਤ ਕੌਰ) ਕੁਲਦੀਪ ਵੱਲੋਂ ਲਿਆ ਕੇ ਦਿੱਤੀਆਂ ਨੀਂਦ ਦੀਆਂ ਗੋਲੀਆਂ ਆਪਣੀ ਸੱਸ ਨੂੰ ਚਾਹ, ਕੌਫੀ ਜਾਂ ਖਾਣੇ ’ਚ ਦੇ ਦਿੰਦੀ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਮਿਤੀ 30/12/13 ਨੂੰ ਰਾਤ 11 ਵਜੇ ਕੁਲਦੀਪ ਸਿੰਘ ਉਸਨੂੰ ਮਿਲਣ ਆਇਆ ਤੇ 31 ਦੀ ਸਵੇਰ ਪਹਿਲਾਂ ਨਾਲਂੋ ਕੁੱਝ ਦੇਰੀ ਨਾਲ ਉਠਣ ਕਰਕੇ ਜਦੋਂ ਕੁਲਦੀਪ ਸਿੰਘ ਵਾਪਸ ਜਾਣ ਲੱਗਾ ਤਾਂ ਉਸਦੀ ਸੱਸ ਨੇ ਉਸਨੂੰ ਵੇਖ ਕੇ ਰੌਲਾ ਪਾ ਕੇ ਗਾਲ੍ਹਾਂ ਕੱਢਣੀਆਂ ਸੁਰੂ ਕਰ ਦਿੱਤੀਆਂ। ਇਸੇ ਦੌਰਾਨ ਉਸਨੇ ਅਤੇ ਕੁਲਦੀਪ ਸਿੰਘ ਨੇ ਹਰਵਿੰਦਰ ਕੌਰ ਦੇ ਗਲ੍ਹ ’ਚ ਚੁੰਨੀ ਪਾ ਕੇ ਥੱਲੇ ਸੁੱਟ ਲਿਆ ਤੇ ਘੜੀਸ ਕੇ ਲੌਬੀ ਤੋਂ ਬਾਹਰ ਲੈ ਆਏ, ਘੜੀਸਣ ਨਾਲ ਹਰਵਿੰਦਰ ਕੌਰ ਬੇਹੋਸ਼ ਹੋ ਗਈ ਤਾਂ ਉਹ ਉਸਦੇ ਉਪਰ ਬੈਠ ਗਈ ਜਦਕਿ ਕੁਲਦੀਪ ਸਿੰਘ ਨੇ ਟਰੈਕਟਰ ਦੀ ਟਾਪ ਲਿੰਕ (ਲੋਹਾ ਰਾਡ) ਚੁੱਕ ਕੇ ਦੋ ਵਾਰ ਹਰਵਿੰਦਰ ਕੌਰ ਦੇ ਸਿਰ ਵਿੱਚ ਮਾਰੀ, ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਐਸ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਨੇ ਇਹ ਮੰਨਿਆਂ ਕਿ ਉਸਦੀ ਮੌਤ ਤੋਂ ਬਾਅਦ ਲੁੱਟ-ਖੋਹ ਦਾ ਮਾਮਲਾ ਬਣਾਉਣ ਦੀ ਨੀਅਤ ਨਾਲ ਹਰਵਿੰਦਰ ਕੌਰ ਦੇ ਹੱਥ ਵਿੱਚ ਪਾਈ ਚਾਂਦੀ ਦੇ ਨਗ ਵਾਲੀ ਮੁੰਦਰੀ, ਗਲੇ ਵਿੱਚ ਪਾਈ ਗੋਲਡਨ ਨਕਲੀ ਚੈਨ, ਕੰਨਾਂ ਵਿੱਚ ਪਾਈਆਂ ਦੋ ਜੋੜੇ ਸੋਨੇ ਦੀਆਂ ਵਾਲੀਆਂ ਉਤਾਰ ਕੇ ਗਹਿਣੇ ਕੁਲਦੀਪ ਸਿੰਘ ਨਾਲ ਲੈ ਗਿਆ ਅਤੇ ਕੁਲਦੀਪ ਸਿੰਘ ਨੇ ਉਸਨੂੰ ਕਿਹਾ ਕਿ ਟਾਪ ਲਿੰਕ ਉਪਰ ਲੱਗਾ ਖੂਨ ਧੋ ਕੇ ਉਸਨੂੰ ਲੁਕਾ ਕੇ ਰੱਖ ਦੇਵੇ।
ਸ. ਸਿੱਧੂ ਨੇ ਦੱਸਿਆ ਕਿ ਕੁਲਦੀਪ ਸਿੰਘ ਅਤੇ ਬੇਅੰਤ ਕੌਰ ਕੋਲੋਂ ਮ੍ਰਿਤਕਾ ਦੀ ਮੁੰਦਰੀ, ਚੈਨੀ, ਨੀਦ ਦੀਆਂ ਗੋਲੀਆਂ, ਮੋਬਾਇਲ ਫੋਨ ਅਤੇ ਵਰਤਿਆ ਹਥਿਆਰ ਟਾਪ ਲਿੰਕ ਬਰਾਮਦ ਕਰਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮੁਕੱਦਮੇ ਨੂੰ ਹੱਲ ਕਰਨ ’ਚ ਅਹਿਮ ਰੋਲ ਨਿਭਾਉਣ ਵਾਲੇ ਏ.ਐਸ.ਆਈ ਸੁਭਾਸ ਕੁਮਾਰ ਨੂੰ ਵਿਸੇਸ ਇਨਾਮ ਦੇਣ ਦੀ ਸਿਫ਼ਾਰਸ਼ ਕੀਤੀ ਜਾਵੇਗੀ। ਇਸ ਮੌਕੇ ਐਸ.ਪੀ. ਡੀ. ਸ. ਪਰਮਜੀਤ ਸਿੰਘ ਗੋਰਾਇਆ ਤੇ ਡੀ.ਐਸ.ਪੀ ਸ. ਗੁਰਪ੍ਰੀਤ ਸਿੰਘ ਢੀਂਡਸਾ ਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।