ਮਾਨਸਾ, 7 ਜਨਵਰੀ (ਦਰਸ਼ਨ ਸਿੰਘ ਕੋਚ)- ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵਜ਼ਾਰਤ ਵਿਚੋਂ ਬਰਖਾਸਤ ਕਰ ਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਤੋਂ ਇਹ ਮੰਗ ਕੀਤੀ। ਉਹ ਅੱਜ ਇੱਥੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਬਿਕਰਮ ਸਿੰਘ ਮੋਫਰ ਦੇ ਦਫਤਰ ਦਾ ਉਦਘਾਟਨ ਅਤੇ ਤਾਜਪੋਸ਼ੀ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ ਹੋਏ ਸਨ। ਸ: ਬਾਜਵਾ ਨੇ ਕਿਹਾ ਕਿ ਅੰਤਰਰਾਸ਼ਟਰੀ ਤਸਕਰ ਜਗਦੀਸ਼ ਭੋਲਾ ਨੇ ਬੀਤੇ ਕੱਲ੍ਹ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਸੀ ਕਿ ਤਸਕਰ ਮਾਮਲੇ ਦਾ ਮੁਖੀਆ ਬਿਕਰਮ ਸਿੰਘ ਮਜੀਠੀਆ ਤੇ ਹੋਰ ਅਕਾਲੀ ਆਗੂ ਹਨ। ਉਨ੍ਹਾਂ ਮੰਗ ਕੀਤੀ ਕਿ ਮੀਡੀਆ ’ਚ ਦਿੱਤੇ ਬਿਆਨ ਨੂੰ ਆਧਾਰ ਬਣਾ ਕੇ ਬਿਕਰਮ ਸਿੰਘ ਮਜੀਠੀਆ ਖਿਲਾਫ਼ ਐਫ. ਆਈ. ਆਰ. ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸਾਰੇ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਜਾਵੇ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਦੱਸਿਆ ਕਿ ਪਾਰਟੀ ਕੱਲ੍ਹ 8 ਜਨਵਰੀ ਨੂੰ ਇਸ ਮਾਮਲੇ ਸਬੰਧੀ ਪੰਜਾਬ-ਹਰਿਆਣਾ
ਹਾਈਕੋਰਟ ’ਚ ਪਟੀਸ਼ਨ ਦਾਇਰ ਕਰੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪਾਰਟੀ ਦੀ ਜ਼ਰੂਰੀ ਇਕੱਤਰਤਾ ਭਲਕੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਰੱਖੀ ਗਈ ਹੈ ਜਿਸ ਵਿਚ ਪੰਜਾਬ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੇ ਹਫਤੇ ਮੁੱਖ ਮੰਤਰੀ ਤੋਂ ਇਲਾਵਾ ਮੰਤਰੀਆਂ ਦੇ ਘਰਾਂ ਦਾ ਵੀ ਘਿਰਾਓ ਕੀਤਾ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ ’ਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹਾਲੇ ਤੱਕ ਕਿਸੇ ਵੀ ਨਾਰਾਜ਼ ਕਾਂਗਰਸੀ ਆਗੂ ਦਾ ਅਸਤੀਫਾ ਨਹੀਂ ਪਹੁੰਚਿਆ ਅਤੇ ਇਹ ਮਾਮਲਾ ਇੱਕ ਤਰ੍ਹਾਂ ਨਾਲ ਠੱਪ ਹੀ ਸਮਝੋ। ਉਨ੍ਹਾਂ ਕਿਹਾ ਕਿ ਛੋਟੇ ਮੋਟੇ ਗੁੱਸੇ ਗਿਲੇ ਤਾਂ ਹੁੰਦੇ ਹੀ ਰਹਿੰਦੇ ਹਨ ਛੇਤੀ ਹੀ ਕਾਂਗਰਸੀ ਪਰਿਵਾਰ ਇੱਕ ਮੰਚ ’ਤੇ ਇਕੱਠਾ ਹੋ ਜਾਵੇਗਾ। ਬਾਅਦ ਵਿਚ ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਬਾਦਲ ਸਰਕਾਰ ਦੀ ਸਖਤ ਆਲੋਚਨਾ ਕੀਤੀ। ਇਸ ਮੌਕੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ, ਸੂਬਾ ਜਨਰਲ ਸਕੱਤਰ ਰਾਮਪਾਲ ਢੈਪਈ, ਜ਼ਿਲ੍ਹਾ ਪ੍ਰਧਾਨ ਬਿਕਰਮ ਸਿੰਘ ਮੋਫ਼ਰ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ, ਸੱਤਪਾਲ ਵਰਮਾ, ਸਿਮਰਜੀਤ ਸਿੰਘ ਮਾਨਸ਼ਾਹੀਆ, ਅਵਤਾਰ ਸਿੰਘ ਜੋਗਾ, ਸੁਰਿੰਦਰਪਾਲ ਸਿੰਘ ਆਹਲੂਵਾਲੀਆ ਆਦਿ ਨੇ ਸੰਬੋਧਨ ਕੀਤਾ।