ਸਾਦਿਕ, 9 ਨਵੰਬਰ (ਗੁਲਜ਼ਾਰ ਮਦੀਨਾ, ਗੁਰਵਿੰਦਰ ਔਲਖ)-ਅਜ-ਕਲ੍ਹ ਵਧ ਰਹੀਆਂ ਚੋਰੀ, ਡਕੈਤੀ, ਅਗਵਾਕਾਂਡ ਅਤੇ ਹੋਰ ਸਮਾਜ ਵਿਰੋਧੀ ਘਟਨਾਵਾਂ ਨੂੰ ਨਥ ਪਾਉਣ ਲਈ ਪੰਜਾਬ ਪੁਲਿਸ ਨੇ ਸ਼ਿਕੰਜਾ ਹੋਰ ਕਸ ਦਿਤਾ ਹੈ ਅਤੇ ਹੁਣ ਸਮਾਜ ਵਿਰੋਧੀ ਅਨਸਰਾਂ ਨੂੰ ਕਰੜੇ ਹਥੀ ਲਿਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਥਾਣਾ ਸਾਦਿਕ ਦੇ ਮੁਖ ਅਫ਼ਸਰ ‘ਗੁਰਜੰਟ ਸਿੰਘ’ ਨੇ ਪਿਛਲੇ ਦਿਨੀਂ ਸਾਦਿਕ ਦੇ ਸਮੂਹ ਪਤਰਕਾਰਾ ਭਾਈਚਾਰੇ ਨਾਲ ਇਕ ਵਿਸ਼ੇਸ਼ ਪ੍ਰੈਸ ਮਿਲਣੀ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਇਹ ਲੋਕ ਪੰਜਾਬ ਨੂੰ ਬਰਬਾਦ ਕਰਨ ’ਤੇ ਤੁਲੇ ਹੋਏ ਹਨ, ਇਨ੍ਹਾਂ ਲੋਕਾਂ ਦੇ ਡਰ ਨਾਲ ਆਮ ਲੋਕਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ’ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਲੋਕਾਂ ਨੂੰ ਡਰ-ਡਰ ਕੇ ਜਿਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਪਰ ਪੰਜਾਬ ਪੁਲਿਸ ਇਹੋ-ਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਕਰੜੇ ਹਥੀ ਲੈਂਦੇ ਹੋਏ ਇਨ੍ਹਾਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਕਦੀ ਵੀ ਗੁਰੇਜ਼ ਨਹੀਂ ਕਰੇਗੀ। ਉਨ੍ਹਾਂ ਅਗੇ ਕਿਹਾ ਕੇ ਪੰਜਾਬ ਪੁਲਿਸ ਹਮੇਸ਼ਾਂ ਹੀ ਲੋਕਾਂ ਦੇ ਹਿਤਾਂ ਲਈ ਰਾਖੀ ਕਰਦੀ ਹੈ ਅਤੇ ਹਮੇਸ਼ਾ ਹੀ ਲੋਕਾਂ ਦੇ ਨਾਲ ਹੈ ਪਰ ਅਜਿਹੇ ਗਲਤ ਅਨਸਰ ਪੁਲਿਸ ਨੂੰ ਬਦਨਾਮ ਕਰਕੇ ਪੰਜਾਬ ਪੁਲਿਸ ਦੇ ਅਕਸ ਵਿਗਾੜਨ ਦੀ ਵੀ ਕੋਸ਼ਿਸ਼ ਕਰਦੇ ਹਨ ਜਦਕਿ ਪੰਜਾਬ ਪੁਲਿਸ ਹਮੇਸ਼ਾ ਹੀ ਆਮ ਜਨਤਾ ਦਾ ਸਾਥ ਮੰਗਦੀ ਹੈ ਅਤੇ ਵਿਸ਼ਵਾਸ ਦੁਆਉਂਦੀ ਹੈ ਕਿ ਜੇਕਰ ਆਮ ਜਨਤਾ ਪੁਲਿਸ ਦਾ ਬਿਨ੍ਹਾਂ ਕਿਸੇ ਡਰ ਤੋਂ ਸਾਥ ਦੇਵੇ ਤਾਂ ਅਜਿਹੇ ਗਲਤ ਅਨਸਰਾਂ ਨੂੰ ਬਹੁਤ ਜਲਦ ਨਥ ਪਾਈ ਜਾ ਸਕਦੀ ਹੈ। ਉਨ੍ਹਾਂ ਅਗੇ ਕਿਹਾ ਕਿ ਸਕੂਲਾਂ, ਕਾਲਜਾਂ ਦੀ ਛੁਟੀ ਦੇ ਟਾਈਮ ’ਤੇ ਸਕੂਲਾਂ ਜਾਂ ਕਾਲਜਾਂ ਅਗੇ ਮੋਟਰਸਾਈਕਲਾਂ ’ਤੇ ਮਟਰ ਗਸ਼ਤੀ ਕਰਦੇ ਨੌਜਵਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਜਿਹੇ ਨੌਜਵਾਨਾਂ ਨੂੰ ਕਦੀ ਵੀ ਬਖ਼ਸ਼ਿਆ ਨਹੀਂ ਜਾਵੇਗਾ ਕਿਉਂਕਿ ਪੰਜਾਬ ਪੁਲਿਸ ਵਲੋਂ ਸਮੇਂ-ਸਮੇਂ ’ਤੇ ਗਸ਼ਤ ਕਰਕੇ ਅਜਿਹੇ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੁਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਅਗੇ ਕਿਹਾ ਕਿ ਪੰਜਾਬ ਸਰਕਾਰ ਦਾ ਮੁਖ ਟੀਚਾ ਹੈ ਕਿ ਪੰਜਾਬ ਵਿਚੋਂ ਨਸ਼ੇ ਨੂੰ ਜਲਦ ਤੋਂ ਜਲਦ ਜੜ੍ਹੋਂ ਖ਼ਤਮ ਕਰਨਾ ਹੈ, ਜਿਸ ਵਿਚ ਪੰਜਾਬ ਪੁਲਿਸ ਦੀ ਮੁਖ ਭੂਮਿਕਾ ਹੋਵੇਗੀ ਅਤੇ ਪੰਜਾਬ ਪੁਲਿਸ ਵੀ ਨਸ਼ੇ ਕਰਨ ਜਾਂ ਵੇਚਣ ਵਾਲਿਆਂ ਵਿਰੁਧ ਤੁਰੰਤ ਕਾਰਵਾਈ ਕਰੇਗੀ।
ਸਮਾਜ ਵਿਰੋਧੀ ਅਨਸਰਾਂ ਨੂੰ ਕਰੜੇ ਹਥੀ ਲਿਆ ਜਾਵੇਗਾ : ਥਾਣਾ ਮੁਖੀ



