ਫਰੀਦਕੋਟ, 7 ਨਵੰਬਰ (ਗੁਰਜੀਤ ਰੋਮਾਣਾ)- ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਪਰਾਸ਼ਰ ਨੇ ਦਸਿਆ ਕਿ ਜ਼ਿਲੇ ਨੂੰ ਪਲਾਸਟਿਕ ਬੈਗਜ਼ ਤੋਂ ਮੁਕਤ ਕਰਨ ਸਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ 5 ਕੁਇੰਟਲ ਪਲਾਸਟਿਕ ਦੇ ਲਿਫ਼ਾਫੇ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜੁਰਮਾਨੇ ਵਜੋਂ 31ਹਜ਼ਾਰ ਰੁਪਏ ਅਤੇ ਸ਼ਹਿਰ ‘ਚ ਵਖ ਵਖ ਥਾਵਾਂ ਤੇ ਚੈਕਿੰਗ ਦੇ 6 ਚਲਾਨ ਵੀ ਕਟੇ ਗਏ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ ਇੰਦਰ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਪਰਾਸ਼ਰ ਦੀਆਂ ਹਦਾਇਤਾਂ ‘ਤੇ ਜ਼ਿਲਾ ਫਰੀਦਕੋਟ ‘ਚ ਪਲਾਸਟਿਕ ਲਿਫਾਫ਼ਿਆ ਦਾ ਕਾਰੋਬਾਰ ਕਰਨ ਵਾਲਿਆਂ ਤੇ ਪੜਾਅਵਾਰ ਕਾਰਵਾਈ ਆਰੰਭੀ ਗਈ ਸੀ। ਜਿਸ ਅਧੀਨ ਪਹਿਲਾਂ ਹੋਲਸੇਲ ਪਲਾਸਟਿਕ ਕਾਰੋਬਾਰੀਆਂ ਤੇ ਛਾਪੇਮਾਰੀ ਕੀਤੀ ਗਈ। ਇਸ ਤੋਂ ਬਾਅਦ ਰਿਟੇਲ ‘ਚ ਕੰਮ ਕਰਨ ਵਾਲਿਆਂ ਤੇ ਸ਼ਿਕੰਜ਼ਾ ਕਸਣ ਦੀ ਤਿਆਰੀ ਕੀਤੀ ਗਈ ਪਰ ਫੇਰ ਵੀ ਪਾਬੰਦੀਸ਼ੁਦਾ ਪਲਾਸਟਿਕ ਲਿਫ਼ਾਫੇ ਗਾਹੇ ਬਗਾਹੇ ਵਿਕ ਰਹੇ ਸਨ। ਜਿਸ ਤੇ ਵਿਭਾਗ ਵਲੋਂ ਲਗਾਤਾਰ ਨਿਗਰਾਨੀ ਕੀਤੀ ਗਈ। ਇਸ ਤੋਂ ਬਾਅਦ ਐਸ.ਡੀ.ਐਮ ਸ. ਗੁਰਜੀਤ ਸਿੰਘ ਦੀ ਅਗਵਾਈ ਹੇਠ ਗਠਿਤ ਟੀਮ ਵਲੋਂ 5 ਕੁਇੰਟਲ ਪਲਾਸਟਿਕ ਦੇ ਲਿਫ਼ਾਫੇ ਜ਼ਬਤ ਕੀਤੇ ਗਏ। ਚੈਕਿੰਗ ਦੌਰਾਨ ਕੋਟਕਪੂਰਾ ਸ਼ਹਿਰ ਦੇ ਰਹਿਣ ਵਾਲਾ ਪਲਾਸਟਿਕ ਕਾਰੋਬਾਰੀ ਆਪਣੀ ਸਕੂਟੀ ਤੇ ਫਰੀਦਕੋਟ ਸ਼ਹਿਰ ਲਿਫ਼ਾਫੇ ਸਪਲਾਈ ਕਰਦਾ ਸੀ। ਇਸ ਉਪਰੰਤ ਨਗਰ ਕੌਸਲ ਵਲੋਂ 20 ਹਜ਼ਾਰ ਰੁਪਏ ਦਾ ਰਾਜ਼ੀਨਾਮਾ ਫੀਸ ਵਸੂਲੀ ਗਈ ਤੇ ਚੇਤਾਵਨੀ ਦੇ ਕੇ ਛਡ ਦਿਤਾ ਗਿਆ। ਇਸ ਤਰਾਂ ਇਕ ਹੋਰ ਵਿਅਕਤੀ ਜੋ ਕਿ ਆਪਣੇ ਸਕੂਟਰ ਰਾਹੀਂ ਰੇਹੜੀ ਵਾਲਿਆਂ ਨੂੰ ਲਿਫ਼ਾਫੇ ਵੇਚਦਾ ਫੜਿਆ ਗਿਆ ਜਿਸ ਦਾ ਚਲਾਨ ਕਰਕੇ ਉਸ ਤੋਂ 5 ਹਜ਼ਾਰ ਰੁਪਏ ਦੀ ਰਾਜ਼ੀਨਾਮਾ ਫੀਸ ਵਸੂਲੀ ਗਈ। ਇਸ ਤੋਂ ਇਲਾਵਾ ਵਖ ਵਖ ਥਾਵਾਂ ਤੇ ਚੈਕਿੰਗ ਦੌਰਾਨ 6 ਚਲਾਨ ਕਟੇ ਗਏ ਜਿੰਨਾਂ ਤੋਂ 6 ਹਜ਼ਾਰ ਰੁਪਏ ਦੀ ਰਾਜੀਨਾਮ ਫੀਸ ਵਸੂਲੀ ਕੀਤੀ ਗਈ ਹੈ। ਕਾਰਜ ਸਾਧਕ ਅਫ਼ਸਰ ਨੇ ਦਸਿਆ ਹੁਣ ਰਿਟੇਲ ਤੇ ਸਮਾਨ ਵੇਚਣ ਵਾਲਿਆਂ ਅਤੇ ਰੇਹੜੀ ਚੈਕਿੰਗ ਕੀਤੀ ਜਾ ਰਹੀ ਹੈ।ਹਾਲ ਦੀ ਘੜੀ ਜਿੰਨਾਂ ਦੁਕਾਨਦਾਰਾਂ, ਰੇਹੜੀ ਵਾਲਿਆਂ ਤੋਂ ਪਾਬੰਦੀਸ਼ੁਦਾ ਪਲਾਸਟਿਕ ਲਿਫ਼ਾਫੇ ਬਰਾਮਦ ਕੀਤੇ ਗਏ ਹਨ। ਉਨਾਂ ਨੂੰ ਚੇਤਾਵਨੀ ਦੇ ਕੇ ਛਡ ਦਿਤਾ ਗਿਆ ਹੈ, ਪਰ ਦੁਬਾਰਾ ਲਿਫ਼ਾਫੇ ਮਿਲਣ ਤੇ ਚਲਾਨ ਤੋ ਇਲਾਵਾ ਜੁਰਮਾਨਾ ਵੀ ਵਸੂਲਿਆ ਜਾਵੇਗਾ। ਇਸ ਮੌਕੇ ਏ.ਐਮ.ਈ ਸ਼੍ਰੀ ਰਾਕੇਸ਼ ਕੰਬੋਜ਼ ਵੀ ਹਾਜ਼ਰ ਸਨ।
5 ਕੁਇੰਟਲ ਪਲਾਸਟਿਕ ਦੇ ਲਿਫ਼ਾਫੇ ਜ਼ਬਤ : ਡੀ.ਸੀ.



