ਸਰਦੂਲਗੜ੍ਹ, 7 ਨਵਬਰ (ਬਲਜੀਤਪਾਲ, ਵਿਪਨ ਗੋਇਲ)- ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਪੈ ਰਹੀ ਸੰਘਣੀ ਧੁੰਦ ਨੇ ਸਕੂਲਾਂ ਦੀ ਸਮਾਂ ਸਾਰਨੀ ਬਿਗਾੜ ਦਿੱਤੀ ਹੈ। ਜਿੱਥੇ ਧੁੰਦ ਕਾਰਨ ਦੂਰ ਦੁਰਾਡੇ ਤੋਂ ਦੋ ਪਹੀਆ ਵਾਹਨਾਂ ਰਾਹੀਂ ਸਕੂਲ ਪੁੱਜਣ ਵਾਲੇ ਅਧਿਆਪਕ ਪਛੜ ਕੇ ਆ ਰਹੇ ਹਨ ਉਥੇ ਹੀ ਵਿਦਿਆਰਥੀ ਵੀ ਦੇਰੀ ਨਾਲ ਸਕੂਲਾਂ ਵਿੱਚ ਪੁੱਜ ਰਹੇ ਹਨ। ਧੁੰਦ ਦਾ ਸਭ ਤੋਂ ਵੱਧ ਅਸਰ ਨਿੱਜੀ ਸਕੂਲਾਂ ਦੇ ਵੈਨ ਸਿਸਟਮ ’ਤੇ ਪਿਆ ਹੈ। ਬਾਬਾ ਫਰੀਦ ਸਕੂਲ ਦੇ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਧੁੰਦ ਕਰਨ ਸਕੂਲ ਵੈਨਾਂ ਆਮ ਨਾਲੋਂ ਅੱਧੇ ਤੋਂ ਲੈ ਕੇ ਇੱਕ ਘੰਟਾ ਪਛੜ ਰਹੀਆਂ ਹਨ। ਉਨ੍ਹਾਂ ਦੱਸਿਆ ਅਸੀਂ ਸਮੂਹ ਵੈਨ ਚਾਲਕਾਂ ਨੂੰ ਹਦਾਇਤ ਕੀਤੀ ਹੋਈ ਹੈ ਕਿ ਸਫਰ ਦੌਰਾਨ ਕਿਸੇ ਵੀ ਕਿਸਮ ਦੀ ਕਾਹਲ ਨਾ ਕੀਤੀ ਜਾਵੇ। ਉਨ੍ਹਾਂ ਦੱਸਿਆ ਇਸਦੇ ਹੱਲ ਲਈ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਤੋਂ ਛੋਟ ਦਿੱਤੀ ਗਈ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਪੁਰ ਦੇ ਮੁਖੀ ਨਰਿੰਦਰ ਸਿੰਘ ਮਾਖਾ ਨੇ ਦੱਸਿਆ ਨੇੜਲੇ ਪਿੰਡਾਂ ਤੋਸਾਇਕਲਾਂ ਰਾਹੀਂ ਸਕੂਲ ਪੁੱਜਣ ਵਾਲੇ ਵਿਦਿਆਰਥੀ ਕਾਫੀ ਪਛੜ ਰਹੇ ਹਨ।
ਉਨ੍ਹਾਂ ਕਿਹਾ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅਸੀਂ ਵਿਦਿਆਰਥੀਆਂ ਨੂੰ ਘਰੋਂ ਥੋੜਾ ਜਲਦੀ ਚੱਲਣ ਅਤੇ ਸਫਰ ਦੌਰਾਨ ਖੱਬੇ ਹੱਥ ਅਰਾਮ ਨਾਲ ਚੱਲਣ ਦੀ ਹਦਾਇਤ ਕੀਤੀ ਹੈ। ਧੁੰਦ ਕਾਰਨ ਜਿੱਥੇ ਸਕੂਲਾਂ ਦੀ ਸਮਾਂ ਸਾਰਨੀ ਬਿਗੜੀ ਹੈ ਉਥੇ ਹੀ ਆਮ ਰਾਹਗੀਰ ਵੀ ਕਾਫੀ ਮੱਧਮ ਚਾਲ ਚੱਲ ਰਹੇ ਹਨ। ਸਰਦੂਲਗੜ੍ਹ ਤੋਂ ਮਾਨਸਾ ਜਾਣ ਵਾਲੀ ਇੱਕ ਬੱਸ ਦੇ ਚਾਲਕ ਤਰਸੇਮ ਸਿੰਘ ਨੇ ਦੱਸਿਆ ਅਸੀਂ ਆਮ ਨਾਲੋਂ ਚਾਰ ਗੁਣਾ ਘੱਟ ਗਤੀ ’ਤੇ ਚੱਲ ਰਹੇ ਹਾਂ। ਉਨ੍ਹਾਂ ਦੱਸਿਆ ਅੱਜ ਬਹੁਤ ਜਿਆਦਾ ਧੁੰਦ ਹੋਣ ਕਾਰਨ ਸੜਕ ’ਤੇ ਦਸ ਫੁੱਟ ਦੀ ਦੂਰੀ ’ਤੇ ਦੇਖਣ ’ਚ ਵੀ ਪ੍ਰੇਸ਼ਾਨੀ ਆ ਰਹੀ ਸੀ । ਮੀਰਪੁਰ ਕਲਾਂ ਤੋਂ ਮੋਟਰਸਾਇਕਲ ਰਾਹੀਂ ਸਰਦੂਲਗੜ੍ਹ ਆਉਣ ਵਾਲੇ ਪ੍ਰਕਾਸ਼ ਸਿੰਘ ਨੇ ਦੱਸਿਆ ਮੈਂ ਪਹਿਲਾਂ ਨਾਲੋਂ ਛੇ ਗੁਣਾ ਘੱਟ ਗਤੀ (ਤੇ ਆਪਣਾ ਵਾਹਨਾ ਚਲਾ ਰਿਹਾ ਹਾਂ।
ਉਨ੍ਹਾਂ ਕਿਹਾ ਇਹ ਧੁੰਦ ਮੌਸਮ ਦੀ ਪਹਿਲੀ ਬੇਮੌਸਮੀ ਧੁੰਦ ਹੈ। ਇਸ ਵਿੱਚ ਪਾਣੀ ਦੀਆਂ ਬੂੰਦਾਂ ਦੇ ਨਾਲ ਪਰਾਲੀ ਦਾ ਧੁੰਆ ਮਿਲਣ ਕਰਕੇ ਦੂਰ ਤੱਕ ਦੇਖਣ ਦੀ ਸ਼ਕਤੀ ਕਾਫੀ ਘੱਟ ਹੈ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਰੂਪ ਸਿੰਘ ਭਾਰਤੀ ਨੇ ਸਮੂਹ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਸਵੇਰ ਦੀ ਸਭਾ ਦੌਰਾਨ ਧੁੰਦ ਕਾਰਨ ਵਾਪਰਨ ਵਾਲੀਆਂ ਘਟਨਾਵਾਂ ਤੋਂ ਵਿਦਿਆਰਥੀਆ ਨੂੰ ਜਾਣੂ ਕਰਵਾਉਣ ਅਤੇ ਵਿਦਿਆਰਥੀਆਂ ਸਮੇਤ ਅਧਿਆਪਕਾਂ ਨੂੰ ਧਿਆਨ ਨਾਲ ਸਫਰ ਕਰਨ ਦੀ ਅਪੀਲ ਕਰਨ।
ਧੂੰਏ ਰਲੀ ਸੰਘਣੀ ਧੁੰਦ ਕਾਰਨ ਬਿਗੜੀ ਸਕੂਲਾਂ ਦੀ ਸਮਾਂ ਸਾਰਨੀ ,ਦੂਰ ਦੁਰਾਡੇ ਤੋਂ ਆਉਣ ਵਾਲੇ ਵਿਦਿਆਰਥੀ ਰਾਹਾਂ ’ਚ ਗੁੰਮੇ



