ਸਰਦੂਲਗੜ੍ਹ, 7 ਅਕਤੂਬਰ (ਨਰਾਇਣ ਗਰਗ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਜ਼ਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕੇ ਦੀ ਅਗਵਾਈ ਹੇਠ ਮਾਰਕਿਟ ਕਮੇਟੀ ਦਫਤਰ ਵਿਖੇ ਧਰਨਾ ਦਿੱਤਾ ਗਿਆ।ਧਰਨੇ ਸਮੇਂ ਸੰਬੋਧਨ ਕਰਦਿਆਂ ਮਲੂਕ ਸਿੰਘ ਨੇ ਕਿਹਾ ਕਿ ਬਾਸਮਤੀ ਝੋਨੇ ਦੀ ਖਰੀਦ ਸਮੇਂ ਕਿਸਾਨਾਂ ਦੀ ਪ੍ਰਾਈਵੇਟ ਖਰੀਦ ਏਜੰਸੀਆਂ ਵੱਲੋਂ ਲਗਭਗ 400 ਰੁਪਏ ਪ੍ਰਤੀ ਕੁਵਿੰਟਲ ਘੱਟ ਰੇਟ ’ਤੇ ਖਰੀਦ ਕੇ ਲੁੱਟ ਕੀਤੀ ਜਾ ਰਹੀ ਹੈ।ਜਦਕਿ ਨਾਲ ਲਗਦੀਆਂ ਹਰਿਆਣੇ ਦੀਆਂ ਮੰਡੀਆਂ ’ਚ ਬਾਸਮਤੀ ਝੋਨਾ ਤਿੰਨ ਹਜ਼ਾਰ ਤੋਂ ਬੱਤੀ ਸੌ ਪ੍ਰਤੀ ਕੁਵਿੰਟਲ ਝੋਨਾ ਖਰੀਦਿਆ ਜਾ ਰਿਹਾ ਹੈ।ਉਹਨਾਂ ਮਾਰਕਿਟ ਕਮੇਟੀ ’ਤੇ ਦੋਸ਼ ਲਗਾਉਂਦਿਆ ਕਿਹਾ ਕਿ ਮੰਡੀ ’ਚ ਆ ਰਹੇ ਝੋਨੇ ਦੀ ਕਮੇਟੀ ਵੱਲੋਂ ਕੋਈ ਰਿਕਾਰਡ ਨਹੀਂ ਰੱਖਿਆ ਜਾ ਰਿਹਾ।ਹੀਰਕੇ ਨੇ ਕਿਹਾ ਕਿ ਝੋਨੇ ਦੀ ਖਰੀਦ ਮੌਕੇ ਨਾ ਤਾਂ ਕਮੇਟੀ ਦਾ ਇੰਸਪੈਕਟਰ ਪਹੁੰਚਦਾ ਹੈ ਅਤੇ ਨਾਂ ਹੀ ਕੋਈ ਕਰਮਚਾਰੀ ਜਿਸ ਕਾਰਨ ਪ੍ਰਾਈਵੇਟ ਖਰੀਦ ਏਜੰਸੀਆਂ ਵੱਧ ਨਮੀ ਦਾ ਬਹਾਨਾ ਲਾਕੇ ਘੱਟ ਰੇਟ ’ਤੇ ਝੋਨਾ ਖਰੀਦ ਰਹੀਆਂ ਹਨ।
ਧਰਨੇ ਮੌਕੇ ਪਹੁੰਚੇ ਤਹਿਸੀਲਦਾਰ ਸੰਧੂਰਾ ਸਿੰਘ ਤੇ ਮਾਰਕਿਟ ਕਮੇਟੀ ਸੱਕਤਰ ਮਨਮੋਹਨ ਸਿੰਘ ਨੇ ਕਿਸਾਨਾਂ ਅਤੇ ਪ੍ਰਾਈਵੇਟ ਖਰੀਦ ਏਜੰਸੀਆਂ ਦੀ ਬੈਠਕ ਕਰਵਾਈ ਗਈ। ਕਿਸਾਨਾਂ ਨੇ ਏਜੰਸੀਆਂ ਨੂੰ ਕਿਹਾ ਕਿ ਜੇ ਝੋਨੇ ਦਾ ਰੇਟ ਹਰਿਆਣੇ ਦੀਆਂ ਮੰਡੀਆਂ ਅਨੁਸਾਰ ਦਿੱਤਾ ਜਾਵੇਗਾ ਤਾਂ ਹੀ ਝੋਨੇ ਦੀ ਖਰੀਦ ਕਰਵਾਈ ਜਾਵੇਗੀ। ਇਸ ਸਬੰਧੀ ਸਕੱਤਰ ਮਨਮੋਹਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੰਡੀ ’ਚ ਆ ਰਹੇ ਝੋਨੇ ਦਾ ਪੂਰਾ ਰਿਕਾਰਡ ਰੱਖਿਆ ਜਾ ਰਿਹਾ ਹੈ,ਪਰਮਲ ਦੀ ਖਰੀਦ ਸਹੀ ਢੰਗ ਨਾਲ ਹੋ ਰਹੀ ਹੈ। ਬਾਸਮਤੀ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸਦਾ ਜਲਦੀ ਕੋਈ ਹੱਲ ਕੀਤਾ ਜਾਵੇਗਾ।
ਕਿਸਾਨ ਯੂਨੀਅਨ ਨੇ ਮਾਰਕਿਟ ਕਮੇਟੀ ਅੱਗੇ ਲਾਇਆ ਧਰਨਾ



