ਸ੍ਰੀ ਆਨੰਦਪੁਰ ਸਾਹਿਬ-ਨੈਣਾ ਦੇਵੀ ਰੋਪਵੇ ਪ੍ਰੋਜੈਕਟ ਹਰ ਹਾਲ ‘ਚ ਬਣਾਇਆ ਜਾਵੇਗਾ : ਧੂਮਲ
ਸ੍ਰੀ ਆਨੰਦਪੁਰ ਸਾਹਿਬ, 4 ਨਵੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਹਿਮਾਚਲ ਪ੍ਰਦੇਸ਼ ਦੀ ਜਨਤਾ ਭਾਜਪਾ ਨੂੰ 60 ਤੋਂ ਵੱਧ ਸੀਟਾਂ ਜਿਤਾ ‘ਤੇ ਕਾਂਗਰਸ ਨੂੰ ਸੱਤਾ ‘ਤੇ ਬਾਹਰ ਤੇ ਭਾਜਪਾ ਦੀ ਵਾਪਸੀ ਕਰਨ ਦਾ ਮਨ ਬਣਾ ਚੁੱਕੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਪਹੁੰਚੇ ਸਾਬਕਾ ਮੁੱਖ ਮੰਤਰੀ ਪ੍ਰੋਫੈਸਰ ਪ੍ਰੇਮ ਕੁਮਾਰ ਧੂਮਲ ਨੇ ਕੀਤਾ। ਦੇਰ ਨਾਲ ਹੀ ਸਹੀ ਪਰ ਹਿਮਾਚਲ ਪ੍ਰਦੇਸ਼ ਅੰਦਰ ਭਾਜਪਾ ਹਾਈਕਮਾਂਡ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪੂਰੀ ਤਰ੍ਹਾਂ ਦੇ ਨਾਲ ਆਸਵੰਦ ਨਜ਼ਰ ਆ ਰਹੇ ਪ੍ਰੋਫੈਸਰ ਪ੍ਰੇਮ ਕੁਮਾਰ ਧੂਮਲ ਨੇ ਕਿਹਾ ਕਿ ਪਹਿਲਾਂ ਭਾਜਪਾ ਦਾ ਨਾਅਰਾ 50 ਤੋਂ ਵੱਧ ਸੀਟਾਂ ਲੈਣ ਦੀ ਸੀ ਪਰ ਹੁਣ ਅਸੀਂ ਇਹ ਨਾਅਰਾ ਬਦਲ ਕੇ 60 ਤੋਂ ਵੱਧ ਸੀਟਾਂ ਲੈਣ ਦਾ ਕਰ ਦਿੱਤਾ ਹੈ। ਧੂਮਲ ਨੇ ਵੀਰਭੱਦਰ ਦੇ ਬਿਆਨ ਦਾ ਜੁਆਬ ਦਿੰਦੇ ਹੋਏ ਕਿਹਾ ਕਿ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਚਾਹੇ ਉਹ ਕੌਮੀ ਹੋਵੇ ਜਾਂ ਫਿਰ ਸੂਬਾਈ ਹੋਵੇ ਪੂਰੀ ਇਕਜੁੱਟਤਾ ਦੇ ਨਾਲ ਦੇਵ ਭੂਮੀ ਹਿਮਾਚਲ ‘ਚੋ ਭ੍ਰਿਸ਼ਟਚਾਰ ‘ਚ ਲਿਪਤ ਅਤੇ ਖਣਨ, ਬਦਲੀ, ਟੈਂਡਰ, ਵਣ ਅਤੇ ਡਰੱਗ ਮਾਫੀਆ ਦੇ ਹੱਥਾਂ ‘ਚ ਚੱਲ ਰਹੀ ਵੀਰਭੱਦਰ ਸਰਕਾਰ ਨੂੰ ਚਲਦਾ ਕਰਨ ਦੇ ਲਈ ਡਟੀ ਹੋਈ ਹੈ। ਪਰ ਦੂਸਰੇ ਪਾਸੇ ਕੌਮੀ ਲੀਡਰਸ਼ਿਪ ਤੋਂ ਸੱਖਣੀ ਕਾਂਗਰਸ ਪਾਰਟੀ ਨੂੰ ਚੋਣ ਪ੍ਰਚਾਰ ਲਈ ਹਿਮਾਚਲ ਪ੍ਰਦੇਸ਼ ‘ਚ ਬੁਲਾਉਣ ਦੀ ਬਜਾਏ ਵੀਰਭੱਦਰ ਇਸ ਗੱਲ ਤੋਂ ਚਿੰਤਤ ਹਨ ਕਿ ਜਿੱਥੇ ਉਨ੍ਹਾਂ ਦੀ ਕੋਮੀ ਲੀਡਰਸ਼ਿਪ ਜਾਂਦੀ ਹੈ ਉਥੇ ਹੀ ਕਾਂਗਰਸ ਨੂੰ ਕਰਾਰੀ ਸ਼ਿਕਸਤ ਮਿਲਦੀ ਹੈ। ਇਸਲਈ ਉਹ ਆਪਣੇ ਲੀਡਰਾਂ ਨੂੰ ਸੱਦਾ ਦੇਣ ਦੀ ਬਜਾਏ ਭਾਜਪਾ ਦੀ ਇਕਜੁੱਟਤਾ ਬਾਰੇ ਗ਼ਲਤ ਬਿਆਨਬਾਜ਼ੀ ਕਰਕੇ ਡੰਗ ਟਪਾ ਰਹੇ ਹਨ। ਪ੍ਰੋਫੈਸਰ ਧੂਮਲ ਨੇ ਇਸ ਮੌਕੇ ਪੂਰੀ ਦ੍ਰਿੜਤਾ ਦੇ ਨਾਲ ਇਹ ਐਲਾਨ ਕੀਤਾ ਕਿ ਸੱਤਾ ‘ਚ ਵਾਪਸੀ ਕਰਨ ਤੋਂ ਬਾਅਦ ਹਿੰਦੂਆਂ ਅਤੇ ਸਿੱਖਾਂ ਦੇ ਧਾਰਮਿਕ ਸੈਰ ਸਪਾਟੇ ਨੂੰ ਪ੍ਰਫੁੱਲਿਤ ਕਰਨ ਵਾਲਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਦੇਣ ਵਾਲਾ ਸ੍ਰੀ ਆਨੰਦਪੁਰ ਸਾਹਿਬ-ਨੈਣਾ ਦੇਵੀ ਰੋਪਵੇ ਪ੍ਰੋਜੈਕਟ ਹਰ ਹਾਲ ‘ਚ ਬਣਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਸਥਾਨਕ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਆਰ ਐਸ ਐਸ ਦੇ ਸੰਗਠਨ ਮੰਤਰੀ ਰਾਮ ਲਾਲ, ਸਾਬਕਾ ਮੰਤਰੀ ਮਦਨ ਮੋਹਨ ਮਿੱਤਲ, ਨੈਣਾ ਦੇਵੀ ਤੋਂ ਵਿਧਾਇਕ ਤੇ ਉਮੀਦਵਾਰ ਰਣਧੀਰ ਸ਼ਰਮਾ, ਡਾ. ਪਰਮਿੰਦਰ ਸ਼ਰਮਾ, ਰਾਜੇਸ਼ ਚੌਧਰੀ, ਅਰਵਿੰਦ ਮਿੱਤਲ, ਰਘੂਕੁਲ ਭੂਸ਼ਣ, ਐਡਵੋਕੇਟ ਨਿਪੁੰਨ ਸੋਨੀ , ਇੰਦਰਜੀਤ ਸਿੰਘ ਬੇਦੀ , ਜਥੇਦਾਰ ਹਰਜੀਤ ਸਿੰਘ ਅਚਿੰਤ , ਕੁਲਦੀਪ ਪਾਠਕ , ਆਸ਼ੂ ਧੀਮਾਨ , ਭੁਪਿੰਦਰ ਸਿੰਘ ਬਜਰੂੜ , ਸੁਰਜੀਤ ਸਿੰਘ ਚੈਹੜਮਜਾਰਾ , ਅਜੈ ਰਾਣਾ , ਮੁਨੀਸ਼ ਧਰਮਾਣੀ , ਰਤਨ ਧਨੇੜਾ , ਪਵਨ ਮਹਿੰਦਲੀ , ਪ੍ਰਦੀਪ ਚੰਦਪੁਰ , ਹਰਭਜਨ ਸਿੰਘ ਯੋਗੀ , ਸੁਰਿੰਦਰ ਸਿੰਘ ਮਟੋਰ , ਜਸਵਿੰਦਰ ਕੋਰ , ਪਰਮਜੀਤ ਸਿੰਘ ਪੰਮਾ , ਐਡਵੋਕੇਟ ਵਿਨਾਇਕ ਸ਼ਰਮਾ , ਕੇ ਕੇ ਬੇਦੀ , ਬਲਰਾਮ ਪ੍ਰਾਸ਼ਰ ਸਮੇਤ ਵੱਡੀ ਗਿਣਤੀ ਚ’ ਵਰਕਰ ਹਾਜ਼ਰ ਸਨ।



