ਮਾਹਿਲਪੁਰ, 24 ਦਸੰਬਰ (ਸ਼ਿਵ ਕੁਮਾਰ ਬਾਵਾ)- ਬਿਸਤ ਦੋਆਬ ਨਹਿਰ ਤੋਂ ਪਿੰਡ ਭਗਤੂਪੁਰ ਨੂੰ ਜਾਣ ਵਾਲੀ ਸੰਪਰਕ ਸੜਕ ਦੀ ਬੇਹੱਦ ਖਸਤਾ ਹਾਲਤ ਕਾਰਨ ਪਿੰਡ ਦੇ ਲੋਕਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਭਗ 15 ਸਾਲ ਪਹਿਲਾਂ ਭਾਜਪਾ ਆਗੂ ਸੰਜੀਵ ਕੁਮਾਰ ਪਚਨੰਗਲ ਦੀਆਂ ਕੋਸ਼ਿਸ਼ਾਂ ਸਦਕਾ ਬਣੀ ਇਸ ਸੜਕ ਦੀ ਇਕ ਵਾਰ ਵੀ ਮੁਰੰਮਤ ਨਹੀਂ ਹੋਈ। ਇਸ ਸਬੰਧੀ ਬਲਾਕ ਸੰਮਤੀ ਮੈਂਬਰ ਅਤੇ ਪਿੰਡ ਦੇ ਸਾਬਕਾ ਸਰਪੰਚ ਸੰਜੀਵ ਕੁਮਾਰ ਨੇ ਦੱਸਿਆ ਕਿ ਪਿੰਡ ਭਗਤੂਪੁਰ ਨੂੰ ਜਾਣ ਵਾਲੀ ਇਹ ਇਕੋ ਇਕ ਸੰਪਰਕ ਸੜਕ ਹੈ ਜਿਸਦੀ 15 ਸਾਲ ਵਿੱਚ ਵਿਭਾਗ ਵਲੋਂ ਇਕ ਵਾਰ ਵੀ ਸਾਰ ਨਹੀਂ ਲਈ ਗਈ। ਉਹਨਾਂ ਦੱਸਿਆ ਕਿ ਇਸ ਸੜਕ ਵਿੱਚ ਪਹਿਲਾਂ ਹੀ ਡੂੰਘੇ ਡੂੰਘੇ ਟੋਏ ਪਏ ਹੋਏ ਸਨ ਜਦਕਿ ਰਹਿੰਦੀ ਕਸਰ ਇਕ ਭੱਠਾ ਮਾਲਕ ਵਲੋਂ ਭਾਰੀਆਂ ਗੱਡੀਆਂ ਵਿੱਚ ਮਿੱਟੀ ਢੋਹੁੰਦਿਆਂ ਕੱਢ ਦਿੱਤੀ ਗਈ। ਉਹਨਾਂ ਦੱਸਿਆ ਉਕਤ ਭੱਠਾ ਮਾਲਕ ਆਪਣਾ ਕੰਮ ਚਲਾਉਦਾ ਰਿਹਾ ਪ੍ਰੰਤੂ ਉਸਨੇ ਇਸ ਸੜਕ ਵਿੱਚ ਆਪਣੇ ਵਲੋਂ ਮਿੱਟੀ ਦੀ ਇਕ ਟੋਕਰੀ ਵੀ ਨਹੀਂ ਪਾਈ। ਇਸ ਸੜਕ ਤੋਂ ਗੱਡੀਆਂ ਮੋਟਰਾਂ ਤਾਂ ਕੀ ਪੈਦਲ ਚੱਲਣਾ ਵੀ ਮੁਸ਼ਕਲ ਹੈ। ਉਹਨਾਂ ਦੱਸਿਆ ਕਿ ਬਰਸਾਤ ਦੇ ਦਿਨਾ ਵਿੱਚ ਇਸ ਸੜਕ ਦੀ ਹਾਲਤ ਹੋਰ ਵੀ ਬਦਤਰ ਹੋ ਜਾਂਦੀ ਹੈ। ਸੜਕ ਦੇ ਨਾਲ ਲੱਗਦੇ ਖੇਤਾਂ ਵਿੱਚ ਫਸਲ ਬੀਜਣ ਅਤੇ ਕੱਟਣ ਜਾਣ ਲਈ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਟ੍ਰੈਕਟਰ ਟਰਾਲੀਆਂ ਅਤੇ ਹੋਰ ਮਸ਼ੀਨਰੀ ਖੇਤਾਂ ਵਿੱਚ ਲਿਜਾਉਣੀ ਔਖੀ ਹੋ ਜਾਂਦੀ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਸੜਕ ਦੀ ਮੁਰੰਮਤ ਪਹਿਲ ਦੇ ਅਧਾਰ ਤੇ ਕੀਤੀ ਜਾਵੇ।