ਖੰਨਾ, 27 ਅਕਤੂਬਰ (ਕੇ ਐਲ ਸਹਿਗਲ)-ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ ਸੀਟੂ ਵੱਲੋਂ ਸਾਰੇ ਪੰਜਾਬ ਵਿੱਚ ਆਪਣੇ ਆਪਣੇ ਜਿਲ੍ਹਾ ਹੈਡੱਕੁਆਟਰਾਂ ਉਤੇ ਕਾਲੀਆਂ ਚੁੰਨੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਕੜੀ ਤਹਿਤ ਅੱਜ ਖੰਨਾ ਵਿਖੇ ਆਂਗਨਵਾੜੀ ਮੁਲਾਜਮਾਂ ਵਲੋਂ ਕਾਲੀਆਂ ਚੁੰਨੀਆਂ ਲੈ ਕੇ ਰੋਸ ਜਾਹਰ ਕੀਤਾ ਗਿਆ। ਜਿਲ੍ਹਾਂ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਪ੍ਰਤੀ ਜੋ ਅਣਦੇਖੀ ਵਾਲਾ ਰਵੱਈਆ ਅਪਣਾਇਆ ਹੋਇਆ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਸਰਕਾਰ ਦੀਆਂ ਲਾਠੀਆਂ, ਅੱਥਰੂ ਗੈਸ, ਪਾਣੀ ਦੀਆਂ ਬੁਸ਼ਾਰਾਂ ਉਨ੍ਹਾਂ ਦੀ ਅਵਾਜ ਨੂੰ ਦਬਾਅ ਨਹੀਂ ਸਕਦੇ। ਹੱਕਾਂ ਲਈ ਲੜਨ ਵਾਲੇ ਲੋਕਾਂ ਦੇ ਹੌਸਲੇ ਜੇਲਾਂ ਦੀਆਂ ਕੰਧਾਂ ਘਟਾ ਨਹੀਂ ਸਕਦੀਆਂ। ਆਈ.ਸੀ.ਡੀ.ਐਸ ਸਕੀਮ 0 ਤੋਂ 6 ਸਾਲ ਦੇ ਬੱਚਿਆਂ ਦੇ ਸਰੀਰਕ ਅਤੇ ਬੌਧਿਕ ਵਿਕਾਸ ਦੇ ਨਾਲ ਨਾਲ ਸਮਾਜਿਕ ਸੁਰੱਖਿਆ ਦੀਆਂ ਸੇਵਾਵਾਂ ਮੈਦਾਨੀ ਪੱਧਰ ਤੇ ਲੋਕਾਂ ਤੱਕ ਪਹੁੰਚਦੀਆਂ ਕਰਦੀ ਹੈ। ਪਰ ਸਰਕਾਰਾਂ ਜਦੋਂ ਵੀ ਬਦਲਦੀਆਂ ਹਨ ਅਣਘੜੰਤ ਵਿਉਂਤਾ ਦੀਆਂ ਆਰੀਆਂ ਆਈ.ਸੀ.ਡੀ.ਐਸ ਸਕੀਮ ਉਤੇ ਚਲਾਉਣੀਆਂ ਸੁਰੂ ਕਰ ਦਿੱਤੀਆਂ ਜਾਂਦੀਆਂ ਹਨ। ਉਹਨਾਂ ਨੇ ਕਿਹਾ ਕਿ ਸਰਕਾਰਾਂ ਦੀਆਂ ਇਹ ਆਰੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੰਗਠਤ ਬਾਲ ਵਿਕਾਸ ਸੇਵਾਵਾਂ ਸਕੀਮ ਦੀ ਰਾਖੀ ਲਈ ਅਤੇ ਆਪਣੇ ਰੋਜਗਾਰ ਨੂੰ ਬਚਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ ਜਾਵੇਗਾ ਪਰ ਆਈ.ਸੀ.ਡੀ.ਐਸ ਉਤੇ ਆਂਚ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਐਲੀਮੈਂਟਰੀ ਅਧਿਆਪਕ ਯੂਨੀਅਨ ਨੂੰ ਵੀ ਅਪੀਲ ਕੀਤੀ ਕਿ ਉਹ ਨਰਸਰੀ ਵਿਰੋਧੀ ਨਹੀਂ ਹਨ। ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ ਸੀਟੂ ਸਿਰਫ ਸਰਕਾਰ ਦੀਆਂ ਗਲਤ ਵਿਉਂਤ ਬੰਦੀਆਂ ਦਾ ਵਿਰੋਧ ਕਰਦੀ ਹੈ। ਉਹਨਾਂ ਨੇ ਕਿਹਾ ਕਿ 800 ਸਕੂਲਾਂ ਨੂੰ ਬੰਦ ਕਰਨਾ ਇੱਕ ਬਹੁਤ ਹੀ ਨਿੰਦਣਯੋਗ ਫੈਸਲਾ ਹੈ ਅਤੇ ਵਾਂਝਾ ਕਰਨ ਦੀ ਘਟੀਆ ਨੀਤੀ ਹੈ। ਜਿਸ ਦੇ ਲਈ ਸਾਨੂੰ ਇਕ ਜੁੱਟ ਹੋ ਕੇ ਲੜਨ ਦੀ ਲੋੜ ਹੈ ਅਤੇ ਸਿੱਖਿਆ ਦਾ ਬੁਨਿਆਦੀ ਢਾਂਚਾ ਸੁਧਾਰਨ ਦੀ ਜਰੂਰਤ ਹੈ ਨਾ ਕਿ ਸਕੂਲਾਂ ਨੂੰ ਬੰਦ ਕਰਕੇ ਗਰੀਬ ਬੱਚਿਆਂ ਨੂੰ ਸਿੱਖਿਆ ਤੋਂ ਵਾਂਝੇ ਕਰਨ ਦੀ । ਉਹਨਾਂ ਨੇ ਕਿਹਾ ਕਿ ਯੂਨੀਅਨ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਜਲਦ ਤੋਂ ਜਲਦ ਹੱਕੀ ਅਤੇ ਜਾਇਜ ਮੰਗਾਂ ਦੇ ਨਿਪਟਾਰੇ ਲਈ ਯੂਨੀਅਨ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਅਤੇ ਪ੍ਰੀ ਨਰਸਰੀ ਸਿੱਖਿਆ ਆਂਗਣਵਾੜੀ ਕੇਂਦਰਾਂ ਵਿੱਚ ਹੀ ਬਹਾਲ ਰੱਖੀ ਜਾਵੇ।
ਅੱਜ ਦੇ ਧਰਨੇ ਵਿਚ ਮੁੱਖ ਆਗੂਆਂ ਤੋਂ ਬਿਨਾ ਅਮਰਜੀਤ ਕੌਰ ਪ੍ਰਧਾਨ, ਨਛੱਤਰ ਕੌਰ ਸੈਕਟਰੀ, ਸੁਮਨ ਖਜਾਨਚੀ, ਸ਼ਸ਼ੀ ਸ਼ਰਮਾ, ਬਲਵੀਰ ਕੌਰ, ਕੁਲਦੀਪ ਕੌਰ ਰੌਣੀ, ਜਸਵੀਰ ਕੌਰ ਮਾਜਰਾ, ਹਰਿੰਦਰ ਕੌਰ ਸੋਹਨਪੁਰ, ਰਵਿੰਦਰ ਕੌਰ ਰਾਏਪੁਰ, ਨਰਿੰਦਰ ਕੌਰ, ਗੁਰਪ੍ਰੀਤ ਕੌਰ ਲਿਬੜਾ ਆਦਿ ਹਾਜਰ ਸਨ।
ਆਈ.ਸੀ.ਡੀ.ਐਸ. ਦੀ ਰਾਖੀ ਲਈ ਸ਼ੰਘਰਸ ਰਹੇਗਾ ਜਾਰੀ



