ਚੰਡੀਗੜ੍ਹ, 20 ਦਸੰਬਰ (ਵਿਸ਼ਵ ਵਾਰਤਾ)-ਦਸਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜਨਾਹ ਅਤੇ ਸਰੀਰਕ ਛੇੜਛਾੜ ਕਰਨ ਵਾਲੇ ਚੰਡੀਗੜ੍ਹ ਪੁਲਿਸ ਦੇ ਪੰਜ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵਿਚ ਅੱਜ ਲੋਕਾਂ ਵੱਲੋਂ ਜਬਰਦਸਤ ਪ੍ਰਦਰਸ਼ਨ ਕੀਤਾ ਗਿਆ। ਰੋਸ-ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਜੇਕਰ ਸੁਰੱਖਿਆ ਕਰਨ ਵਾਲੇ ਹੀ ਸਮਾਜ ਲਈ ਖ਼ਤਰਾ ਬਣ ਜਾਣਗੇ ਤਾਂ ਆਮ ਇਨਸਾਨ ਦੀ ਹਿਫਾਜ਼ਤ ਕੌਣ ਕਰੇਗਾ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਦੂਸਰੇ ਪਾਸੇ ਇਸ ਮਾਮਲੇ ਦੇ ਪੰਜਵੇਂ ਦੋਸ਼ੀ ਚੰਡੀਗੜ੍ਹ ਪੁਲਿਸ ਦੇ ਸਿਪਾਹੀ ਅਨਿਲ ਨੂੰ ਵੀ ਅੱਜ ਦਬੋਚ ਲਿਆ ਗਿਆ। ਚਾਰ ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੰਜ ਦੋਸ਼ੀਆਂ ਨੂੰ ਅੱਜ ਕੋਰਟ ਵਿਚ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਸਾਰੇ ਦੋਸ਼ੀਆਂ ਨੂੰ ਬਰਖਾਸਤ ਵੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਾਂਗਰਸੀ ਵਰਕਰਾਂ ਨੇ ਸੈਕਟਰ-17 ਥਾਣੇ ਵਿਚ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਹੋਵੇ ਅਤੇ ਨਾਲ ਹੀ ਪੁਲਿਸ ਦੇ ਉਸ ਅਫਸਰ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਜਿਸ ਨੇ ਵਿਦਿਆਰਥਣ ‘ਤੇ ਦਬਾਅ ਪਾਇਆ ਕਿ ਉਹ ਮਾਮਲਾ ਵਾਪਸ ਲਵੇ। ਪੰਚਕੂਲਾ ਵਿਚ ਵੀ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਅੱਜ ਭਾਜਪਾ ਨੇ ਸੈਕਟਰ 17-18 ਦੇ ਚੌਕ ‘ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਚੰਡੀਗੜ੍ਹ ਪੁਲਿਸ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਤੇ ਪ੍ਰਸ਼ਾਸਨ ਨੇ ਸ਼ਾਂਤ ਰਹਿਣ ਦੀ ਅਪੀਲ ਕੀਤੀ, ਪਰ ਉਨ੍ਹਾਂ ਦਾ ਗੁੱਸਾ ਠੰਢਾ ਨਾ ਹੋਇਆ। ਪ੍ਰਦਰਸ਼ਨ ਦੌਰਾਨ ਚੰਡੀਗੜ੍ਹ ਦੀਆਂ ਕਈ ਸੜਕਾਂ ‘ਤੇ ਜਾਮ ਲੱਗ ਗਿਆ। ਕੁਝ ਪ੍ਰਦਰਸ਼ਨਕਾਰੀਆਂ ਨੇ ਸੀ.ਟੀ.ਯੂ ਦੀਆਂ ਬੱਸਾਂ ਰੋਕ ਕੇ ਵੀ ਰੋਸ-ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਪਿੰਡ ਖੁੱਡਾ ਲਾਹੌਰਾ ਦੀ ਰਹਿਣ ਵਾਲੀ ਦਸਵੀਂ ਜਮਾਤ ਦੀ 17 ਸਾਲਾ ਨਾਬਾਲਗ ਵਿਦਿਆਰਥਣ ਨਾਲ ਚੰਡੀਗੜ੍ਹ ਪੁਲਿਸ ਦੇ ਪੰਜ ਮੁਲਾਜ਼ਮਾਂ ਵੱਲੋਂ ਬਲਾਤਕਾਰ ਦਾ ਮਾਮਲਾ ਸਾਹਮਣੇ ਆਉਣ ਨਾਲ ਲੋਕਾਂ ਵਿਚ ਗੁੱਸੇ ਦੀ ਲਹਿਰ ਫੈਲ ਗਈ। ਇਸ ਮਾਮਲੇ ਵਿਚ ਪੁਲਿਸ ਨੇ ਪੀ.ਸੀ.ਆਰ ‘ਤੇ ਤਾਇਨਾਤ ਦੋ ਸਿਪਾਹੀਆਂ ਸੁਨੀਲ ਅਤੇ ਅਕਸ਼ੈ ਵਿਰੁੱਧ ਬਲਾਤਕਾਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ, ਜਦੋਂ ਕਿ ਸਿਪਾਹੀ ਜਗਤਾਰ, ਹਿੰਮਤ ਅਤੇ ਅਨਿਲ ਵਿਰੁੱਧ ਲੜਕੀ ਨਾਲ ਛੇੜਛਾੜ ਅਤੇ ਚਾਈਲਡ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਦੋਸ਼ੀਆਂ ਨੂੰ ਬੀਤੀ ਦੇਰ ਰਾਤ ਮੈਡੀਕਲ ਕਰਾਉਣ ਲਈ ਸੈਕਟਰ-16 ਹਸਪਤਾਲ ਲਿਆਇਆ ਗਿਆ ਤਾਂ ਲੋਕ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਨੇ ਪੁਲਿਸ ਦੀ ਪ੍ਰਵਾਹ ਕੀਤੇ ਬਿਨਾਂ ਦੋਸ਼ੀਆਂ ਦੀ ਕੁਟਮਾਰ ਕੀਤੀ। ਇਹ ਵੀ ਜ਼ਿਕਰਯੋਗ ਹੈ ਕਿ ਲਗਪਗ ਡੇਢ ਮਹੀਨੇ ਤੱਕ ਦਸਵੀਂ ਦੀ ਵਿਦਿਆਰਥਣ ਨਾਲ ਬਲਾਤਕਾਰ ਦੇ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਪੀੜਤ ਲੜਕੀ ਨੇ ਤਣਾਅ ਵਿਚ ਆ ਕੇ ਵੀਰਵਾਰ ਨੂੰ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੂਰਾ ਮਾਮਲਾ ਪੁਲਿਸ ਤੱਕ ਪਹੁੰਚ ਗਿਆ।