ਇਸਲਾਮਾਬਾਦ, 20 ਦਸੰਬਰ (ਪੀ. ਟੀ. ਬਿਊਰੋ)-ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੇ ਆਪਣੇ 9 ਸਾਲ ਦੇ ਰਾਜ ਦੌਰਾਨ ਹੋਈਆਂ ਗਲਤੀਆਂ ਲਈ ਮੁਆਫ ਕਰ ਦੇਣ ਦੀ ਬੇਨਤੀ ਕਰਦਿਆਂ ਕਿਹਾ ਹੈ ਕਿ ਉਹ ਸਾਰੇ ਮਾਮਲਿਆਂ ਦਾ ਸਾਹਮਣਾ ਕਰੇਗਾ ਤੇ ਡਰਪੋਕਾਂ ਵਾਂਗ ਦੇਸ਼ ਛੱਡ ਕੇ ਨਹੀਂ ਦੌੜੇਗਾ। ਮੁਸ਼ੱਰਫ ਨੇ ਇਕ ਮੁਲਾਕਾਤ ਦੌਰਾਨ ਕਿਹਾ ਹੈ ਕਿ ”ਮੈਂ ਜੋ ਵੀ ਕੁਝ ਕੀਤਾ ਹੈ ਉਹ ਦੇਸ਼ ਵਾਸਤੇ ਕੀਤਾ ਹੈ। ਇਹ ਗਲਤ ਹੋ ਸਕਦਾ ਹੈ ਪਰੰਤੂ ਇਸ ਪਿਛੇ ਮੇਰਾ ਇਰਾਦਾ ਬੁਰਾ ਨਹੀਂ ਸੀ। ਫਿਰ ਵੀ ਜੇਕਰ ਕੋਈ ਸੋਚਦਾ ਹੈ ਕਿ ਮੈਂ ਗਲਤੀ ਕੀਤੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ।” ਇਥੇ ਵਰਣਨਯੋਗ ਹੈ ਕਿ ਮੁਸ਼ੱਰਫ ਨੂੰ ਸਾਬਕਾ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ ਦੀ ਹੱਤਿਆ ਸਮੇਤ 4 ਵੱਡੇ ਮਾਮਲਿਆਂ ਵਿੱਚ ਜ਼ਮਾਨਤ ਮਿਲ ਚੁੱਕੀ ਹੈ ਪਰੰਤੂ ਵਿਸ਼ੇਸ਼ ਅਦਾਲਤ ਵਿਚ ਉਨ੍ਹਾਂ ਵਿਰੁੱਧ ਦੇਸ਼ ਨਾਲ ਗਦਾਰੀ ਕਰਨ ਦਾ ਮਾਮਲਾ ਸੁਣਵਾਈ ਅਧੀਨ ਹੈ। ਪਾਕਿਸਤਾਨ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਕਿਸੇ ਸਾਬਕਾ ਫੌਜੀ ਤਾਨਾਸ਼ਾਹ ਨੂੰ ਗਦਾਰੀ ਦੇ ਮਾਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ਵਿਚ ਜੇਕਰ ਮੁਸ਼ੱਰਫ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਉਮਰ ਕੈਦ ਜਾਂ ਮੌਤ ਦੀ ਸਜਾ ਹੋ ਸਕਦੀ ਹੈ।