June 24, 2026 11:18 pm

ਟੋਗੋ ਦੀ ਜੇਲ੍ਹ ਤੋਂ ਰਿਹਾਅ ਹੋਏ ਭਾਰਤੀ ਕਪਤਾਨ ਸੁਨੀਲ ਜੇਮਸ ਪਹੁੰਚੇ ਮੁੰਬਈ

ਮੁੰਬਈ, 20 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਟੋਗੋ ਦੀ ਜੇਲ੍ਹ ਤੋਂ ਵੀਰਵਾਰ ਨੂੰ ਰਿਹਾਅ ਹੋਏ ਭਾਰਤੀ ਵਪਾਰਕ ਜਹਾਜ਼ ਦੇ ਕਪਤਾਨ ਸੁਨੀਲ ਜੇਮਸ ਸ਼ੁੱਕਰਵਾਰ ਨੂੰ ਦੁਪਹਿਰ ਬਾਅਦ ਆਪਣੇ ਘਰ ਉਪ ਨਗਰ ਮਲਾਡ ਪਹੁੰਚ ਸਕਦੇ ਹਨ। ਜੇਮਸ ਨੂੰ ਦੋ ਭਾਰਤੀ ਜਲ ਸੈਨਿਕਾਂ ਨਾਲ ਅਫਰੀਕਾ ਦੇ ਪੱਛਮੀ ਤੱਟ ਕੋਲ ਐਮ. ਟੀ. ਓਸੇਨ ਸੇਂਚੁਰੀਅਨ ਜਹਾਜ਼ ਤੋਂ 31 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪਿਛਲੇ ਪੰਜ ਮਹੀਨਿਆਂ ਤੋਂ ਉਹ ਟੋਗੋ ਜੇਲ੍ਹ ਵਿੱਚ ਬੰਦ ਸਨ। ਭਾਰਤ ਸਰਕਾਰ ਅਤੇ ਜੇਮਸ ਦੇ ਪਰਿਵਾਰ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਜੇਮਸ ਅਤੇ ਹੋਰ ਜਲ ਸੈਨਿਕ ਵੀਰਵਾਰ ਦੀ ਸਵੇਰ ਨੂੰ ਰਿਹਾਅ ਹੋਏ ਅਤੇ ਦਿੱਲੀ ਲਈ ਰਵਾਨਾ ਹੋਏ। ਜੇਮਸ ਦੇ ਸਾਲੇ ਰਾਕੇਸ਼ ਮਡੱਪਾ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਚੰਗੀ ਹੋਣ ਦੀ ਖ਼ਬਰ ਹੈ ਅਤੇ ਜੈੱਟ ਏਅਰਵੇਜ਼ ਦੀ ਉਡਾਣ ਤੋਂ ਜੇਮਸ ਦਿੱਲੀ ਤੋਂ ਮੁੰਬਈ ਪਹੁੰਚ ਗਏ ਹਨ। ਉਹ ਦੱਖਣੀ ਦਿੱਲੀ ਦੇ ਮੁਰਦਾਘਰ ਵਿੱਚ ਰੱਖੀ ਆਪਣੇ ਇਕਲੌਤੇ 11 ਮਹੀਨੇ ਦੇ ਪੁੱਤਰ ਵਿਵਾਨ ਦੀ ਲਾਸ਼ ਦੇਖਣ ਜਾਣਗੇ। ਵਿਵਾਨ ਦੀ ਮੌਤ 2 ਦਸੰਬਰ ਨੂੰ ਹੋਈ ਸੀ। ਜ਼ਿਕਰਯੋਗ ਹੈ ਕਿ ਜੇਮਸ ਦੇ ਪਰਿਵਾਰ ਨੇ ਜੇਮਸ ਦੀ ਰਿਹਾਈ ਤੱਕ ਬੱਚੇ ਦਾ ਅੰਤਿਮ ਸੰਸਕਾਰ ਨਾ ਕਰਨ ਦਾ ਫੈਸਲਾ ਕੀਤਾ ਸੀ। ਜੇਮਸ ਦੀ ਰਿਹਾਈ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੂੰ ਖੁਸ਼ੀ ਹੋਈ ਹੈ। ਰਾਹਤ ਮਹਿਸੂਸ ਕਰ ਰਹੀ ਜੇਮਸ ਦੀ ਪਤਨੀ ਅਦਿੱਤੀ ਨੇ ਜੇਮਸ ਦੀ ਰਿਹਾਈ ‘ਤੇ ਖੁਸ਼ੀ ਜ਼ਾਹਰ ਕੀਤੀ ਅਤੇ ਭਾਰਤੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਅਦਿੱਤੀ ਨੇ ਆਪਣੇ ਪੁੱਤਰ ਵਿਵਾਨ ਦੀ ਮੌਤ ‘ਤੇ ਡੂੰਘਾ ਦੁਖ ਜ਼ਾਹਰ ਕੀਤਾ ਹੈ। ਜੇਮਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਕ੍ਰਿਸਮਸ ਅਤੇ ਨਵਾਂ ਸਾਲ ਉਨ੍ਹਾਂ ਦੇ ਜ਼ਖਮਾਂ ਨੂੰ ਭਰਨ ਵਿਚ ਮਦਦ ਕਰਨਗੇ।

Send this to a friend