June 24, 2026 11:18 pm

ਮਾਈ ਭਾਗੋ ਸਕੀਮ ਦੂਰ-ਦੁਰਾਡੇ ਤੋਂ ਆਉਂਦੀਆਂ ਲੜਕੀਆਂ ਲਈ ਵਰਦਾਨ : ਰੱਖੜਾ

ਪਟਿਆਲਾ, 20 ਦਸੰਬਰ (ਵਿਸ਼ਵ ਵਾਰਤਾ) -ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਾਈ ਭਾਗੋ ਸਕੀਮ ਨੂੰ ਦੂਰ ਦੁਰਾਡੇ ਤੋਂ ਸਕੂਲ ਪੜ੍ਹਨ ਆਉਣ ਵਾਲੀਆਂ ਵਿਦਿਆਰਥਣਾਂ ਲਈ ਵਰਦਾਨ ਸਾਬਤ ਕਰਾਰ ਦਿੰਦਿਆਂ ਕਿਹਾ ਕਿ ਇਸ ਸਕੀਮ ਨਾਲ ਯਕੀਨੀ ਤੌਰ ‘ਤੇ ਲੜਕੀਆਂ ਦੀ ਉਚੇਰੀ ਸਿੱਖਿਆ ਹਾਸਲ ਕਰਨ ਦੀ ਦਰ ਵਿੱਚ ਵਾਧਾ ਹੋਵੇਗਾ। ਬਾਦਸ਼ਾਹਪੁਰ ਕਾਲੇਕੀ, ਕੁਲਬੁਰਛਾਂ ਅਤੇ ਸ਼ੇਰਮਾਜਰਾ ਪਿੰਡਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਖੇ 160 ਲੋੜਵੰਦ ਵਿਦਿਆਰਥਣਾਂ ਨੂੰ ਇਸ ਸਕੀਮ ਤਹਿਤ ਮੁਫ਼ਤ ਸਾਇਕਲ ਮੁਹੱਈਆ ਕਰਵਾਉਣ ਲਈ ਸਮਾਗਮਾਂ ‘ਚ ਸ਼ਮੂਲੀਅਤ ਕਰਦਿਆਂ ਸ. ਰੱਖੜਾ ਨੇ ਕਿਹਾ ਕਿ ਇਸ ਸਕੀਮ ਨਾਲ ਉਨ੍ਹਾਂ ਪਰਿਵਾਰਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ ਜਿਹੜੇ ਆਰਥਿਕ ਮਜ਼ਬੂਰੀਆਂ ਕਾਰਨ ਆਪਣੀਆਂ ਲੜਕੀਆਂ ਨੂੰ ਦਸਵੀਂ ਤੋਂ ਬਾਅਦ ਪੜ੍ਹਾਈ ਕਰਵਾਉਣ ਵਿੱਚ ਅਸਮਰੱਥ ਮਹਿਸੂਸ ਕਰ ਰਹੇ ਸਨ। ਸ. ਰੱਖੜਾ ਵੱਲੋਂ ਅੱਜ ਬਾਦਸ਼ਾਹਪੁਰ ਕਾਲੇਕੀ ਵਿਖੇ 68, ਕੁਲਬੁਰਛਾਂ ਵਿਖੇ 51 ਅਤੇ ਸ਼ੇਰਮਾਜਰਾ ਵਿਖੇ 41 ਵਿਦਿਆਰਥਣਾਂ ਨੂੰ ਸਾਈਕਲ ਮੁਹੱਈਆ ਕਰਵਾਏ ਗਏ। ਇਸ ਮੌਕੇ ਸ. ਰੱਖੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਵਿੱਚ ਪੜ੍ਹਾਈ ਪ੍ਰਤੀ ਦਿਲਚਸਪੀ ਪੈਦਾ ਕਰਨ ਲਈ ਵਿਆਪਕ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ ਉਥੇ ਹੀ ਸਰਕਾਰੀ ਸਕੂਲਾਂ ਤੇ ਕਾਲਜਾਂ ਵਿੱਚ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਲਈ ਵੀ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ ਅਤੇ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿੱਚ ਵੀ ਵੱਡਾ ਸੁਧਾਰ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਾਲਾਨਾ ਨਤੀਜਿਆਂ ਵਿੱਚ ਨਾ ਕੇਵਲ ਮੈਰਿਟ ਹਾਸਲ ਕਰ ਰਹੇ ਹਨ ਸਗੋਂ ਕਈ ਬੱਚੇ 80 ਫੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਆਪਣੇ ਸਕੂਲ ਤੇ ਇਲਾਕੇ ਦਾ ਨਾਮ ਵੀ ਰੌਸ਼ਨ ਕਰ ਰਹੇ ਹਨ ਜੋ ਕਿ ਸਮੂਹ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਰੱਖੜਾ ਦੇ ਨਾਲ ਪਿੰਡ ਸ਼ੇਰਮਾਜਰਾ ਦੇ ਸਰਪੰਚ ਸ਼੍ਰੀ ਕੁਲਦੀਪ ਸਿੰਘ, ਗੁਰਮੇਜ ਸਿੰਘ, ਗੁਰਧਿਆਨ ਸਿੰਘ ਭਾਨਰੀ, ਮਨਪ੍ਰੀਤ ਸਿੰਘ ਸਵਾਜਪੁਰ, ਪ੍ਰਿੰਸੀਪਲ ਸੋਮਨਾਥ ਸ਼ਰਮਾ, ਜਸਵਿੰਦਰ ਕੌਰ ਮੈਣ ਤੋਂ ਇਲਾਵਾ ਹੋਰ ਪਿੰਡਾਂ ਦੇ ਪੰਚ ਸਰਪੰਚ ਤੇ ਪਤਵੰਤੇ ਵੀ ਹਾਜ਼ਰ ਸਨ।

Send this to a friend