ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਅਤੇ ਪੁਲਿਸ ਮੈਡਲ ਪ੍ਰਦਾਨ ਕੀਤੇ
ਫਿਲੌਰ – ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਨੇ ਸਾਈਬਰ ਕਰਾਇਮ ਨੂੰ ਸੁਰੱਖਿਆ ਦਸਤਿਆਂ ਅਤੇ ਪੁਲਿਸ ਫੋਰਸਾਂ ਲਈ ਨਵੀਂ ਚੁਣੌਤੀ ਕਰਾਰ ਦਿੰਦਿਆਂ ਆਸ ਜਤਾਈ ਕਿ ਆਪਣੇ ਸ਼ਾਨਾਮੱਤੇ ਇਤਿਹਾਸ ਨੂੰ ਅੱਗੇ ਵਧਾਉਂਦਿਆਂ ਪੰਜਾਬ ਪੁਲਿਸ ਜਲਦ ਹੀ ਇਸ ਨੂੰ ਮੁਕੰਮਲ ਰੂਪ ਵਿੱਚ ਕੰਟਰੋਲ ਕਰਨ ਵਿੱਚ ਕਾਮਯਾਬ ਹੋਵੇਗੀ। ਅੱਜ ਇਥੇ ਪੁਲਿਸ ਅਕੈਡਮੀ ਫਿਲੌਰ ਵਿਖੇ ਪਾਸਿੰਗ ਆਊਟ ਪਰੇਡ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਬਦਨੌਰ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਹਰੇਕ ਤਰ੍ਹਾਂ ਦੀ ਚੁਣੌਤੀ ਦਾ ਡਟ ਕੇ ਟਾਕਰਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਭਾਵੇਂ ਕਿ ਸਾਈਬਰ ਕਰਾਈਮ ਨੂੰ ਕੰਟਰੋਲ ਕਰਨਾ ਚੁਣੌਤੀ ਭਰਪੂਰ ਹੈ ਪਰ ਫਿਰ ਵੀ ਪੰਜਾਬ ਪੁਲਿਸ ਵਲੋਂ ਆਪਣੇ ਸੀਮਤ ਸਾਧਨਾਂ ਰਾਹੀਂ ਇਸ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਰੋਕਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪੁਲਿਸ ਫੋਰਸਾਂ ਨੂੰ ਵਿਗਿਆਨਿਕ ਲੀਹਾਂ ’ਤੇ ਸਿਖਲਾਈ ਪ੍ਰਦਾਨ ਕੀਤੇ ਜਾਣਾ ਸਮੇਂ ਦੀ ਮੁੱਖ ਲੋੜ ਹੈ । ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਾਨੂੰਨ ਵਿਵਸਥਾ ਬਣਾਈ ਰੱਖਣਾ ਅਤੇ ਸਮਾਜ ਦੇ ਹਰ ਵਰਗ ਨੂੰ ਸੁੱਰਖਿਆ ਪ੍ਰਦਾਨ ਕਰਨ ਲਈ ਪੁਲਿਸ ਫੋਰਸ ਨੂੰ ਪੇਸ਼ੇਵਰ ਹੁਨਰ ਅਤੇ ਪਹੁੰਚ ਲੋੜੀਂਦੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਸਮੇਂ ਦੌਰਾਨ ਪੰਜਾਬ ਪੁਲਿਸ ਵਲੋਂ ਸੈਂਕੜੇ ਕੁਰਬਾਨੀਆਂ ਦੇ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਬਰਕਰਾਰ ਰੱਖੀ ਗਈ । ਲਾਮਿਸਾਲ ਸੇਵਾਵਾਂ ਲਈ ਮਰਨ ਉਪਰੰਤ ਮੈਡਲ ਪ੍ਰਾਪਤ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੇ ਮੁਖਾਤਿਬ ਹੁੰਦਿਆਂ ਰਾਜਪਾਲ ਨੇ ਕਿਹਾ ਕਿ ਇਹ ਸਨਮਾਨ ਕੇਵਲ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਅਭਾਰ ਪ੍ਰਗਟਾਉਣ ਦਾ ਯਤਨ ਮਾਤਰ ਹੈ । ਉਨ੍ਹਾਂ ਕਿਹਾ ਕਿ ਇਨਾਂ ਸ਼ਹੀਦਾਂ ਵਲੋਂ ਦੇਸ਼ ਦੀ ਏਕਤਾ ਅਤੇ ਭਾਈਚਾਰਕ ਸਾਂਝ ਲਈ ਕੁਰਬਾਨੀ ਦਿੱਤੀ ਗਈ ਜਿਸ ਦੀ ਮਿਸਾਲ ਬਹੁਤ ਘੱਟ ਮਿਲਦੀ ਹੈ । ਉਨਾਂ ਕਿਹਾ ਕਿ ਸਾਰਾ ਦੇਸ਼ ਅਜਿਹੇ ਯੋਧਿਆਂ ਦੀ ਕੁਰਬਾਨੀ ਦਾ ਰਿਣੀ ਰਹੇਗਾ।ਇਸ ਮੌਕੇ ਪ੍ਰੋਬੇਸ਼ਨਰੀ ਅਫ਼ਸਰਾਂ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਉਹ ਖੁਸ਼ ਨਸੀਬ ਹਨ ਕਿ ਉਨਾਂ ਨੂੰ ਦੇਸ਼ ਦੇ ਸਭ ਤੋਂ ਪੁਰਾਣੇ ਅਤੇ ਵੱਕਾਰੀ ਸਿਖਲਾਈ ਸੰਸਥਾਨ ਵਿੱਚ ਸਿਖਲਾਈ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾਨ ਵਲੋਂ ਅਮੀਰ ਵਿਰਾਸਤ ਕਾਇਮ ਕੀਤੀ ਗਈ ਹੈ ਅਤੇ ਸ੍ਰੀ ਅਸ਼ਵਨੀ ਕੁਮਾਰ ਵਰਗੇ ਮਹਾਨ ਪੁਲਿਸ ਅਫ਼ਸਰ ਪੈਦਾ ਕੀਤੇ ਗਏ ਹਨ। ਡੀ.ਜੀ.ਪੀ.ਹੈਡਕੁਆਰਟਰ ਐਸ ਚਟੌਪਧਿਆਏ ਵਲੋਂ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਦਾ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ ਗਿਆ । ਇਸ ਤੋਂ ਪਹਿਲਾਂ ਅਕੈਡਮੀ ਦੀ ਡਾਇਰੈਕਟਰ ਅਨੀਤਾ ਪੁੰਜ ਵਲੋਂ ਰਾਜਪਾਲ ਨੂੰ ਜੀ ਆਇਆਂ ਕਿਹਾ ਗਿਆ । ਰਾਜਪਾਲ ਵਲੋਂ ਡੀ.ਐਸ.ਪੀ.ਗੁਰਸ਼ੇਰ ਸਿੰਘ ਸੰਧੂ ਦੀ ਅਗਵਾਈ ਵਾਲੀ ਟੁਕੜੀ ਕੋਲੋਂ ਸਲਾਮੀ ਵੀ ਲਈ ਗਈ। ਸਿਖਲਾਈ ਮੁਕੰਮਲ ਕਰਨ ਵਾਲਿਆਂ ਵਿੱਚ 8 ਡੀ.ਐਸ.ਪੀ., 450 ਕਾਂਸਟੇਬਲ ਜਿਨ੍ਹਾਂ ਵਿਚੋਂ 100 ਮਹਿਲਾ ਪੁਲਿਸ ਕਰਮੀ ਹਨ ਵਲੋਂ ਪਾਸਿੰਗ ਆਊਟ ਪਰੇਡ ਵਿੱਚ ਹਿੱਸਾ ਲਿਆ ਗਿਆ ਇਨ੍ਹਾਂ ਅਧਿਕਾਰੀਆਂ / ਕਰਮਚਾਰੀਆਂ ਨੂੰ ਜਹਾਨ ਖੇਲਾਂ,ਜਲੰਧਰ ,ਕਪੂਰਥਲਾ ਤੇ ਪਟਿਆਲਾ ਦੇ ਸਿਖਲਾਈ ਕੇਂਦਰਾਂ ਵਿੱਚ ਸਿਖਲਾਈ ਪ੍ਰਦਾਨ ਕੀਤੀ ਗਈ। ਰਾਜਪਾਲ ਵਲੋਂ ਇਸ ਮੌਕੇ ਬਹਾਦਰੀ ਲਈ 03 ਅਧਿਕਾਰੀਆਂ ਨੂੰ ਰਾਸ਼ਟਰਪਤੀ ਪੁਲਿਸ ਮੈਡਲ, 13 ਅਧਿਕਾਰੀਆਂ ਨੂੰ ਬਹਾਦਰੀ ਲਈ ਪੁਲਿਸ ਮੈਡਲ,ਵਿਲੱਖਣ ਸੇਵਾਵਾਂ ਲਈ 19 ਅਧਿਕਾਰੀਆਂ ਨੂੰ ਰਾਸ਼ਟਰਪਤੀ ਪੁਲਿਸ ਮੈਡਮ, ਸ਼ਾਨਦਾਰ ਸੇਵਾਵਾਂ ਲਈ 139 ਅਧਿਕਾਰੀਆਂ ਨੂੰ ਪੁਲਿਸ ਮੈਡਲ ਵੀ ਪ੍ਰਦਾਨ ਕੀਤੇ ਗਏ। ਮੈਡਲ ਪ੍ਰਾਪਤ ਕਰਨ ਵਾਲਿਆਂ ਵਿੱਚ 10 ਡੀ.ਜੀ.ਪੀਜ਼, 6 ਏ.ਡੀ.ਜੀ.ਪੀਜ਼, 27 ਆਈ.ਜੀਜ਼, 7 ਡੀ.ਆਈ.ਜੀਜ਼, 24 ਐਸ.ਐਸ.ਪੀਜ਼/ਕਮਾਂਡੈਂਟ/ਏ.ਆਈ.ਜੀ, 9 ਐਸ.ਪੀ., 9 ਡੀ.ਐਸ.ਪੀ., 29 ਇੰਸਪੈਕਟਰ, 23 ਸਬ ਇੰਸਪੈਕਟਰ, 19 ਏ.ਐਸ.ਆਈ., 8 ਹੈਡ ਕਾਂਸਟੇਬਲ ਤੇ 3 ਕਾਂਸਟੇਬਲ ਸ਼ਾਮਿਲ ਹਨ। ਇਸ ਮੌਕੇ ਡੀ.ਜੀ.ਪੀ.ਸੁਰੇਸ਼ ਅਰੋੜਾ,ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ, ਐਸ.ਐਸ.ਪੀ.ਜਲੰਧਰ ਦਿਹਾਤੀ ਗੁਰਪ੍ਰੀਤ ਸਿੰਘ ਭੁੱਲਰ, ਡੀ.ਸੀ.ਪੀ.ਰਜਿੰਦਰ ਸਿੰਘ, ਐਸ.ਡੀ.ਐਮ.ਵਰਿੰਦਰਪਾਲ ਸਿੰਘ ਬਾਜਵਾ ਹਾਜ਼ਰ ਸਨ।



