ਰਾਮਪੁਰਾ ਫੂਲ, 22 ਅਕਤੂਬਰ (ਲੱਖਾ ਹਰੀ, ਮਨਦੀਪ ਢੀਂਗਰਾ)- ਸਥਾਨਕ ਸਹਿਰ ਦੇ ਬਠਿੰਡਾ ਚੰਡੀਗੜ ਮੁੱਖ ਮਾਰਗ ’ਤੇ ਸਥਿਤ ਸਟੈਲਕੋ ਰੇਲਵੇ ਫਾਟਕਾਂ ’ਤੇ ਬਣਾਏ ਜਾ ਰਹੇ ਓਵਰਬ੍ਰਿਜ ਕਾਰਨ ਠੇਕੇਦਾਰ ਵੱਲੋਂ ਕਰੀਬ ਇੱਕ ਮਹੀਨੇ ਤੋਂ ਪੁਲ ਦੇ ਇੱਕ ਪਾਸੇ ਦੀ ਬਠਿੰਡਾ ਜਾਣ ਵਾਲਾ ਰਾਸਤਾ ਬੰਦ ਕੀਤਾ ਹੋਇਆ ਹੈ। ਇਸ ਲਈ ਠੇਕੇਦਾਰ ਦੇ ਕਰਿੰਦਿਆਂ ਵੱਲੋ ਮਿੱਟੀ ਦੇ ਢੇਰ ਲਗਾਕੇ ਰੋਡ ਬੰਦ ਕਰ ਦਿੱਤਾ ਗਿਆ ਹੈ। ਜਿਸ ਨਾਲ ਜਿਥੇ ਦੁਕਾਨਦਾਰਾ ਦਾ ਕਾਰੋਬਾਰ ਠੱਪ ਹੋ ਗਿਆ ਹੈ ਉਥੇ ਹੀ ਨੇੜੇ ਰਹਿ ਰਹੇ ਲੋਕਾਂ ਦਾ ਜਿਉਣਾ ਵੀ ਦੁਬਰ ਹੋ ਰਿਹਾ ਹੈ। ਪੁਲ ਨੇੜੇ ਰਹਿੰਦੇ ਅਸ਼ੋਕ ਕੁਮਾਰ, ਸਨੀ ਗਾਂਧੀ ਆਦਿ ਨੇ ਦੱਸਿਆ ਕਿ ਪਹਿਲਾਂ ਇਹ ਸੜਕ ਪੁੱਲ ਬਨਾਉਣ ਕਾਰਨ ਸਥਾਨਕ ਮੋੜ ਚੌਂਕ ਤੋ ਬੰਦ ਕਰ ਦਿੱਤੀ ਸੀ ਪਰ ਫਿਰ ਇਸ ਨੂੰ ਖੋਲਕੇ ਰੇਲਵੇ ਫਾਟਕਾ ਨੇੜੇ ਮਿੱਟੀ ਦੇ ਢੇਰ ਲਗਾਕੇ ਬੰਦ ਕਰ ਦਿੱਤਾ ਹੈ। ਜਿਸ ਕਾਰਨ ਜਿਥੇ ਬਠਿੰਡਾ ਜਾਣ ਵਾਲੇ ਵਾਹਨਾਂ ਨੂੰ ਕਰੀਬ ਦੋ ਕਿਲੋਮੀਟਰ ਅੱਗੇ ਆਕੇ ਵਾਪਿਸ ਮੁੜਣਾ ਪੈ ਰਿਹਾ ਹੈ ਤੇ ਰਾਤ ਦੇ ਹਨੇਰੇ ’ਚ ਕਈ ਵਾਰ ਗੱਡੀਆਂ ਰਜਵਾਹੇ ’ਚ ਵੀ ਡਿੱਗ ਜਾਂਦੀਆਂ ਹਨ ਉਥੇ ਹੀ ਵਾਹਨਾ ਕਾਰਨ ਉਡਦੀ ਮਿੱਟੀ ਕਾਰਨ ਉਨ੍ਹਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਇਸ ਸਮੱਸਿਆਂ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ ਹੈ। ਜਦ ਇਸ ਸਬੰਧੀ ਟ੍ਰੈਫਿਕ ਪੁਲਿਸ ਅਧਿਕਾਰੀ ਨਾਲ ਗਲ ਕੀਤੀ ਤਾਂ ਉਹਨਾਂ ਕਿਹਾ ਕਿ ਪੁੱਲ ਬਨਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਠੇਕੇਦਾਰ ਵੱਲੋਂ ਪਰਮਿਟ ਲੈ ਕੇ ਇਹ ਰਸਤਾ ਬੰਦ ਕਰਵਾਇਆ ਗਿਆ ਹੈ।
ਵਿਕਾਸ ਦੇ ਨਾਮ ’ਤੇ ਰਸਤਾ ਬੰਦ ਕਰਕੇ ਲਗਾਏ ਮਿੱਟੀ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ



