June 24, 2026 11:42 am

ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਦੇ ਵਿਸ਼ਵ ਕਬੱਡੀ ਕੱਪ ‘ਚ ਖੇਡਣ ਵਾਲੇ ਦੋ ਖਿਡਾਰੀਆਂ ਨੂੰ ਬੁਲਟ ਮੋਟਰ ਸਾਇਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ : ਜਥੇ. ਅਵਤਾਰ ਸਿੰਘ

ਫ਼ਤਹਿਗੜ੍ਹ ਸਾਹਿਬ 16 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਖਿਡਾਰੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਹੌਸਲਾ ਅਫ਼ਜਾਈ ਵਜੋਂ ਇਨਾਮ ਦੇਣ ਦਾ ਮਹੱਤਵ ਪੂਰਨ ਫੈਸਲਾ ਕੀਤਾ ਗਿਆ ਹੈ। ਅੱਜ ਇਥੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਇਕੱਤਰਤਾ ਹਾਲ ਵਿੱਚ ਹੋਈ ਜਿਸ ਵਿੱਚ ਸੈਕਸ਼ਨ 85, ਸੈਕਸ਼ਨ 87, ਟ੍ਰਸਟ ਤੇ ਅਮਲਾ ਵਿਭਾਗ ਦੇ ਮਾਮਲੇ ਵਿਚਾਰੇ ਗਏ।
ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਚੌਥੇ ਵਿਸ਼ਵ ਪਰਲਜ਼ ਕਬੱਡੀ ਕੱਪ ‘ਚ ਖੇਡਣ ਲਈ ਚੁਣੀ ਗਈ ਭਾਰਤੀ ਕਬੱਡੀ ਟੀਮ ਦੇ 14 ਖਿਡਾਰੀਆਂ ਵਿੱਚ ਦੋ ਖਿਡਾਰੀ ਸ.ਗੁਰਮੀਤ ਸਿੰਘ ਮੰਡੀਆਂ ਰੇਡਰ ਤੇ ਸ.ਗੁਰਪ੍ਰੀਤ ਸਿੰਘ ਮਾਣਕੀ ਜਾਫੀ  ਚੁਣੇ ਗਏ ਸਨ, ਜਿਨ੍ਹਾਂ ਨੇ ਕਬੱਡੀ ਮੈਚਾਂ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ, ਲੁਧਿਆਣਾ ਵਿਖੇ ਪਾਕਿਸਤਾਨ ਦੀ ਕਬੱਡੀ ਟੀਮ ਨਾਲ ਹੋਏ ਮੁੱਖ ਮੁਕਾਬਲੇ ਵਿੱਚ ਗੁਰਮੀਤ ਸਿੰਘ ਮੰਡੀਆਂ ਨੇ ਛੇ ਰੇਡਾਂ ਪਾਈਆਂ ਤੇ ਛੇ ਹੀ ਪੁਆਇੰਟ ਭਾਰਤੀ ਟੀਮ ਨੂੰ ਹਾਸਲ ਹੋਏ। ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਦੇ ਇਹਨਾਂ ਦੋਵਾਂ ਹੋਣਹਾਰ ਖਿਡਾਰੀਆਂ ਦੀ ਚੰਗੀ ਕਾਰਗੁਜ਼ਾਰੀ ਸਦਕਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਉੱਚਾ ਹੋਇਆ ਹੈ ਇਸ ਲਈ ਅੱਜ ਅੰਤ੍ਰਿੰਗ ਕਮੇਟੀ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਸ਼ਹੀਦੀ ਜੋੜਮੇਲ ਸਮੇਂ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਵਿਖੇ ਬੁਲਟ ਮੋਟਰ ਸਾਇਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਜੋੜਮੇਲ ਦੇ ਪ੍ਰਬੰਧਾਂ ਦਾ ਜ਼ਾਇਜ਼ਾ ਲੈਣ ਅਤੇ ਜੋੜਮੇਲ ਸਮੇਂ ਹੋਣ ਵਾਲੇ ਖਰਚਿਆਂ ਨੂੰ ਪ੍ਰਵਾਨਗੀ ਦੇਣਾ ਸੀ। ਉਨ੍ਹਾਂ ਦੱਸਿਆ ਕਿ ਇੰਟਰਨੈਸਨਲ ਪੱਧਰ ਦੇ ਲੱਗ ਰਹੇ ਪੁਸਤਕ ਮੇਲੇ ਸਮੇਂ ਚੰਗੇ ਲਿਖਾਰੀਆਂ ਦੀਆਂ ਧਾਰਮਿਕ ਪੁਸਤਕਾਂ ਪ੍ਰਦਰਸ਼ਨੀ ਲਈ ਭੇਜਣ, ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਹੁਣ ਤੀਕ ਛਪੀਆਂ ਪ੍ਰਕਾਸ਼ਨਾਵਾਂ ਦਾ ਇੱਕ-ਇੱਕ ਸੈੱਟ, ਪ੍ਰਕਾਸ਼ਤ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੀਕ ਦਾ) ਅਤੇ ਪ੍ਰਸਿੱਧ ਵਿਦਵਾਨ ਡਾਕਟਰ ਕ੍ਰਿਪਾਲ ਸਿੰਘ ਵੱਲੋਂ ਲਿਖੀਆਂ ਗਈਆਂ ਪੋਥੀਆਂ ਦਾ ਇੱਕ-ਇੱਕ ਸੈੱਟ ਦੇਸ਼ ਦੀਆਂ ਪ੍ਰਸਿੱਧ ਲਾਇਬ੍ਰੇਰੀਆਂ ਨੂੰ ਭੇਜਿਆ ਜਾਵੇਗਾ। ਇਸ ਕਾਰਜ ਲਈ ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ.ਰਜਿੰਦਰ ਸਿੰਘ ਮਹਿਤਾ ਤੇ ਸ.ਕਰਨੈਲ ਸਿੰਘ ਪੰਜੋਲੀ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸ.ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਤੇ ਅਧਾਰਤ ਸਬ ਕਮੇਟੀ ਗਠਿਤ ਕੀਤੀ ਗਈ ਹੈ।
ਉਨ੍ਹਾਂ ਹੋਰ ਜਾਣਕਾਰੀ ਦੇਂਦਿਆ ਦੱਸਿਆ ਕਿ  ਸਵ: ਸ.ਗੁਰਤੇਜ ਸਿੰਘ ਧਰਮੀ ਫੌਜੀ ਦੇ ਸਪੁੱਤਰ ਸ.ਸੁਖਮਿੰਦਰ ਸਿੰਘ ਵਾਸੀ ਪਟਿਆਲਾ ਵੱਲੋਂ ਪੁੱਜੀ ਮੰਗ ਅਨੁਸਾਰ ਸਹਾਇਤਾ ਦਿੱਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸ.ਸੋਹਣ ਸਿੰਘ ਖੋਖਰ ਨੇ ਆਪਣੇ ਲੜਕੇ ਅਮਨਦੀਪ ਸਿੰਘ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਲ.ਐਲ.ਐਮ. ਦੀ ਉਚੇਰੀ ਸਿੱਖਿਆ ਲਈ ਕੀਤੀ ਮੰਗ ਦੇ ਅਧਾਰਪੁਰ 50000/-ਰੁਪਏ ਸਹਾਇਤਾ ਦਿੱਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ (ਜਲੰਧਰ) ਦੀ ਇਮਾਰਤ ਨੂੰ ਰੰਗ-ਰੋਗਨ ਕਰਵਾਏ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਗੁਰਦੁਆਰਾ ਸਾਹਿਬ ਪਿੰਡ ਸਰਾਵਾਂ ਬੋਦਲਾ (ਮਲੋਟ), ਛਾਪਿਆਂ ਵਾਲੀ (ਮੁਕਤਸਰ), ਪਿੰਡ ਨਾਨੂਵਾਲਾ (ਸਿਰਸਾ), ਗੁਰਦੁਆਰਾ ਰੱਤਾਖੇੜਾ ਢਾਣੀਆਂ ਅਤੇ ਗੁਰਦੁਆਰਾ ਦੂਖ ਨਿਵਾਰਨ ਵੱਡਾ ਰੱਤਾਖੇੜਾ ਨੂੰ ਇੱਕ-ਇੱਕ ਲੱਖ ਰੁਪਏ ਦਾ ਇਮਾਰਤੀ ਮਟੀਰੀਅਲ ਸਹਾਇਤਾ ਵਜੋਂ ਦਿੱਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਪ੍ਰਸਿੱਧ ਵਿਦਵਾਨ ਡਾਕਟਰ ਕਿਰਪਾਲ ਸਿੰਘ ਜੋ ਲੰਮੇ ਅਰਸੇ ਤੋਂ ਧਾਰਮਿਕ ਕਾਰਜਾਂ ਨੂੰ ਪਹਿਲ ਦੇ ਰਹੇ ਹਨ ਉਨ੍ਹਾਂ ਪੁਰ ਡਾਕੂਮੈਂਟਰੀ ਫਿਲਮ ਤਿਆਰ ਕਰਵਾਈ ਜਾਵੇਗੀ। ਸਿੱਖ ਮਿਸ਼ਨਰੀ ਕਾਲਜ, ਬੁੱਢਾ ਜੌਹੜ, ਗੰਗਾਨਗਰ (ਰਾਜਸਥਾਨ) ਵਿਖੇ ਕੋਰਸ ਕਰ ਰਹੇ ਵਿਦਿਆਰਥੀਆਂ ਦੀ ਸਹੂਲਤ ਲਈ 25 ਲੀਟਰ ਵਾਲੇ 6 ਗੀਜਰ, ਇੱਕ ਪਾਣੀ ਵਾਲੀ ਵੱਡੀ ਟੈਂਕੀ ਤੇ ਇੱਕ ਪਾਣੀ ਵਾਲਾ ਫਿਲਟਰ ਖਰੀਦ ਕਰਕੇ ਦਿੱਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮੁਰਾਦ ਬੀਮਾਰੀ ਕੈਂਸਰ ਪੀੜ੍ਹਤ ਮਰੀਜਾਂ ਨੂੰ ਤਿੰਨ ਕਰੋੜ ਪੈਂਤੀ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਅੱਗੋਂ ਕੈਂਸਰ ਦੇ ਮਰੀਜਾਂ ਲਈ ਦੋ ਕਰੋੜ ਰੁਪਏ ਰਕਮ ਹੋਰ ਰਾਖਵੀਂ ਰੱਖੀ ਗਈ ਹੈ। ਸਿੱਖ ਇਤਿਹਾਸ ਰੀਸਰਚ ਬੋਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬੀ ਅਤੇ ਅੰਗਰੇਜੀ ਭਾਸ਼ਾ ਵਿੱਚ ਤ੍ਰੈ-ਮਾਸਿਕ ਮੈਗਜ਼ੀਨ ਇਤਿਹਾਸਕ ਪੱਤਰ ਸ਼ੁਰੂ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸਿੱਖ ਇਤਿਹਾਸ ਰੀਸਰਚ ਬੋਰਡ ਵਿਖੇ ਲਾਇਬ੍ਰੇਰੀ ਦਾ ਸਾਰਾ ਰਿਕਾਰਡ ਡਿਜੀਟਾਈਜੇਸ਼ਨ ਹੋਣ ਉਪਰੰਤ ਵੈਬ ਸਾਈਟ ਤੇ ਪਾਉਣ ਦੇ ਕੰਮਕਾਰ ਨੂੰ ਮੁੱਖ ਰੱਖਦਿਆਂ ਪੰਜ ਨਵੇਂ ਕੰਪਿਊਟਰ ਸੈੱਟ ਖਰੀਦ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਤਿਹਾਸਕ ਨਗਰ ਮੂਣਕ ਦੇਹਲਾ ਰੋਡ (ਸੰਗਰੂਰ) ਵਿਖੇ ਅਕਾਲੀ ਫੂਲਾ ਸਿੰਘ ਦਾ ਯਾਦਗਾਰੀ ਗੇਟ ਬਨਾਉਣ ਲਈ ਹੋਣ ਵਾਲੇ ਖਰਚਿਆਂ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਇਕੱਤਰਤਾ ‘ਚ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਕਰਨਾਲ, ਸ.ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਸ. ਸੁਖਦੇਵ ਸਿੰਘ, ਅੰਤ੍ਰਿੰਗ ਮੈਂਬਰਾਨ ਸ: ਨਿਰਮੈਲ ਸਿੰਘ ਜੌਲਾਂ ਕਲਾਂ, ਸ: ਕਰਨੈਲ ਸਿੰਘ ਪੰਜੋਲੀ, ਸ. ਰਜਿੰਦਰ ਸਿੰਘ ਮਹਿਤਾ, ਸ. ਰਾਮਪਾਲ ਸਿੰਘ ਬਹਿਣੀਵਾਲ, ਸ.ਮੋਹਨ ਸਿੰਘ ਬੰਗੀ, ਸ.ਮੰਗਲ ਸਿੰਘ, ਸ. ਭਜਨ ਸਿੰਘ ਸ਼ੇਰਗਿੱਲ ਤੇ ਸ. ਸੁਰਜੀਤ ਸਿੰਘ ਗੜ੍ਹੀ ਸ਼ਾਮਲ ਹੋਏ।
ਇਸ ਮੌਕੇ ਸ.ਦਲਮੇਘ ਸਿੰਘ ਤੇ ਸ.ਮਨਜੀਤ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ. ਮਹਿੰਦਰ ਸਿੰਘ ਆਹਲੀ, ਸ.ਅਵਤਾਰ ਸਿੰਘ, ਸ.ਹਰਭਜਨ ਸਿੰਘ ਮਨਾਵਾਂ ਤੇ ਸ.ਬਲਵਿੰਦਰ ਸਿੰਘ ਜੌੜਾਸਿੰਘਾ ਐਡੀ:ਸਕੱਤਰ, ਸ. ਪ੍ਰਮਜੀਤ ਸਿੰਘ ਸਰੋਆ ਤੇ ਸ.ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਇੰਚਾਰਜ ਸ. ਪ੍ਰਮਦੀਪ ਸਿੰਘ, ਸ.ਸੁਖਬੀਰ ਸਿੰਘ ਤੇ ਸ.ਗੁਰਦਿਆਲ ਸਿੰਘ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨਜਰ ਸ. ਜਸਪਾਲ ਸਿੰਘ, ਸ.ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ ਆਦਿ ਮੌਜੂਦ ਸਨ।