Skip to content
Independent perspectives. Global stories.
BREAKING

ਪ੍ਰਵਾਸੀ ਭਾਰਤੀ ਦਿੱਲੀ ਦੇ ਹਵਾਈ ਅੱਡੇ ਨਾਲੋਂ ਅੰਮ੍ਰਿਤਸਰ ਆਉਣ ਨੂੰ ਦਿੰਦੇ ਹਨ ਵੱਧ ਤਰਜੀਹ : ਔਜਲਾ

Share this story

ਅੰਮ੍ਰਿਤਸਰ, 15 ਅਕਤੂਬਰ (ਦਵਾਰਕਾ ਨਾਥ ਰਾਣਾ)- ਹਾਲ ਹੀ ਵਿਚ ਕੈਨੇਡਾ ਤੇ ਅਮਰੀਕਾ ਦਾ ਦੌਰਾ ਕਰਕੇ ਪਰਤੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਪ੍ਰਵਾਸੀ ਭਾਰਤੀ, ਜਿੰਨਾਂ ਵਿਚ ਬਹੁਗਿਣਤੀ ਪੰਜਾਬੀਆਂ ਦੀ ਹੈ, ਦਿੱਲੀ ਦੇ ਹਵਾਈ ਅੱਡੇ ’ਤੇ ਉਤਰਨ ਨਾਲੋਂ ਅੰਮ੍ਰਿਤਸਰ ਆਉਣ ਨੂੰ ਵੱਧ ਤਰਜੀਹ ਦਿੰਦੇ ਹਨ, ਬਸ਼ਰਤੇ ਕਿ ਉਨਾਂ ਨੂੰ ਇੱਥੇ ਆਉਣ ਲਈ ਸਿੱਧੀ ਉਡਾਨ ਮਿਲੇ। ਅੱਜ ਹਵਾਈ ਅੱਡੇ ਵਿਖੇ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਯਾਤਰੂਆਂ ਦੀ ਸੁਰੱਖਿਆ ਅਤੇ ਹਵਾਈ ਅੱਡੇ ਦੀ ਤਰੱਕੀ ਲਈ ਗੁਰਦੁਆਰਾ ਬਾਬ ਜਵੰਦ ਸਿੰਘ ਵਿਖੇ ਕਰਵਾਏ ਗਏ ਅਖੰਡ ਪਾਠ ਦੇ ਭੋਗ ਵਿਚ ਸ਼ਾਮਿਲ ਹੋਣ ਆਏ ਸ. ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪਿਛਲੇ ਸਾਲ ਹਰਿਆਣਾ ਦੇ ਮੂਰਥਲ ਇਲਾਕੇ ਵਿਚ ਉਥੋਂ ਦੇ ਲੋਕਾਂ ਵੱਲੋਂ ਰਾਹਗੀਰਾਂ ਨਾਲ ਕੀਤੇ ਗਏ ਵਤੀਰੇ ਤੋਂ ਹਰ ਪ੍ਰਵਾਸੀ ਦੁਖੀ ਹੈ ਅਤੇ ਉਹ ਚਾਹੁੰਦੇ ਹਨ ਕਿ ਅਸੀਂ ਦਿੱਲੀ ਦੇ ਹਵਾਈ ਅੱਡੇ ’ਤੇ ਨਾ ਆ ਕੇ ਸ੍ਰੀ ਗੁਰੂ ਰਾਮ ਦਾਸ ਜੀ ਦੀ ਨਗਰੀ ਅੰਮ੍ਰਿਤਸਰ ਵਿਚ ਉਤਰੀਏ ਅਤੇ ਇਥੋਂ ਹੀ ਵਾਪਸ ਜਾਈਏ, ਪਰ ਕੇਂਦਰ ਸਰਕਾਰ ਅੰਮ੍ਰਿਤਸਰ ਨਾਲ ਮਤਰਈ ਮਾਂ ਵਰਗਾ ਵਿਹਾਰ ਕਰ ਰਹੀ ਹੈ ਅਤੇ ਇਸ ਹਵਾਈ ਅੱਡੇ ਨੂੰ ਅੱਗੇ ਵਧਾਉਣ ਲਈ ਸੰਜੀਦਾ ਨਹੀਂ ਹੈ। ਅੰਮ੍ਰਿਤਸਰ ਦੇ ਵਿਕਾਸ ਅਤੇ ਲੋਕਾਂ ਦੀ ਸਹੂਲਤ ਲਈ ਕੇਂਦਰ ਸਰਕਾਰ ਤੱਕ ਇਸ ਹਵਾਈ ਅੱਡੇ ਦੀ ਬਿਹਤਰੀ ਲਈ ਅਵਾਜ਼ ਉਠਾਉਣ ਦਾ ਭਰੋਸਾ ਦਿੰਦੇ ਸ. ਔਜਲਾ ਨੇ ਕਿਹਾ ਕਿ ਜੇਕਰ ਇਥੋਂ ਕੈਨੇਡਾ, ਆਸਟੇਰਲੀਆ, ਇੰਗਲੈਂਡ ਅਤੇ ਅਮਰੀਕਾ ਆਦਿ ਲਈ ਉਡਾਨਾਂ ਸ਼ੁਰੂ ਕਰ ਦਿੱਤੀਆਂ ਜਾਣ, ਤਾਂ ਸਾਰੇ ਪੰਜਾਬੀ ਇਥੇ ਆਉਣ ਨੂੰ ਤਰਜੀਹ ਦੇਣਗੇ। ਉਨ੍ਹਾਂ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਲੋਕਾਂ ਦੀ ਸਹੂਲਤ ਲਈ ਅੰਮ੍ਰਿਤਸਰ-ਨਾਦੇੜ ਉਡਾਨ ਇਸ ਇਲਾਕੇ ਦੀ ਵੱਡੀ ਮੰਗ ਹੈ ਅਤੇ ਇਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ’ਤੇ ਸੰਘਣੀ ਧੁੰਦ ਵਿਚ ਜਹਾਜ਼ ਉਤਾਰਨ ਦੀ ਵਿਵਸਥਾ ਹੋ ਚੁੱਕੀ ਹੈ, ਪਰ ਇਸ ਦੀ ਵਰਤੋਂ ਲਈ ਨਵੀਂ ਤਕਨੀਕ ਵਾਲੇ ਜਹਾਜ਼ ਆਉਣ ਤਾਂ ਹੀ ਇਸ ਤਕਨੀਕ ਦੀ ਸਹੀ ਵਰਤੋਂ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਛੇਤੀ ਹੀ ਇੱਥੇ ਮਲਟੀ ਲੈਵਲ ਪਾਰਕਿੰਗ, ਨਵੀਆਂ ਕਨਵੇਅਰ ਬੈਲਟ, ਬ੍ਰਿਜ ਆਦਿ ਬਣਨ ਦਾ ਪ੍ਰਸਤਾਵ ਬਣਾਇਆ ਗਿਆ ਹੈ, ਪਰ ਇਸ ਦਾ ਲਾਭ ਤਾਂ ਹੀ ਹੋ ਸਕਦਾ ਹੈ, ਜੇਕਰ ਵਿਦੇਸ਼ਾਂ ਤੋਂ ਸਿੱਧੀਆਂ ਉਡਾਨਾਂ ਇੱਥੇ ਆਉਣ। ਅੱਜ ਇਸ ਮੌਕੇ ਵਾਇਸ ਆਫ ਅੰਮ੍ਰਿਤਸਰ, ਮਿਸ਼ਨ ਅਗਾਜ਼, ਅੰਮ੍ਰਿਤਸਰ ਵਿਕਾਸ ਮੰਚ, ਸਰਬਤ ਦਾ ਭਲਾ ਟਰੱਸਟ, ਸਾਂਝੀ ਛਾਂ ਫਾਉਡੇਸ਼ਨ ਦੇ ਪ੍ਰਤੀਨਿਧੀ ਵੀ ਹਾਜ਼ਰ ਸਨ। ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਸ਼ੁਨੀਲ ਕੁਮਾਰ ਜਾਖੜ ਜੀ ਨੂੰ ਗੁਰਦਾਸਪੁਰ ਤੋਂ ਜਿੱਤਣ ਦੀ ਵਣਾਈ ਦਿੱਤੀ।

WRITTEN BY