ਸਰਦੂਲਗੜ੍ਹ, 8 ਅਕਤੂਬਰ (ਬਲਜੀਤਪਾਲ)- ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਸਰਹੱਦੀ ਰੌਲੇ ਕਾਰਨ ਅਤੇ ਭਾਰਤੀਆਂ ਵੱਲੋਂ ਸਵਦੇਸੀ ਸਮਾਨ ਵਰਤੇ ਜਾਣ ਦੀ ਪੈਰਵੀ ਇਸ ਵਾਰ ਦੀਵਾਲੀ ਮੌਕੇ ਮਿੱਟੀ ਦੇ ਦੀਵਿਆਂ ਦਾ ਕਾਰੋਬਾਰ ਕਰਨ ਵਾਲੇ ਕਾਰੀਗਰਾਂ ਲਈ ਨਵੀਂ ਰੌਸ਼ਨੀ ਲੈ ਕੇ ਆਉਣ ਦਾ ਜਰੀਆ ਬਣ ਸਕਦੀ ਹੈ। ਜੇਕਰ ਲੋਕਾਂ ਵੱਲੋਂ ਚੀਨੀ ਵਸਤਾਂ ਵੱਲ ਇਵੇਂ ਹੀ ਮਨ ਮੁਟਾਵ ਰੱਖਿਆ ਗਿਆ ਤਾਂ ਇਸ ਵਾਰ ਲੋਕਾਂ ਦੇ ਬਨੇਰਿਆਂ ’ਤੇ ਸਰੋਂ ਦੇ ਤੇਲ ਵਾਲੇ ਮਿੱਟੀ ਦੇ ਦੀਵੇ ਰੌਸ਼ਨੀਆਂ ਵਿਖੇਰਨਗੇ। ਮਿੱਟੀ ਦੇ ਦੀਵਿਆਂ ਦੀ ਵਿੱਕਰੀ ਚੰਗੀ ਰਹਿਣ ਦੀ ਆਸ ਵਿੱਚ ਹੀ ਮਿੱਟੀ ਦੇ ਬਰਤਨਾਂ ਦਾ ਕਾਰੋਬਰ ਕਰਨ ਵਾਲੇ ਪਰਜਾਪਤ ਜਾਤੀ ਦੇ ਲੋਕਾਂ ਨੇ ਸਮਾਨ ਤਿਆਰ ਕਰਨ ਲਈ ਦਿਨ ਰਾਤ ਇੱਕ ਕਰ ਰੱਖੀ ਹੈ। ਖਿਆਲਾ ਕਲਾਂ ਦੇ ਸਰਫ ਦੀਨ ਨੇ ਦੱਸਿਆ ਕਈ ਸਾਲਾਂ ਤੋਂ ਦੀਵਾਲੀ ਮੌਕੇ ਸਾਡੇ ਸਮਾਨ ਦੀ ਵਿਕਰੀ ਕਾਫੀ ਘੱਟ ਗਈ ਸੀ । ਇਸਦਾ ਵੱਡਾ ਕਾਰਨ ਚੀਨ ਤੋਂ ਆ ਰਹੀਆਂ ਰੰਗ ਬੇਰੰਗੀਆਂ ਬਿਜਲਈ ਲੜੀਆਂ ਸਨ । ਉਨ੍ਹਾਂ ਕਿਹਾ ਭਾਵੇਂ ਬਜ਼ਾਰਾਂ ਵਿੱਚ ਲੜੀਆਂ ਤਾਂ ਇਸ ਵਾਰ ਵੀ ਕਾਫੀ ਮਾਤਰਾ ਵਿੱਚ ਆਈਆਂ ਹਨ ਪਰ ਲੋਕਾਂ ਵੱਲੋਂ ਇਨ੍ਹਾਂ ਦੀ ਖਰੀਦ ਕਾਫੀ ਘੱਟ ਕੀਤੇ ਜਾਣ ਦੀ ਆਸ ਹੈ। ਉਨ੍ਹਾਂ ਕਿਹਾ ਜੇਕਰ ਸਾਡਾ ਇਹ ਸੁਪਨਾ ਸੱਚ ਹੋ ਜਾਂਦਾ ਹੈ ਤਾਂ ਕਾਫੀ ਸਾਲਾਂ ਤੋਂ ਆਰਥਿਕ ਤੰਗੀਆਂ ਭੋਗ ਰਹੇ ਸਾਡੇ ਪਰਿਵਾਰਾਂ ਦੀ ਦੀਵਾਲੀ ਵੀ ਰੌਸ਼ਨੀਆਂ ਵਾਲੀ ਬਣ ਸਕਦੀ ਹੈ। ਮਾਨਸਾ ਦੇ ਮਿਹਰ ਦੀਨ ਨੇ ਦੱਸਿਆ ਅਸੀਂ ਇਹ ਵਾਰ ਚੰਗੇ ਕਾਰੋਬਾਰ ਦੀ ਆਸ ਵਿੱਚ ਵੀਹ ਸਤੰਬਰ ਤੋਂ ਇਕੱਲੇ ਦੀਵੇ ਬਣਾਉਣ ਦਾ ਕੰਮ ਅਰਭਿਆ ਹੋਇਆ ਹੈ। ਇਸ ਵਾਰ ਅਸੀਂ ਦੀਵਾਲੀ ਮੌਕੇ ਵਿਸ਼ੇਸ਼ ਤੌਰ ’ਤੇ ਜਗਾਈਆਂ ਜਾਂਦੀਆਂ ਘਰੁੰਡੀਆਂ , ਮਸ਼ਾਲਾਂ ਅਤੇ ਹੋਰ ਸਮਾਨ ਵੀ ਤਿਆਰ ਕੀਤਾ ਹੈ । ਉਨ੍ਹਾਂ ਕਿਹਾ ਅਸਲ ਦੀਵਾਲੀ ਤਾਂ ਮਿੱਟੀ ਦੇ ਦੀਵਿਆਂ ਦੀ ਹੀ ਹੁੰਦੀ ਹੈ ਜਿਹੜੇ ਕੁੱਝ ਸਮੇਂ ਲਈ ਰੌਸ਼ਨੀਆਂ ਵਿਖੇਰਨ ਦਾ ਕੰਮ ਕਰਕੇ ਆਪਣੇ ਆਪ ਹੀ ਬੁਝ ਜਾਂਦੇ ਹਨ ਪਰ ਹੁਣ ਨਵੇਂ ਜ਼ਮਾਨੇ ਦੇ ਨਵੇਂ ਢੰਗਾਂ ਕਰਕੇ ਕਈ ਕਈ ਦਿਨ ਬਿਜਲਈ ਲੜੀਆਂ ਜਗਦੀਆਂ ਹਨ। ਸੱਭਿਆਚਾਰ ਚੇਤਨਾ ਮੰਚ ਮਾਨਸਾ ਦੇ ਪ੍ਰਧਾਨ ਸਰਬਜੀਤ ਕੌਸ਼ਲ ਨੇ ਕਿਹਾ ਇਸ ਵਾਰ ਸਾਨੂੰ ਦੀਵਾਲੀ ਮੌਕੇ ਸਵਦੇਸ਼ੀ ਸਮਾਨ ਦੀ ਵਰਤੋਂ ਕਰਕੇ ਦੇਸ਼ ਦਾ ਸ਼ਰਮਾਇਆ ਦੇਸ਼ ਵਿੱਚ ਹੀ ਰੱਖਣਾ ਚਾਹੀਦਾ ਹੈ।
ਦਿਵਾਲੀ ਮੌਕੇ ਮਿੱਟੀ ਦੇ ਕਾਰੀਗਰਾਂ ਨੇ ਦੀਵੇ ਬਣਾਉਣ ਦਾ ਕੰਮ ਕੀਤਾ ਤੇਜ਼, ਕਾਰੋਬਾਰ ਲੀਹ ’ਤੇ ਆਉਣ ਦੀ ਆਸ



