Skip to content
Independent perspectives. Global stories.
BREAKING

ਜਹਾਂਗੀਰ ਪੁਲ ਦੇ ਲਮਕ ਰਹੇ ਮਾਮਲੇ ਨੂੰ ਲੈ ਕੇ ਐਕਸ਼ਨ ਕਮੇਟੀ ਮੁੜ ਐਕਸ਼ਨ ’ਚ

Share this story

ਧੂਰੀ, 7 ਅਕਤੂਬਰ (ਸੰਨੀ)- ਅੱਜ਼ ਜਹਾਂਗੀਰ ਪੁਲ ਬਣਾਓ ਐਕਸ਼ਨ ਕਮੇਟੀ ਦੀ ਮੀਟਿੰਗ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਪਿੰਡ ਜਹਾਂਗੀਰ ਵਿਖੇ ਹੋਈ, ਜਿਸ ਵਿੱਚ ਪਿਛਲੇ ਲੰਮੇ ਸਮੇਂ ਤੋਂ ਲਮਕ ਰਹੇ ਜਹਾਂਗੀਰ ਪੁਲ ਦੀ ਉਸਾਰੀ ਦੇ ਕੰਮ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਪ੍ਰਸ਼ਾਸ਼ਨ ਦੇ ਢਿੱਲੜ ਰਵੱਈਏ ਦੀ ਨਿੰਦਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਐਕਸ਼ਨ ਕਮੇਟੀ ਵੱਲੋਂ ਵਿੱਢੇ ਗਏ ਸੰਘਰਸ਼ਾਂ ’ਚ ਪ੍ਰਸ਼ਾਸ਼ਨ ਨੇ ਇਹ ਪੁਲ ਦੀ ਉਸਾਰੀ ਦਾ ਕੰਮ ਅਕਤੂਬਰ ਦੇ ਪਹਿਲੇ ਹਫਤੇ ਸ਼ੁਰੂ ਕਰਵਾਉਣ ਦਾ ਭਰੌਸਾ ਦੇ ਕੇ ਐਕਸ਼ਨ ਕਮੇਟੀ ਦਾ ਮਰਨ ਵਰਤ ਸਮਾਪਤ ਕਰਵਾਇਆ ਸੀ, ਪਰ ਹੁਣ ਪ੍ਰਸ਼ਾਸ਼ਨ ਆਪਣੇ ਕੀਤੇ ਹੋਏ ਇਸ ਵਾਅਦੇ ਤੋਂ ਵੀ ਮੁੱਕਰ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਹੁਣ ਐਕਸ਼ਨ ਕਮੇਟੀ ਸਮੇਤ ਇਲਾਕੇ ਦੇ ਲੋਕਾਂ ਦਾ ਸਬਰ ਦਾ ਪਿਆਲਾ ਭਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੀਆਂ ਪੰਚਾਇਤਾਂ 9 ਅਕਤੂਬਰ ਨੂੰ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਐਸ.ਡੀ.ਐਮ ਧੂਰੀ ਨੂੰ ਮਿਲਣਗੀਆਂ, ਜੇਕਰ ਪ੍ਰਸ਼ਾਸ਼ਨ ਨੇ ਉਸ ਦਿਨ ਇਸ ਮਾਮਲੇ ’ਚ ਨਹਿਰੀ ਬੰਦੀ ਸਬੰਧੀ ਕੋਈ ਠੋਸ ਸਬੂਤ ਨਾ ਦਿੱਤਾ ਤਾਂ 18 ਅਕਤੂਬਰ ਨੂੰ ਐਕਸ਼ਨ ਕਮੇਟੀ ਵੱਲੋਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਪੁਲ ਦੇ ਟੁੱਟੇ ਹੋਏ ਕਾਰਨ ਇਲਾਕੇ ਦੇ ਕਾਫੀ ਪਿੰਡਾਂ ਦੇ ਲੋਕਾਂ ਨੂੰ ਖਮਿਆਜਾ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇਸ ਪੁਲ ਦੀ ਉਸਾਰੀ ਦਾ ਕੰਮ ਕਰਵਾਉਣ ’ਚ ਅਕਾਲੀ ਦਲ ਫੇਲ੍ਹ ਹੋਇਆ ਹੈ, ਉਥੇ ਕਾਂਗਰਸ ਵੀ ਆਪਣੇ 6 ਮਹੀਨਿਆਂ ਦੇ ਕਾਰਜਕਾਲ ’ਚ ਇਸ ਪੁਲ ਦੇ ਕੰਮ ’ਚ ਡੱਕਾ ਵੀ ਦੂਹਰਾ ਨਹੀਂ ਕਰਵਾ ਸਕੀ। ਇਸ ਮੌਕੇ ਡਾ. ਅਨਵਰ ਭਸੌੜ, ਮੇਜਰ ਸਿੰਘ ਪੁੰਨਾਂਵਾਲ, ਨਰੰਜਣ ਸਿੰਘ ਦੋਹਲਾ, ਸਰਬਜੀਤ ਸਿੰਘ ਅਲਾਲ, ਬੰਤ ਸਿੰਘ ਐਮ.ਡੀ, ਜਗਤਾਰ ਸਿੰਘ ਘਨੌਰ, ਸਾਬਕਾ ਸਰਪੰਚ ਗੁਰਜੰਟ ਸਿੰਘ ਚਾਂਗਲੀ, ਕਿਰਪਾਲ ਸਿੰਘ ਰਾਜੋਮਾਜਰਾ, ਹਰਦੇਵ ਸਿੰਘ ਘਨੌਰੀ, ਨਿਰਮਲ ਸਿੰਘ ਘਨੌਰ, ਗੁਰਜੀਤ ਸਿੰਘ ਜਹਾਂਗੀਰ ਆਦਿ ਵੀ ਹਾਜ਼ਰ ਸਨ।

WRITTEN BY