June 24, 2026 8:27 am

ਦਿੱਲੀ ਦੀਆਂ ਚਾਰੇ ਸੀਟਾਂ ਉੱਤੇ ਅਕਾਲੀ ਦਲ ਸ਼ਾਨਦਾਰ ਜਿੱਤ ਹਾਸਿਲ ਕਰੇਗਾ : ਰਵੀਪ੍ਰੀਤ ਸਿੱਧੂ

ਤਲਵੰਡੀ ਸਾਬੋ 29 ਨਵੰਬਰ (ਰਣਜੀਤ ਸਿੰਘ ਰਾਜੂ)-ਜਿਸ ਤਰ੍ਹਾਂ ਦਿੱਲੀ ਦੀਆਂ ਸਿੱਖ ਸੰਗਤਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿੱਚ ਸਾਥ ਦੇ ਕੇ ਭਾਰੀ ਜਿੱਤ ਦੁਆਈ ਸੀ, ਉਸੇ ਤਰ੍ਹਾਂ ਹੁਣ ਵਿਧਾਨ ਸਭਾ ਚੋਣਾਂ ਵਿੱਚ ਵੀ ਅਕਾਲੀ ਦਲ ਵੱਲੋਂ ਜਿਨ੍ਹਾਂ ਚਾਰ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ ਉਨ੍ਹਾਂ ਸੀਟਾਂ ‘ਤੇ ਹਰ ਤਬਕੇ ਦੇ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ ਅਤੇ ਦਿੱਲੀ ਦੀਆਂ ਚਾਰੇ ਸੀਟਾਂ ‘ਤੇ ਪਾਰਟੀ ਸ਼ਾਨਦਾਰ ਜਿੱਤ ਹਾਸਿਲ ਕਰੇਗੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਵਿਖੇ ਚੋਣ ਪ੍ਰਚਾਰ ਲਈ ਗਏ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਖਜ਼ਾਨਚੀ ਰਵੀਪ੍ਰੀਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਵਿਸ਼ੇਸ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਦੇ ਸਾਰੇ ਵਿੰਗਾਂ ਦੇ ਅਹੁਦੇਦਾਰ ਅਤੇ ਵਰਕਰ ਦਿੱਲੀ ਦੀਆਂ ਉਕਤ ਚਾਰੇ ਸੀਟਾਂ ਤੇ ਡਟੇ ਹੋਏ ਹਨ ਉਵੇਂ ਹੀ ਯੂਥ ਅਕਾਲੀ ਦਲ ਦੇ ਆਗੂ ਤੇ ਵਰਕਰ ਵੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮਜੀਤ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਸੁਖਬੀਰ ਬਾਦਲ ਦੀ ਅਗਵਾਈ ਹੇਠ ਆਪਣੀਆਂ ਡਿਊਟੀਆਂ ਬਾਖੂਬੀ ਨਿਭਾ ਰਹੇ ਹਨ ਅਤੇ ਅਕਾਲੀ ਦਲ ਦਾ ਇਹ ਹਰਿਆਵਲ ਦਸਤਾ ਦਿੱਲੀ ਦੀਆਂ ਉਕਤ ਸੀਟਾਂ ਦੇ ਜਿੱਤ ਵਿੱਚ ਵਿਸ਼ੇਸ ਭੂਮਿਕਾ ਨਿਭਾਵੇਗਾ।

Send this to a friend