ਫ਼ਰੀਦਕੋਟ-ਨਗਰ ਕੌਂਸਲ ਫ਼ਰੀਦਕੋਟ ਨੇ ਇੱਕ ਵਾਰ ਫਿਰ ਸ਼ਹਿਰ ਦੇ ਲੋਕਾਂ ਦੇ ਇਕਲੌਤੇ ਸ਼ਹੀਦ ਭਗਤ ਸਿੰਘ ਪਾਰਕ ਨੂੰ ਇੱਕ ਸਾਲ ਵਾਸਤੇ ਇਲਾਕੇ ‘ਚ ਚੰਗਾ ਰਸੂਖ ਰੱਖਣ ਵਾਲਿਆਂ ਨੂੰ ਠੇਕੇ ‘ਤੇ ਦੇ ਦਿੱਤਾ ਹੈ। ਦਿਲਚਸਪ ਤੱਥ ਇਹ ਹੈ ਕਿ ਕੌਂਸਲ ਨੇ ਚਾਰ ਏਕੜ ਤੋਂ ਵੱਧ ਰਕਬੇ ਵਿੱਚ ਬਣੇ ਪਾਰਕ ਦਾ ਠੇਕਾ ਮਹਿਜ਼ 1350 ਰੁਪਏ ਵਿੱਚ ਦਿੱਤਾ ਹੈ ਜਦੋਂ ਕਿ ਪਾਰਕ ਦੀ ਪ੍ਰਤੀ ਮਹੀਨਾ ਬਿਜਲੀ ਖਪਤ 8 ਹਜ਼ਾਰ ਤੋਂ ਟੱਪ ਜਾਂਦੀ ਹੈ। ਇਹ ਬਿੱਲ ਨਗਰ ਕੌਂਸਲ ਅਦਾ ਕਰੇਗੀ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਦੋ ਦਰਜਨ ਤੋਂ ਵੱਧ ਦਾਅਵੇਦਾਰਾਂ ਨੇ ਸ਼ਹੀਦ ਭਗਤ ਸਿੰਘ ਪਾਰਕ ਨੂੰ ਠੇਕੇ ‘ਤੇ ਲੈਣ ਲਈ ਅਰਜੀਆਂ ਦਿੱਤੀਆਂ ਸਨ। ਦੇਵ ਕੁਮਾਰ ਨੇ 5500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪਾਰਕ ਦਾ ਠੇਕਾ ਮੰਗਿਆ ਸੀ ਪਰੰਤੂ ਨਗਰ ਕੌਂਸਲ ਨੇ ਉਸ ਦੀ ਅਰਜੀ ਤੱਕ ਨਹੀਂ ਫੜੀ। ਕੌਂਸਲ ਨੇ ਚੁੱਪ ਚੁਪੀਤੇ ਹੀ ਪਾਰਕ ਦਾ ਠੇਕਾ ਪ੍ਰਤੀ ਮਹੀਨਾ 1350 ਰੁਪਏ ਦੇ ਹਿਸਾਬ ਨਾਲ ਇੱਥੋਂ ਦੇ ਇੱਕ ਅਕਾਲੀ ਆਗੂ ਨੂੰ ਦੇ ਦਿੱਤਾ ਹੈ ,ਪਰ ਵੱਡੀ ਗੱਲ ਇਹ ਹੈ ਕਿ ਇੱਥੋ ਦਾ ਪ੍ਰਸ਼ਾਸਨ ਤੇ ਹੋਰ ਅਧਿਕਾਰੀ ਮਿਲਕੇ ਪੰਜਾਬ ਸਰਕਾਰ ਨੁੰ ਚੂਨਾ ਲਾ ਰਹੇ ਹਨ ।
ਦੱਸਣਯੋਗ ਹੈ ਕਿ ਸ਼ਹਿਰ ਦੇ ਐਨ ਵਿਚਕਾਰ ਬਣੇ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਹਰ ਸਮੇਂ ਸ਼ਹਿਰੀਆਂ ਦੀ ਵੱਡੀ ਭੀੜ ਜੁੜੀ ਰਹਿੰਦੀ ਹੈ ਅਤੇ ਇੱਥੇ ਦਰਜਨਾਂ ਦੀ ਗਿਣਤੀ ਵਿੱਚ ਫਾਸਟ ਫੂਡ ਆਦਿ ਦੀਆਂ ਰੇਹੜੀਆਂ ਲੱਗਦੀਆਂ ਹਨ ਜਿੰਨ•ਾਂ ਤੋਂ ਹਜ਼ਾਰਾਂ ਰੁਪਏ ਕਿਰਾਇਆ ਵਸੂਲਿਆ ਜਾਂਦਾ ਹੈ। ਇਸ ਤੋਂ ਇਲਾਵਾ ਭਗਤ ਸਿੰਘ ਪਾਰਕ ਨੂੰ ਪਬਲੀਸਿਟੀ ਜੰਕਸ਼ਨ ਵਜੋਂ ਵੀ ਵਰਤਿਆ ਜਾਂਦਾ ਹੈ ਅਤੇ ਇਸ ਪਾਰਕ ਦੇ ਅੰਦਰ ਇਸ਼ਤਿਹਾਰੀ ਬੋਰਡ ਆਦਿ ਲਾਉਣ ਵਾਲਿਆਂ ਤੋਂ ਵੀ ਪੈਸੇ ਵਸੂਲ ਕੇ ਕਮਾਈ ਕੀਤੀ ਜਾਂਦੀ ਹੈ। ਨਗਰ ਕੌਂਸਲ ਜਿਸ ਕੋਲ ਸ਼ਹਿਰ ਦੀਆਂ ਸੜਕਾਂ, ਗਲੀਆਂ-ਨਾਲੀਆਂ ਬਣਾਉਣ ਅਤੇ ਕੂੜੇ ਦੇ ਢੇਰ ਚੁੱਕਣ ਲਈ ਹਰ ਵੇਲੇ ਪੈਸੇ ਦੀ ਕਮੀ ਬਣੀ ਰਹਿੰਦੀ ਹੈ, ਨੇ ਇਸ ਕੀਮਤੀ ਪਾਰਕ ਨੂੰ ਕੌਡੀਆਂ ਦੇ ਭਾਅ ਠੇਕੇ ‘ਤੇ ਦੇ ਕੇ ਕਮਾਈ ਦੇ ਇੱਕ ਹੋਰ ਮੌਕੇ ਨੂੰ ਗੁਆਇਆ ਹੈ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਪਾਰਕ ਨੂੰ ਠੇਕੇ ‘ਤੇ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਾਰਕ ਦੀ ਸਾਂਭ ਸੰਭਾਲ ਠੇਕੇਦਾਰ ਕਰੇਗਾ ਜਦੋਂ ਕਿ ਬਿਜਲੀ ਦਾ ਬਿੱਲ ਨਗਰ ਕੌਂਸਲ ਭਰੇਗੀ। ਉਹਨਾਂ ਕਿਹਾ ਕਿ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਸ਼ਹਿਰ ਦੇ ਪਾਰਕਾਂ ਨੂੰ ਸਾਂਭ ਸੰਭਾਲ ਲਈ ਹੀ ਠੇਕੇ ‘ਤੇ ਦਿੱਤਾ ਜਾਂਦਾ ਹੈ। ਠੇਕੇਦਾਰ ਸਾਂਭ ਸੰਭਾਲ ਦੇ ਖਰਚੇ ਖੁਦ ਪੂਰੇ ਕਰਦਾ ਹੈ। ਡਿਪਟੀ ਕਮਿਸ਼ਨਰ ਸ਼੍ਰੀ ਮੁਹੰਮਦ ਤਇਅਬ ਨੇ ਕਿਹਾ ਕਿ ਭਗਤ ਸਿੰਘ ਪਾਰਕ ਨੂੰ ਸਰਕਾਰ ਦੀਆ ਹਿਦਾਇਤਾਂ ਮੁਤਾਬਿਕ ਹੀ ਠੇਕੇ ‘ਤੇ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪਾਰਕ ਠੇਕੇ ‘ਤੇ ਦੇਣ ਦੀ ਪੂਰੀ ਪ੍ਰਕਿਰਿਆ ਨਿਯਮਾਂ ਅਨੁਸਾਰ ਕੀਤੀ ਗਈ ਹੈ।