June 24, 2026 8:31 am

ਰਾਹੀਲ ਸ਼ਰੀਫ਼ ਅਤੇ ਜਿਲਾਨੀ ਦੀਆਂ ਬਤੌਰ ਫੌਜ ਮੁਖੀ ਅਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਦੀਆਂ ਨਿਯੁਕਤੀਆਂ ਸਿੱਖ ਅਤੇ ਮੁਸਲਿਮ ਕੌਮ ਦੇ ਸੰਬੰਧਾਂ ਨੂੰ ਮਜ਼ਬੂਤ ਕਰਨਗੀਆਂ : ਮਾਨ

ਫਤਹਿਗੜ੍ਹ ਸਾਹਿਬ, 29 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-‘ਪਾਕਿਸਤਾਨ ਦੀ ਸ੍ਰੀ ਨਵਾਜ ਸ਼ਰੀਫ਼ ਹਕੂਮਤ ਵੱਲੋਂ ਪਾਕਿਸਤਾਨ ਫੌਜ ਦੇ ਮੁੱਖੀ ਦੇ ਅਹੁਦੇ ਉਤੇ ਜਨਰਲ ਰਾਹੀਲ ਸ਼ਰੀਫ਼ ਅਤੇ ਉਥੋਂ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਦੇ ਅਹੁਦੇ ਉਤੇ ਸ੍ਰੀ ਤਸਦਦੁਕ ਹੁਸੈਨ ਜਿਲਾਨੀ ਦੀਆਂ ਕੀਤੀਆਂ ਨਿਯੁਕਤੀਆਂ ਉਤੇ ਪਾਕਿਸਤਾਨ ਹਕੂਮਤ ਅਤੇ ਦੋਵੇ ਸਖਸ਼ੀਅਤਾਂ ਨੂੰ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕਿਹਾ ਗਿਆ ਹੈ ਕਿ ਇਹਨਾਂ ਦੋਵੇ ਨਵੀਆਂ ਹੋਈਆਂ ਨਿਯੁਕਤੀਆਂ ਨਾਲ ਪਾਕਿਸਤਾਨ ਹਕੂਮਤ, ਮੁਸਲਿਮ ਕੌਮ ਨਾਲ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਸੰਬੰਧਾਂ ਨੂੰ ਹੋਰ ਵਧੇਰੇ ਮਜ਼ਬੂਤੀ ਮਿਲੇਗੀ, ਉਥੇ ਸ਼ ਮਾਨ ਨੇ ਇਹ ਵੀ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਸ਼ਰੀਫ਼ ਆਪਣੇ ਤੋ ਪਹਿਲੇ ਰਹਿ ਚੁੱਕੇ ਚੀਫ਼ ਆਫ਼ ਦਾ ਆਰਮੀ ਸਟਾਫ ਜਰਨਲ ਅਸਫਾਕ ਪ੍ਰਵੇਜ ਕਿਆਨੀ ਦੇ ਲੰਮੇਂ ਤੁਜ਼ਰਬੇ ਤੋ ਜਰਨਲ ਸ਼ਰੀਫ਼ ਸੇਧ ਲੈਦੇ ਰਹਿਣਗੇ ਕਿਉਂਕਿ ਜਰਨਲ ਕਿਆਨੀ ਨੇ ਆਪਣੇ ਮੁੱਖ ਅਹੁਦੇ ਤੇ ਰਹਿੰਦੇ ਹੋਏ ਚੜ੍ਹਦੇ ਵਾਲੇ ਪਾਸੇ ਜੋ ਪਾਕਿਸਤਾਨ ਦੀ ਸਰਹੱਦ ਪੰਜਾਬ ਸੂਬੇ ਨਾਲ ਲੱਗਦੀ ਹੈ, ਦੇ ਨਾਲ ਸੰਬੰਧਤ ਮਸਲਿਆਂ ਨੂੰ ਪੂਰੀ ਸਿਦਤ ਨਾਲ ਹੱਲ ਕਰਨ ਦੇ ਨਾਲ-ਨਾਲ ਮੁਸਲਿਮ ਅਤੇ ਸਿੱਖ ਕੌਮ ਦੇ ਪੁਰਾਤਣ ਸੰਬੰਧਾਂ ਨੂੰ ਪ੍ਰਫੁੱਲਿਤ ਕਰਨ ਵਿਚ ਵੀ ਡੁੰਘਾਂ ਯੋਗਦਾਨ ਪਾਉਦੇ ਰਹੇ ਹਨ । ਇਸ ਲਈ ਜਿਥੇ ਸਿੱਖ ਕੌਮ ਜਰਨਲ ਸ਼ਰੀਫ਼ ਦੀ ਨਿਯੁਕਤੀ ਦਾ ਸਵਾਗਤ ਕਰਦੀ ਹੈ, ਉਥੇ ਜਰਨਲ ਕਿਆਨੀ ਵੱਲੋਂ ਨਿਭਾਈ ਗਈ ਮਨੁੱਖਤਾ ਅਤੇ ਸਿੱਖ ਕੌਮ ਪੱਖੀ ਭੂਮਿਕਾ ਲਈ ਤਹਿ ਦਿਲੋ ਧੰਨਵਾਦੀ ਵੀ ਹੈ ।ਉਹਨਾਂ ਕਿਹਾ ਕਿ ਜਦੋ ਵੀ ਪਾਕਿਸਤਾਨ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਜਾਂ ਅਵਾਮ ਉਤੇ ਕੋਈ ਭੀੜ ਪੈਦੀ ਰਹੀ ਹੈ, ਤਾਂ ਉਥੋ ਦੀ ਫੌਜ ਬੈਰਕਾ ਵਿਚੋ ਬਾਹਰ ਆ ਕੇ ਘੱਟ ਗਿਣਤੀ ਕੌਮਾਂ ਦੀ ਰਾਖੀ ਕਰਦੀ ਰਹੀ ਹੈ । ਜਦੋਕਿ ਹਿੰਦ ਦੀ ਆਰਮੀ ਅਜਿਹੇ ਸਮਿਆਂ ਤੇ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਦੇ ਹੱਕਾਂ ਦੀ ਰਖਵਾਲੀ ਕਰਨ ਵਿਚ ਅਸਫਲ ਰਹੀ ਹੈ।’  ਸ਼ ਮਾਨ ਨੇ ਇਕ ਹੋਰ ਵੱਖਰੇ ਪੱਤਰ ਰਾਹੀ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਨਵਨਿਯੁਕਤ ਹੋਏ ਮੁੱਖ ਜੱਜ ਸ੍ਰੀ ਤਸਦਦੁਕ ਹੁਸੈਨ ਜਿਲਾਨੀ ਦੀ ਨਿਯੁਕਤੀ ਉਤੇ ਵੀ ਮੁਬਾਰਕਬਾਦ ਭੇਜਦੇ ਹੋਏ ਕਿਹਾ ਹੈ ਕਿ ਜਿਸ ਮੁਲਕ ਜਾਂ ਸੂਬੇ ਵਿਚ ਕਾਨੂੰਨ ਤੇ ਅਦਾਲਤਾਂ ਨਿਰਪੱਖਤਾ ਨਾਲ ਕੰਮ ਕਰਦੇ ਹੋਣ, ਉਥੋ ਦੇ ਅਵਾਮ ਦੇ ਮਨਾਂ ਵਿਚ ਕਾਨੂੰਨ ਲਈ ਵੱਡਾ ਵਿਸ਼ਵਾਸ ਬੱਝ ਜਾਂਦਾ ਹੈ, ਜਿਸ ਨਾਲ ਉਥੇ ਇਨਸਾਫ, ਅਮਨ-ਚੈਨ ਅਤੇ ਜਮਹੂਰੀਅਤ ਨੂੰ ਬਲ ਮਿਲਦਾ ਹੈ ਅਤੇ ਅਜਿਹੇ ਪ੍ਰਬੰਧ ਵਿਚ ਕਿਸੇ ਵੀ ਕੌਮ, ਧਰਮ, ਫਿਰਕੇ ਜਾਂ ਘੱਟ ਗਿਣਤੀ ਕੌਮਾਂ ਨਾਲ ਬੇਇਨਸਾਫ਼ੀ ਹੋਣ ਦੀ ਗੁਜ਼ਾਇਸ ਖ਼ਤਮ ਹੋ ਜਾਂਦੀ ਹੈ। ਸ. ਮਾਨ ਨੇ ਸ੍ਰੀ ਜਿਲਾਨੀ ਤੋ ਉਮੀਦ ਪ੍ਰਗਟ ਕੀਤੀ ਕਿ ਉਹ ਪਾਕਿਸਤਾਨ ਵਿੱਚ ਕਾਨੂੰਨ ਦੇ ਰਾਜ ਨੂੰ ਹੋਰ ਵਧੇਰੇ ਬਲ ਦਿੰਦੇ ਹੋਏ ਉਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਦੀ ਸੁਰੱਖਿਆ, ਹੱਕ-ਹਕੂਕਾ ਨੂੰ ਪੂਰਨ ਕਰਨ ਵੱਲ ਉਚੇਚੇ ਤੌਰ ‘ਤੇ ਕਦਮ ਉਠਾਉਂਦੇ ਰਹਿਣਗੇ ਅਤੇ ਆਪਣੀਆਂ ਇਨਸਾਫ਼ ਪਸੰਦ ਕਾਰਵਾਈਆਂ ਸਦਕਾ ਗੁਆਂਢੀ ਮੁਲਕ ਭਾਰਤ ਦੇ ਜੱਜਾਂ, ਅਦਾਲਤਾਂ ਨੂੰ ਵੀ ਘੱਟ ਗਿਣਤੀ ਸਿੱਖ ਅਤੇ ਮੁਸਲਿਮ ਕੌਮ ਨੂੰ ਬਣਦਾ ਇਨਸਾਫ਼ ਦੇਣ ਦਾ ਸੰਦੇਸ਼ ਦਿੰਦੇ ਰਹਿਣਗੇ ਤਾਂ ਕਿ ਲੰਮੇਂ ਸਮੇਂ ਤੋਂ ਬੇਇਨਸਾਫ਼ੀਆਂ ਨਾਲ ਜੂਝ ਰਹੀ ਸਿੱਖ ਕੌਮ ਦੇ ਕਾਤਿਲਾਂ ਅਤੇ ਅਪਰਾਧੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲ ਸਕੇ ਅਤੇ ਭਾਰਤ ਵਿੱਚ ਵੀ ਕਾਨੂੰਨ ਦਾ ਰਾਜ ਸਥਾਪਿਤ ਹੋ ਸਕੇ।

Send this to a friend