June 24, 2026 9:50 am

ਸੱਤਾਧਾਰੀ ਕਾਂਗਰਸ ਪੁਲਿਸ ਦੀ ਦੁਰਵਰਤੋਂ ਕਰਨ ‘ਤੇ ਤੁਲੀ : ਅਕਾਲੀ ਦਲ

ਨਵੀਂ ਦਿੱਲੀ, 29 ਨਵੰਬਰ  (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤ ਦੇ ਚੋਣ ਕਮਿਸ਼ਨ ਨੂੰ ਭੇਜੀ ਆਪਣੀ ਇਕ ਸ਼ਿਕਾਇਤ ਵਿਚ ਮਾਇਆਪੁਰੀ ਦੇ ਐੱਸ. ਐੱਚ. ਓ. ਸੋਮਨਾਥ ਨੂੰ ਤੁਰੰਤ ਮਾਯਾਪੁਰੀ ਪੁਲਿਸ ਥਾਣੇ ਤੋਂ ਤਬਦੀਲ ਕਰਨ ਦੀ ਮੰਗ ਕੀਤੀ ਹੈ। ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਇਹ ਐਸ ਐਚ ਓ ਹਰੀ ਨਗਰ ਵਿਧਾਨ ਸਭਾ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਵਿਚ ਗੈਰ ਕਾਨੂੰਨੀ ਦਖਲਅੰਦਾਜ਼ੀ ਕਰਦਿਆਂ ਪਾਰਟੀ ਵਰਕਰਾਂ ਨੂੰ ਧਮਕਾ ਰਿਹਾ ਹੈ।
ਭਾਰਤ ਦੇ ਚੋਣ ਕਮਿਸ਼ਨ, ਐਨ ਸੀ ਟੀ ਦਿੱਲੀ ਦੇ ਮੁੱਖ ਚੋਣ ਅਫਸਰ ਤੇ ਹਰੀ ਨਗਰ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫਸਰ ਨੂੰ ਭੇਜੀ ਲਿਖਤੀ ਸ਼ਿਕਾਇਤ ਵਿਚ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਧਿਰ ਦੇ ਉਮੀਦਵਾਰ ਦੀ ਮਦਦ ਵਾਸਤੇ ਅਤੇ ਸਾਡੇ ਪਾਰਟੀ ਵਰਕਰਾਂ ਦੇ ਮਨੋਬਲ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਐਚ ਐਸ ਓ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨਾਲ ਬਦਸਲੂਕੀ ਕਰ ਰਿਹਾ ਹੈ ਤੇ ਉਹਨਾਂ ਨੂੰ ਧਮਕਾ ਰਿਹਾ ਹੈ। ਅੱਜ ਖਜਾਨ ਬਸਤੀ ਵਿਚ ਵਾਪਰੀ ਘਟਨਾ ਦਾ ਹਵਾਲਾ ਦਿੰਦਿਆਂ ਡਾ. ਚੀਮਾ ਨੇ ਦੱਸਿਆ ਕਿ ਐਸ ਐਚ ਓ ਨੇ ਪੰਜਾਬ ਦੇ ਮੁੱਖ ਪਾਰਲੀਮਾਨੀ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਜਾਨਚੀ ਸ੍ਰੀ ਨਰਿੰਦਰ ਕੁਮਾਰ ਸ਼ਰਮਾ ਤੇ ਹੋਰ ਪਾਰਟੀ ਵਰਕਰਾਂ  ਨੂੰ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਨ ਤੋਂ ਰੋਕਿਆ। ਡਾ. ਚੀਮਾ ਨੇ ਕਿਹਾ ਕਿ ਪੁਲਿਸ ਅਫਸਰ ਦੀ ਇਹ ਕਾਰਵਾਈ ਪੂਰੀ ਤਰ੍ਹਾਂ ਗੈਰ ਕਾਨੂੰਨੀ, ਅਨਿਆਂਇਕ, ਸਿਆਸੀ ਤੌਰ ‘ਤੇ ਪ੍ਰੇਰਿਤ ਤੇ ਇਕਪਾਸੜ ਕਾਰਵਾਈ ਹੈ। ਉਹਨਾਂ ਦੱਸਿਆ ਕਿ ਪਹਿਲਾਂ ਉਹਨਾਂ ਨੇ ਸਾਡੇ ਆਗੂਆਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਤੇ ਫਿਰ ਸਾਡੇ ਦੋ ਵਰਕਰਾਂ ਹਰਜਿੰਦਰ ਸਿੰਘ ਰੱਜੀ ਤੇ ਭੁਪਿੰਦਰ ਸ਼ਰਮਾ ਨੂੰ ਗੈਰ ਕਾਨੂੰਨੀ ਤੌਰ ‘ਤੇ ਮਾਯਾਪੁਰੀ ਪੁਲਿਸ ਥਾਣੇ ਲੈ ਗਏ ਤੇ ਹਲਕਾ ਛੱਡ ਜਾਣ ਦੀ ਧਮਕੀ ਦਿੱਤੀ। ਸ਼ਿਕਾਇਤ ਵਿਚ ਡਾ. ਚੀਮਾ ਨੇ ਇਹ ਵੀ ਕਿਹਾ ਕਿ ਦਿੱਲੀ ਦੀ ਕਾਂਗਰਸ ਸਰਕਾਰ ਦੀਆਂ ਹਦਾਇਤਾਂ ‘ਤੇ ਅਜਿਹੀਆਂ ਹੀ ਘਟਨਾਵਾਂ ਦਿੱਲੀ ਦੇ ਹੋਰ ਭਾਗਾਂ ਵਿਚ ਵੀ ਵਾਪਰ ਰਹੀਆਂ ਹਨ। ਉਹਨਾਂ ਕਿਹਾ ਕਿ ਕੁਝ ਥਾਵਾਂ ‘ਤੇ ਜਨਤਕ ਮੀਟਿੰਗਾਂ ਕਰਨ ਦੀ ਪ੍ਰਵਾਨਗੀ ਐਨ ਆਖਰੀ ਮੌਕੇ ‘ਤੇ ਰੱਦ ਕੀਤੀ ਜਾ ਰਹੀ ਹੈ ਜਿਵੇਂ ਕਿ ਕੱਲ੍ਹ ਕਾਲਕਾ ਜੀ ਵਿਚ ਵਾਪਰਿਆ। ਇਸੇ ਤਰ੍ਹਾਂ ਪੰਜਾਬ ਦੀ ਰਜਿਸਟਰੇਸ਼ਨ ਨੰਬਰ ਵਾਲੇ ਵਾਹਨਾਂ ਨੂੰ ਗੈਰ ਕਾਨੂੰਨੀ ਤੌਰ ‘ਤੇ ਬੰਦ ਕੀਤਾ ਜਾ ਰਿਹਾ ਹੈ ਤੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਡਾ. ਚੀਮਾ ਨੇ ਭਾਰਤੀ ਚੋਣ ਕਮਿਸ਼ਨ ਨੂੰ ਦੱਸਿਆ ਕਿ ਅਜਿਹੀਆਂ ਦਬਾਅ ਬਣਾਉਣ ਵਾਲੀਆਂ ਕਾਰਵਾਈਆਂ ਕਰ ਕੇ ਕਾਂਗਰਸ ਪਾਰਟੀ ਸਾਡੀ ਪਾਰਟੀ ਦੇ ਵਰਕਰਾਂ ਦੇ ਮਨੋਬਲ ਨੂੰ ਡੇਗਣਾ ਚਾਹੁੰਦੀ ਹੈ। ਉਹਨਾਂ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਅਜਿਹੀਆਂ ਗੈਰ ਕਾਨੂੰਨੀ ਕਾਰਵਾਈਆਂ ਤੁਰੰਤ ਬੰਦ ਕਰਵਾਈਆਂ ਜਾਣ ਤਾਂ ਕਿ ਚੋਣਾਂ ਆਜ਼ਾਦ ਤੇ ਨਿਰਪੱਖ ਮਾਹੌਲ ਵਿਚ ਹੋ ਸਕਣ।

Send this to a friend