ਚੰਡੀਗੜ੍ਹ, 29 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਗ਼ਰੀਬ/ਲੋੜਵੰਦ ਵਾਸੀਆਂ ਲਈ ਬਣਾਈ ਨਵੀਂ ਆਟਾ-ਦਾਲ ਸਕੀਮ ਨੂੰ 1 ਦਸੰਬਰ, 2013 ਤੋਂ ਸਮੁੱਚੇ ਸੂਬੇ ‘ਚ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ ਸੂਬੇ ਦੇ ਗ਼ਰੀਬਾਂ/ਯੋਗ ਲਾਭ ਪਾਤਰੀਆਂ ਨੂੰ 1 ਰੁਪਏ ਪ੍ਰਤੀ ਕਿਲੋ ਕਣਕ ਅਤੇ 20 ਰੁਪਏ ਪ੍ਰਤੀ ਕਿਲੋ ਦਾਲ ਮੁਹੱਈਆ ਕਰਵਾਈ ਜਾਵੇਗੀ। ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਜਾਰੀ ਆਟਾ-ਦਾਲ ਸਕੀਮ ਦਾ ਘੇਰਾ ਹੋਰ ਵਿਸ਼ਾਲ ਕਰਦਿਆਂ ਨਵੀਂ ਸਕੀਮ ਤਹਿਤ 1 ਰੁਪਏ ਪ੍ਰਤੀ ਕਿਲੋ ਕਣਕ ਅਤੇ 20 ਰੁਪਏ ਕਿਲੋ ਦਾਲ 1 ਦਸੰਬਰ, 2013 ਤੋਂ ਮੁਹੱਈਆ ਕਰਵਾਏ ਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਸਕੀਮ ਨੂੰ ਦੋ ਪੜਾਵਾਂ ‘ਚ ਲਾਗੂ ਕੀਤਾ ਜਾਵੇਗਾ। ਪਹਿਲੇ ਪੜਾਅ ਤਹਿਤ 1 ਦਸੰਬਰ, 2013 ਤੋਂ ਆਟਾ-ਦਾਲ ਸਕੀਮ ਦੇ ਮੌਜੂਦਾ ਲਾਭ ਪਾਤਰੀ ਪਰਿਵਾਰਾਂ ਦੇ ਨਾਲ-ਨਾਲ ਸਾਰੇ ਬੀ.ਪੀ.ਐਲ ਅਤੇ ਏ.ਏ.ਵਾਈ (ਅੰਤੋਦਿਆ) ਰਾਸ਼ਨ ਕਾਰਡ ਧਾਰਕਾਂ ਨੂੰ ਯੋਗ ਲਾਭ ਪਾਤਰੀ ਮੰਨਦੇ ਹੋਏ ਕਣਕ ਅਤੇ ਦਾਲਾਂ ਦੀ ਵੰਡ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਨੀਲੇ ਕਾਰਡਾਂ ਦੀ ਗਿਣਤੀ ਦੁੱਗਣੀ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ, ਜਿਸ ਸਬੰਧੀ ਪਹਿਚਾਣ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਆਟਾ-ਦਾਲ ਸਕੀਮ ਦਾ ਦੂਜਾ ਪੜਾਅ ਨਵੇਂ ਨੀਲੇ ਕਾਰਡ ਬਣਨ ਉਪਰੰਤ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਮਾਜ ਵਿਚ ਔਰਤ ਦਾ ਰੁਤਬਾ ਹੋਰ ਉੱਚਾ ਚੁੱਕਣ ਲਈ ਨਵੇਂ ਬਣਨ ਵਾਲੇ ਨੀਲੇ ਕਾਰਡਾਂ ‘ਚ ਪਰਿਵਾਰ ਦਾ ਮੁੱਖੀ ਨਾਮਜ਼ਦ ਔਰਤ ਨੂੰ ਮੰਨਿਆ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਨਵੀਂ ਆਟਾ-ਦਾਲ ਸਕੀਮ ਤਹਿਤ ਜਿਨ੍ਹਾਂ ਪਰਿਵਾਰਾਂ ਦੀ ਸਲਾਨਾ ਆਮਦਨ 60 ਹਜ਼ਾਰ ਰੁਪਏ ਤੋਂ ਘੱਟ ਅਤੇ 2.5 ਏਕੜ ਤੋਂ ਘੱਟ ਵਾਹੀਯੋਗ ਜਾਂ 5 ਏਕੜ ਤੋਂ ਘੱਟ ਬੰਜ਼ਰ/ ਬਰਾਨੀ ਜ਼ਮੀਨ ਜਾਂ ਸ਼ਹਿਰੀ ਖੇਤਰ ‘ਚ 100 ਗਜ਼ ਦੇ ਪਲਾਟ ਵਾਲੇ ਪਰਿਵਾਰ ਨਵੇਂ ਨੀਲੇ ਕਾਰਡ ਬਣਾਉਣ ਲਈ ਹੱਕਦਾਰ ਹੋਣਗੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪੈਨਸ਼ਨਰਾਂ ਦੀ ਸਲਾਨਾ ਆਮਦਨ 60 ਹਜ਼ਾਰ ਰੁਪਏ ਤੋਂ ਘੱਟ ਹੈ, ਵੀ ਨਵੇਂ ਨੀਲੇ ਕਾਰਡ ਬਣਾਉਣ ਦੇ ਹੱਕਦਾਰ ਹੋਣਗੇ। ਉਨ੍ਹਾਂ ਸਪਸ਼ਟ ਕੀਤਾ ਕਿ ਸਬੰਧਤ ਲਾਭ ਪਾਤਰੀ ਇਹ ਸਵੈ-ਤਸਦੀਕ ਕਰੇਗਾ ਕਿ ਉਹ ਸਰਕਾਰ ਨੂੰ ਕਿਸੇ ਵੀ ਪ੍ਰਕਾਰ ਦਾ ਟੈਕਸ ਅਦਾ ਨਹੀਂ ਕਰਦਾ। ਉਨ੍ਹਾਂ ਦੱਸਿਆ ਕਿ ਲਾਭ ਪਾਤਰੀਆਂ ਦੇ ਆਟਾ-ਦਾਲ ਸਕੀਮ ਸਬੰਧੀ ਫ਼ਾਰਮਾਂ ਦੀ ਪੜਤਾਲ 16 ਦਸੰਬਰ ਤੋਂ 30 ਦਸੰਬਰ, 2013 ਤੱਕ ਕੀਤੀ ਜਾਵੇਗੀ ਅਤੇ ਯੋਗ ਲਾਭ ਪਾਤਰੀਆਂ ਦੀਆਂ ਲਿਸਟਾਂ ਦੀ ਨੋਟੀਫਿਕੇਸ਼ਨ 31 ਦਸੰਬਰ, 2013 ਨੂੰ ਕਰ ਦਿੱਤੀ ਜਾਵੇਗੀ। ਇਸ ਸੂਚੀ ਸਬੰਧੀ ਇਤਰਾਜ਼ 1 ਜਨਵਰੀ ਤੋਂ 10 ਜਨਵਰੀ, 2014 ਤੱਕ ਮਨਜ਼ੂਰ ਕੀਤੇ ਜਾਣਗੇ ਅਤੇ 13 ਜਨਵਰੀ ਤੋਂ 20 ਜਨਵਰੀ, 2014 ਤੱਕ ਇਤਰਾਜ਼ਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ ਜਦਕਿ ਅੰਤਿਮ ਸੂਚੀ 24 ਜਨਵਰੀ, 2014 ਤੱਕ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਪਹਿਲਾਂ ਬਣੇ ਨੀਲੇ ਕਾਰਡਾਂ ਸਬੰਧੀ ਵੀ ਜੇਕਰ ਕਿਸੇ ਨੂੰ ਇਤਰਾਜ਼ ਹੈ ਤਾਂ ਉਹ 1 ਦਸੰਬਰ ਤੋਂ 10 ਦਸੰਬਰ, 2013 ਤੱਕ ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ, ਸੁਵਿਧਾ ਕੇਂਦਰਾਂ, ਸਬੰਧਤ ਨਗਰ ਕੌਂਸਲਾਂ ਜਾਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰਾਂ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਜਿਨ੍ਹਾਂ ਦੀ ਪੜਤਾਲ 11 ਤੋਂ 20 ਦਸੰਬਰ, 2013 ਤੱਕ ਕਰਕੇ 30 ਦਸੰਬਰ, 2013 ਤੱਕ ਅੰਤਿਮ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਨਵੇਂ ਯੋਗ ਲਾਭ ਪਾਤਰੀਆਂ ਦੀ ਪਹਿਚਾਣ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਜੋ ਵੀ ਪਰਿਵਾਰ ਇਸ ਸਕੀਮ ਦਾ ਲਾਭ ਲੈਣਾ ਚਾਹੁੰਦਾ ਹੈ, ਉਹ ਆਪਣਾ ਅਰਜ਼ੀ ਫ਼ਾਰਮ ਨਿਰਧਾਰਿਤ ਪ੍ਰੋਫਾਰਮੇ ਵਿਚ ਭਰ ਕੇ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ, ਸੁਵਿਧਾ ਕੇਂਦਰਾਂ, ਸਬੰਧਤ ਨਗਰ ਕੌਂਸਲਾਂ ਜਾਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰਾਂ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੂਬੇ ਭਰ ‘ਚ ਨਵੀਂ ਆਟਾ-ਦਾਲ ਸਕੀਮ ਤਹਿਤ ਯੋਗ ਲਾਭ ਪਾਤਰੀਆਂ ਦੇ ਕਾਰਡ ਬਣਾਉਣ ਲਈ ਪ੍ਰਕਿਰਿਆ 25 ਨਵੰਬਰ, 2013 ਤੋਂ ਜੰਗੀ ਪੱਧਰ ‘ਤੇ ਸ਼ੁਰੂ ਹੋ ਗਈ ਹੈ ਅਤੇ 16 ਦਸੰਬਰ, 2013 ਤੱਕ ਯੋਗ ਲਾਭ ਪਾਤਰੀਆਂ ਦੇ ਕਲੇਮ ਫ਼ਾਰਮ ਮਨਜ਼ੂਰ ਕੀਤੇ ਜਾਣਗੇ।