ਸ੍ਰੀ ਅਨੰਦਪੁਰ ਸਾਹਿਬ, 30 ਸਤੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਬੀਤੇ ਦਿਨੀਂ ਇੱਥੋਂ ਦੇ ਪਿੰਡ ਧਨੇੜਾ ਤੋਂ ਆਪਣੀ ਪਤਨੀ ਸਣੇ ਤਿੰਨ ਨਾਬਾਲਿਗ ਬੱਚਿਆਂ ਨੂੰ ਪਿਕਅੱਪ ਜੀਪ ‘ਚ ਬਿਠਾ ਕੇ ਭੈਣ ਨੂੰ ਮਿਲਣ ਲਈ ਪਿੰਡ ਲਖਨੋ ਜਾ ਰਹੇ ਰਾਮਪਾਲ ਦੀ ਜੀਪ ਉਸ ਵੇਲੇ ਹਾਦਸਾਗ੍ਰਸਤ ਹੋ ਕੇ ਭਾਖੜਾ ਨਹਿਰ ‘ਚ ਜਾ ਡਿੱਗੀ ਜਦੋਂ ਉਹ ਨਹਿਰ ਦੀ ਪਟੜੀ ‘ਤੇ ਜਾ ਰਿਹਾ ਸੀ। ਇਸ ਦੌਰਾਨ ਸਮੁੱਚੇ ਪਰਿਵਾਰ ਦਾ ਪਾਣੀ ਦੇ ਤੇਜ਼ ਵਹਾਅ ‘ਚ ਵਹਿ ਜਾਣ ਦਾ ਖਦਸ਼ਾ ਹੈ। ਜਦਕਿ ਅੱਜ ਬਾਅਦ ਦੁਪਿਹਰ ਰਾਮਪਾਲ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ। ਦੋ ਦਿਨਾਂ ਤੱਕ ਰਾਮਪਾਲ ਦਾ ਫੋਨ ਵੀ ਨਹੀਂ ਮਿਲ ਰਿਹਾ ਸੀ। ਜਦੋਂ ਅੱਜ ਕਿਸੇ ਨੇ ਉਨ੍ਹਾਂ ਨੂੰ ਦੱਸਿਆ ਕਿ ਅੰਤਿਮ ਵਾਰ ਉਨ੍ਹਾਂ ਨੂੰ ਨਹਿਰ ਦੀ ਪਟੜੀ ਵੱਲ ਜਾਂਦੇ ਵੇਖਿਆ ਸੀ ਤਾਂ ਉਨ੍ਹਾਂ ਪਟੜੀ ਦੇ ਨਾਲ-ਨਾਲ ਭਾਲ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਉਨ੍ਹਾਂ ਨੂੰ ਗੱਡੀ ਦੇ ਟਾਇਰਾਂ ਦੇ ਨਿਸ਼ਾਨ ਦਿਖਾਈ ਦਿੱਤੇ ਜਿਸਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਗੋਤਾਖੋਰਾਂ ਦੀ ਮੰਗ ਕੀਤੀ। ਅੱਜ ਜਦੋਂ ਬਾਅਦ ਦੁਪਹਿਰ ਗੋਤਾਖੋਰਾਂ ਨੇ ਭਾਲ ਸ਼ੁਰੂ ਕੀਤੀ ਤਾਂ ਉਸੇ ਥਾਂ ਤੋਂ 32 ਸਾਲਾਂ ਰਾਮਪਾਲ ਦੀ ਲਾਸ਼ ਸਣੇ ਪਿਕਅੱਪ ਜੀਪ ਭਾਖੜਾ ਨਹਿਰ ‘ਚੋ ਬਰਾਮਦ ਕਰ ਲਈ ਗਈ। ਜਦਕਿ ਉਸਦੀ 28 ਸਾਲਾਂ ਪਤਨੀ ਚਰਨੋ ਦੇਵੀ, 8 ਸਾਲਾਂ ਬੇਟੀ ਨੀਸ਼ੂ, 4 ਸਾਲਾਂ ਬੇਟੀ ਮਨੂ ਅਤੇ 3 ਮਹੀਨੇ ਦਾ ਬੇਟੇ ਹਰਪ੍ਰੀਤ ਦੇ ਨਹਿਰ ਦੇ ਤੇਜ਼ ਵਹਾਅ ਵਿੱਚ ਅੱਗੇ ਵਹਿ ਜਾਣ ਦਾ ਖਦਸ਼ਾ ਬਣਿਆ ਹੋਇਆ ਹੈ। ਹਾਲਾਂਕਿ ਗੋਤਾਖੋਰਾਂ ਵੱਲੋਂ ਉਨ੍ਹਾਂ ਚਾਰਾਂ ਦੀ ਤਲਾਸ਼ ਜਾਰੀ ਹੈ। ਦੱਸਣਯੋਗ ਹੈ ਕਿ ਰਾਮਪਾਲ ਦੇ ਮਾਤਾ-ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ ਜਦਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਘਰ ਦਾ ਕੰਮਕਾਜ ਜਾਂ ਫਿਰ ਕਦੇ ਕਦਾਂਈ ਪਿਕਅੱਪ ਜੀਪ ਚਲਾ ਕੇ ਗੁਜ਼ਾਰਾ ਕਰਦਾ ਸੀ। ਇਸ ਮੌਕੇ ਤੇ ਪਹੁੰਚੇ ਡਿਊਟੀ ਮੈਜਿਸ਼ਟ੍ਰੇਟ ਤਹਿਸੀਲਦਾਰ ਸੁਰਿੰਦਰ ਪਾਲ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਬੁਹਤ ਹੀ ਦੁੱਖਦਾਈ ਹਾਦਸਾ ਹੈ।
ਪਤੀ-ਪਤਨੀ ਤੇ 3 ਨਾਬਾਲਿਗ ਬੱਚਿਆਂ ਸਮੇਤ ਜੀਪ ਭਾਖੜਾ ਨਹਿਰ ’ਚ ਡਿੱਗੀ



