ਬਠਿੰਡਾ, 27 ਸਤੰਬਰ (ਇੰਦਰਜੀਤ ਨਥਾਣਾ)-ਬਾਬਾ ਫ਼ਰੀਦ ਕਾਲਜ ਆਪਣੇ ਸ਼ਾਨਦਾਰ ਅਕਾਦਮਿਕ ਨਤੀਜਿਆਂ ਦੀ ਬਦੌਲਤ ਪੂਰੇ ਮਾਲਵਾ ਖਿੱਤੇ ਵਿੱਚ ਪ੍ਰਸਿੱਧ ਹੈ । ਇਸ ਕਾਲਜ ਦੇ ਵਿਦਿਆਰਥੀਆਂ ਨੇ ਸਿੱਖਿਆ ਦੇ ਖੇਤਰ ਵਿੱਚ ਹਮੇਸ਼ਾ ਨਵੇਂ ਮੀਲ ਪੱਥਰ ਗੱਡੇ ਹਨ। ਇਸੇ ਪ੍ਰੰਪਰਾ ਨੂੰ ਕਾਇਮ ਰੱਖਦੇ ਹੋਏ ਬੀ.ਬੀ.ਏ ਦੂਜਾ ਅਤੇ ਚੌਥਾ ਸਮੈਸਟਰ ਦੀਆਂ ਪ੍ਰੀਖਿਆਵਾਂ ਵਿੱਚ ਵੀ ਇਸ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਕੇ ਸੰਸਥਾ ਦਾ ਨਾਂ ਰੋਸ਼ਨ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ.ਬੀ.ਏ ਦੂਜਾ ਸਮੈਸਟਰ ਦੇ ਨਤੀਜੇ ਅਨੁਸਾਰ ਇਸ ਕਾਲਜ ਦੀ ਵਿਦਿਆਰਥਣ ਸਬਰੀਤ ਕੌਰ ਨੇ 90.28% ਅੰਕ ਹਾਸਲ ਕਰਕੇ ਕਾਲਜ ਚੋਂ ਪਹਿਲੀ ਪੁਜੀਸ਼ਨ, ਕਲਪਨਾ ਨੇ 85.85% ਅੰਕ ਪ੍ਰਾਪਤ ਕਰਕੇ ਦੂਜੀ ਪੁਜੀਸ਼ਨ ਅਤੇ ਲਵਿਸ਼ ਕੁਮਾਰ ਨੇ 84.42% ਅੰਕ ਹਾਸਲ ਕਰਕੇ ਕਾਲਜ ਚੋਂ ਤੀਜੀ ਪੁਜੀਸ਼ਨ ਹਾਸਲ ਕੀਤੀ ਹੈ। ਇਸੇ ਤਰ੍ਹਾਂ ਬੀ.ਬੀ.ਏ. ਚੌਥਾ ਸਮੈਸਟਰ ਦੇ ਨਤੀਜੇ ਅਨੁਸਾਰ ਬਾਬਾ ਫ਼ਰੀਦ ਕਾਲਜ ਦੀ ਵਿਦਿਆਰਥਣ ਸੁਖਵੀਰ ਕੌਰ ਨੇ 87.7% ਅੰਕ ਹਾਸਲ ਕਰਕੇ ਕਾਲਜ ਚੋਂ ਪਹਿਲੀ ਪੁਜੀਸ਼ਨ, ਮਨਪ੍ਰੀਤ ਕੌਰ ਨੇ 86.5% ਅੰਕ ਪ੍ਰਾਪਤ ਕਰਕੇ ਦੂਜੀ ਪੁਜੀਸ਼ਨ ਅਤੇ ਅਰਸ਼ਦੀਪ ਕੌਰ ਨੇ 86.2% ਅੰਕ ਪ੍ਰਾਪਤ ਕਰਕੇ ਤੀਜੀ ਪੁਜੀਸ਼ਨ ਹਾਸਲ ਕੀਤੀ ਹੈ ਜਦੋਂ ਕਿ ਗੁਰਜੀਵਨਜੋਤ ਸਿੰਘ ਨੇ 86% ਅੰਕ ਹਾਸਲ ਕਰਕੇ ਕਾਲਜ ਵਿਚੋਂ ਚੌਥੀ ਪੁਜੀਸ਼ਨ ਪ੍ਰਾਪਤ ਕੀਤੀ ਹੈ। ਇਸ ਨਤੀਜੇ ਅਨੁਸਾਰ 4 ਵਿਦਿਆਰਥੀਆਂ ਨੇ 85 ਪ੍ਰਤੀਸ਼ਤ ਤੋਂ ਵੱਧ, 15 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅਤੇ 45 ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਹਨਾਂ ਸ਼ਾਨਦਾਰ ਨਤੀਜਿਆ ਲਈ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬਾਬਾ ਫ਼ਰੀਦ ਕਾਲਜ ਦੇ ਮਿਹਨਤੀ ਅਤੇ ਤਜ਼ਰਬੇਕਾਰ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਕਰਕੇ ਅਜਿਹੇ ਚੰਗੇ ਨਤੀਜੇ ਪ੍ਰਾਪਤ ਹੋਏ ਹਨ।
ਉਹਨਾਂ ਨੇ ਦੱਸਿਆ ਕਿ ਸੰਸਥਾ ਵਿਖੇ ਲਾਗੂ ਇਨੋਵੇਟਿਵ ਟੀਚਿੰਗ ਮੈਥਡੋਲੋਜੀ ਕਰਕੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਵਿਹਾਰਿਕ ਗਿਆਨ ਪ੍ਰਦਾਨ ਕਰਨ ਦੇ ਭਰਪੂਰ ਮੌਕੇ ਮੁਹੱਈਆ ਕਰਵਾਏ ਜਾਂਦੇ ਹਨ। ਸਾਡਾ ਮੁੱਖ ਮੰਤਵ ਇੰਡਸਟਰੀ ਦੀਆਂ ਲੋੜਾਂ ਅਤੇ ਚੁਣੌਤੀਆਂ ਅਨੁਸਾਰ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਕਾਬਲ ਬਣਾਉਣਾ ਹੈ ।
ਬੀ.ਬੀ.ਏ. ਦੇ ਵਿਦਿਆਰਥੀਆਂ ਦੇ ਨਤੀਜੇ ਰਹੇ ਸ਼ਾਨਦਾਰ



