Skip to content
Independent perspectives. Global stories.
BREAKING

ਸਕੂਲੀ ਬੱਚਿਆਂ ਵੱਲੋਂ ਖੁਦਕੁਸ਼ੀਆਂ ਦਾ ਰੁਝਾਣ ਖਤਰਨਾਕ

Share this story

ਉਤਰ ਪ੍ਰਦੇਸ਼ ਦੇ ਗੋਰਖਪੁਰ ਦੇ ਲਾਗਲੇ ਸ਼ਹਿਰ ਸ਼ਾਹਪੁਰ ਦੀ ਖ਼ਬਰ ਹੈ ਕਿ ਪੰਜਵੀਂ ਜਮਾਤ ਦੇ ਬੱਚੇ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਹੈ। ਇਥੋਂ ਦੇ ਸੇਂਟ ਐਥਨੀ ਸਕੂਲ ਦੇ ਵਿਦਿਆਰਥੀ ਨਵਨੀਤ (11) ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਖ਼ਬਰਾਂ ਅਨੁਸਾਰ ਜ਼ਹਿਰ ਖਾਣ ਤੋਂ ਬਾਅਦ ਬੱਚੇ ਦੀ ਹਾਲਤ ਇਕਦਮ ਵਿਗੜ ਗਈ ਅਤੇ ਉਸ ਨੂੰ ਫੌਰੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਕਈ ਘੰਟਿਆਂ ਦੇ ਸੰਘਰਸ਼ ਤੋਂ ਪਿੱਛੋਂ ਦਮ ਤੋੜ ਦਿੱਤਾ। ਮਰਨ ਵਾਲੇ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਬੱਚੇ ਦੇ ਬਸਤੇ ਵਿੱਚੋਂ ਇੱਕ ਖੁਦਕੁਸ਼ੀ ਨੋਟ ਮਿਲਿਆ ਹੈ, ਜਿਸ ਵਿੱਚ ਉਸ ਨੇ ਲਿਖਿਆ ਕਿ ਪ੍ਰੀਖਿਆ ਦੇ ਪਹਿਲੇ ਦਿਨ ਅਧਿਆਪਕ ਨੇ ਉਸ ਨੂੰ 9.15 ਤੱਕ ਖੜ੍ਹਾਈ ਰੱਖਿਆ। ਇੱਕ ਦਿਨ ਪਹਿਲਾਂ ਵੀ ਉਸ ਨੂੰ ਤਿੰਨ ਪੀਰੀਅਡਾਂ ਤੱਕ ਖੜ੍ਹਾ ਰਖਿਆ ਗਿਆ ਸੀ। ਬੱਚੇ ਦੇ ਪਿਤਾ ਰਵੀ ਦੀ ਸ਼ਿਕਾਇਤ ਉਤੇ ਅਧਿਆਪਕ ਭਾਵਨਾ ਜੋਜ਼ੇਫ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ।
‘‘ਵਰ੍ਹਿਆਂ ਦੇ ਬੱਚੇ ਵੱਲੋਂ ਖੁਦਕੁਸ਼ੀ ਕਰਨਾ ਅਤੇ ਖੁਦਕੁਸ਼ੀ ਤੋਂ ਪਹਿਲਾਂ ਖੁਦਕੁਸ਼ੀ ਨੋਟ ਲਿਖਣਾ ਸਾਡੇ ਸਮਾਜ ਨੂੰ ਸੰਕੇਤਕ ਐਲਾਨਨਾਮੇ ਹੈ ਕਿ ਸਾਡੇ ਸਮਾਜ ਵਿੱਚ ਸਭ ਕੁੱਝ ਠੀਕ ਨਹੀਂ ਚਲ ਰਿਹਾ। ਪੁਰਾਣੇ ਲੋਕ ਜਦੋਂ ਕਦੇ ਆਪਣੇ ਅਧਿਆਪਕਾਂ ਵੱਲੋਂ ਕੁੱਟ ਕੁੱਟ ਕੇ ਪੜ੍ਹਾਉਣ ਦੀਆਂ ਗੱਲਾਂ ਖਬਰਾਂ ਲਗਦੀਆਂ ਹਨ ਅੱਜ ਕੱਲ੍ਹ ਦੇ ਯੁੱਗ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਕਿਸੇ ਕਿਸਮ ਦੀ ਸ਼ਰੀਰਕ ਸਜ਼ਾ ਦੀ ਕੋਈ ਜਗ੍ਹਾ ਨਹੀਂ। ਬੱਚੇ ਅਧਿਆਪਕਾਂ ਅਤੇ ਮਾਪਿਆਂ ਦੀਆਂ ਝਿੜਕਾਂ ਨੂੰ ‘ਮਾਲਾਂ ਘਿਉ ਦੀ ਨਾਲਾਂ’ ਨਹੀਂ ਸਮਝਦੇ, ਉਹ ਅਕਸਰ ਇਸ ਨੂੰ ਆਪਣੇ ਬੇਇਜ਼ਤੀ ਮੰਨਦੇ ਹੋਏ ਨਿਰਾਸ਼ ਅਤੇ ਉਦਾਸ ਹੋ ਜਾਂਦੇ ਹਨ ਅਤੇ ਕਈ ਵਾਰ ਤਾਂ ਆਤਮ ਹੱਤਿਆ ਵਰਗਾ ਕਦਮ ਵੀ ਉਠਾ ਲੈਂਦੇ ਹਨ। ਉਕਤ ਕੇਸ ਹੈਰਾਨੀ ਇਸ ਗੱਲ ਦੀ ਹੈ ਕਿ ਪੰਜਵੀਂ ਵਿੱਚ ਪੜ੍ਹਦੇ ਬੱਚੇ ਵੱਲੋਂ ਖੁਦਕੁਸ਼ੀ ਨੋਟ ਵੀ ਲਿਖਿਆ ਗਿਆ। ਇਥੇ ਮੀਡੀਆ ਦਾ ਅਸਰ ਸਪੱਸ਼ਟ ਨਜ਼ਰ ਆਉਂਦਾ ਹੈ। ਮੀਡੀਆ ਵਿੱਚ ਰੋਜ਼ਾਨਾ ਖੁਦਕੁਸ਼ੀਆਂ ਦੀਆਂ ਖਬਰਾਂ ਨੇ ਬੱਚਿਆਂ ਦੀ ਸੰਵੇਦਨਸ਼ੀਲਤਾ ਖਤਮ ਕਰ ਦਿੱਤੀ ਹੈ। ਬਿਲੂ ਵੇਲ ਅਤੇ ਹਾਟ ਵਾਟਰ ਵਰਗੀਆਂ ਇੰਟਰਨੈਟ ਖੇਡਾਂ ਨੇ ਬੱਚਿਆਂ ਲਈ ਖੁਦਕੁਸ਼ੀ ਨੂੰ ਵੀ ਖੇਡ ਬਣਾਕੇ ਰੱਖ ਦਿੱਤਾ ਹੈ। ਅੱਜ ਕੱਲ੍ਹ ਮੱਧ ਸ਼੍ਰੇਣੀ ਦੇ ਘਰਾਂ ਵਿੱਚ ਇਕ ਜਾਂ ਦੋ-ਦੋ ਬੱਚੇ ਹੀ ਹਨ। ਮਾਪਿਆਂ ਦੇ ਲਾਡ ਪਿਆਰ ਨੇ ਬੱਚਿਆਂ ਦੀ ਸ਼ਖੀਅਤ ਪੂਰੀ ਤਰ੍ਹਾਂ ਵਿਕਸਤ ਹੋਣ ਵਿੱਚ ਰੁਕਾਵਟਾਂ ਪਾ ਰੱਖੀਆਂ ਹਨ। ਮਾਪਿਆਂ ਵੱਲੋਂ ਬੱਚਿਆਂ ਨੂੰ ਹਰ ਹਾਲਤ ਵਿੱਚ ਚੰਗੇ ਨੰਬਰ ਹਾਸਲ ਕਰਨ ਲਈ ਜ਼ੋਰ ਪਾਉਣਾ ਅਤੇ ਸਕੂਲੀ ਪੜ੍ਹਾਈ ਨੂੰ ਜ਼ਿੰਦਗੀ ਮੌਤ ਦਾ ਸਵਾਲ ਬਣਾਕੇ ਪੇਸ਼ ਕਰਨਾ ਵੀ ਗਲਤ ਰੁਝਾਣ ਹੈ। ਬੱਚਿਆਂ ਦੇ ਮਾਸੂਮ ਮਨਾਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਵੀ ਕੋਈ ਚੰਗੀ ਗੱਲ ਨਹੀਂ।
ਖੌਜਾਂ ਦੱਸਦੀਆਂ ਹਨ ਕਿ 10-15 ਸਾਲ ਤੱਕ ਦੇ ਬੱਚੇ ਸਕੂਲੀ ਪੜ੍ਹਾਈ ’ਚ ਕਮੀ ਅਧਿਆਪਕਾਂ ਵੱਲੋਂ ਸਜ਼ਾ, ਮਾਪਿਆਂ ਵੱਲੋਂ ਡਾਂਟ, ਫਿਟਕਾਰ, ਦੋਸਤਾਂ ਵੱਲੋਂ ਖਿਲੀ ਉਡਾਉਣਾ, ਦੋਸਤੀਆਂ ਟੁੱਟਣ ਤੋਂ ਬਾਅਦ ਇਕੱਲਾਪਣ ਅਤੇ ਇੰਟਰਨੈਟ ਦੀਆਂ ਖੇਡਾਂ ਆਦਿ ਤੋਂ ਪਰੇਰਤ ਹੋ ਕੇ ਬੱਚੇ ਖੁਦਕੁਸ਼ੀਆਂ ਕਰ ਰਹੇ ਹਨ। ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਨੂੰ ਲੈ ਕੇ ਹੋਰ ਸਤੱਰਕ ਅਤੇ ਗੰਭੀਰ ਹੋਣ ਦੀ ਲੋੜ ਹੈ। ਮਾਪਿਆਂ ਨੂੰ ਜ਼ਿਆਦਾ ਵਕਤ ਆਪਣੇ ਬੱਚਿਆਂ ਨੂੰ ਬਿਤਾਉਣਾ ਚਾਹੀਦਾ ਹੈ। ਸਮਰੱਥ ਮਾਪੇ ਬੱਚਿਆਂ ਨੂੰ ਸੁੱਖ ਸੁਵਿਧਾਵਾਂ ਦੇਣ ਦੇ ਨਾਲ-ਨਾਲ ਬੱਚਿਆਂ ’ਤੇ ਨਿਗਾਹ ਵੀ ਰੱਖਣ। ਸਮਾਟ ਫੋਨ ਦੇਣਾ ਗਲਤ ਨਹੀਂ ਪਰ ਉਸ ਦੀ ਵਰਤੋਂ ਬੱਚਿਆਂ ਨੂੰ ਸੁਚੇਤ ਕਰਨਾ ਬਹੁਤ ਜ਼ਰੂਰੀ ਹੈ। ਕੁੱਝ ਮਹੀਨੇ ਪਹਿਲਾਂ ਪਟਿਆਲਾ ਵਿੱਚ ਇਕ ਸਕੂਲੀ ਬੱਚੇ ਨੇ ਆਪਣੇ ਸਮਾਰਟ ਫੋਨ ਕਾਰਨ ਖੁਦਕੁਸ਼ੀ ਕਰ ਲਈ ਸੀ। ਇੰਟਰਨੈਟ ਅਤੇ ਮੀਡੀਆ ਦਾ ਗਲਤ ਵਰਤੋਂ ਵੀ ਬੱਚਿਆਂ ਨੂੰ ਗਲਤ ਰਾਹ ਪਾ ਦਿੰਦੀ ਹੈ। ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਨਾ ਚੰਗੀ ਗਲ ਹੈ ਪਰ ਹਰ ਹਾਲਤ ਵਿੱਚ ਮੁਕਾਬਲਾ ਜਿੱਤਣ ਲਈ ਉਕਸਾਉਣਾ ਠੀਕ ਨਹੀਂ। ਅਜਿਹੇ ਹੀ ਕਾਰਨ ਜਿਨ੍ਹਾਂ ਕਰਕੇ ਪ੍ਰੀਖਿਆ ਦੇ ਨਤੀਜਿਆਂ ਤੋਂ ਬਾਅਦ ਹੱਤਿਆਵਾਂ ਦੇ ਕੇਸ ਵੱਧ ਜਾਂਦੇ ਹਨ। ਸਕੂਲ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਅਧਿਆਪਕਾਂ ਨੂੰ ਨਿਰਦੇਸ਼ ਦੇਣ ਕਿ ਉਹ ਬੱਚਿਆਂ ਨੂੰ ਸਰੀਰਕ ਸਜ਼ਾ ਦੇਣ ਤੋਂ ਗੁਰੇਜ਼ ਕਰਨ। ਮਾਸੂਮਾਂ ਨੂੰ ਖੁਦਕੁਸ਼ੀਆਂ ਦੇ ਰਾਹਪੈਣ ਤੋਂ ਬਚਣ ਲਈ ਮਾਪੇ ਅਤੇ ਅਧਿਆਪਕ ਮਿਲਕੇ ਕੰਮ ਕਰਨ।

 

WRITTEN BY