June 23, 2026 8:02 pm

ਮੰਡੀਆਂ ‘ਚ 13 ਲੱਖ ਬੋਰੀ ਖੁਲ੍ਹੇ ਅਸਮਾਨ ਹੇਠ ਹੋਣ ਕਾਰਣ ਸ਼ੈਲਰ ਮਾਲਿਕ ਪ੍ਰੇਸ਼ਾਨ

ਰਾਏਕੋਟ, 11 ਨਵੰਬਰ (ਚਮਕੌਰ ਸਿੰਘ ਦਿਓਲ)-ਮਾਰਕੀਟ ਕਮੇਟੀ ਰਾਏਕੋਟ ਅਧੀਨ ਪੈਂਦੇ ਖਰੀਦ ਸੈਂਟਰਾਂ ‘ਚ ਇਸ ਸਮੇਂ ਖੁਲ੍ਹੇ ਅਸਮਾਨ ਹੇਠ ਪਏ ਝੋਨੇ ਦੇ 13 ਲੱਖ ਦੇ ਕਰੀਬ ਬੋਰਿਆਂ ਦੀ ਲਿਫਟਿੰਗ ਹੋਣੀ ਬਾਕੀ ਹੈ,ਜੇਕਰ ਮੌਸਮ ਖਰਾਬ ਹੁੰਦਾ ਹੈ ਤਾਂ ਝੋਨੇ ਦੀ ਗੁਣਵੱਤਾ ‘ਤੇ ਮਾੜਾ ਅਸਰ ਪੈਣ ਦਾ ਡਰ ਹੈ। ਮੰਡੀਆਂ ‘ਚ ਪਏ ਇਸ ਝੋਨੇ ਦੀ ਚਿੰਤਾਂ ਇਸ ਸਮੇਂ ਕੋਈ ਹੋਰ ਨਹੀ ਸਗੋਂ ਸ਼ੈਲਰ ਮਾਲਕ ਕਰ ਰਹੇ ਹਨ। ਪ੍ਰਾਪਤ ਆਂਕੜਿਆਂ ਅਨੁਸਾਰ ਰਾਏਕੋਟ ਦੀਆਂ ਮੰਡੀਆਂ ‘ਚੋਂ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਵਲੋਂ ਹੁਣ ਤੱਕ 1265120 ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ, ਖਰੀਦ ਕੀਤੇ ਗਏ ਇਸ ਝੋਨੇ ‘ਚੋਂ ਹੁਣ ਤੱਕ 8,31980 ਕੁਇੰਟਲ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ ਜਦਕਿ 433140 ਕੁਇੰਟਲ ਝੋਨੇ ਦੀ ਲਿਫਟਿੰਗ ਹੋਣੀ ਬਾਕੀ ਹੈ। ਸਰਕਾਰੀ ਖਰੀਦ ਏਜੰਸੀਆਂ ਵਲੋਂ ਖਰੀਦਿਆ ਗਿਆ ਸਾਰਾ ਝੋਨਾ ਵੱਖ-ਵੱਖ ਸ਼ੈਲਰਾਂ ‘ਚ ਮਿਲਿੰਗ ਲਈ ਜਾਣਾ ਹੈ ਇਸ ਲਈ ਲਿਫਟਿੰਗ ਨਾ ਹੋਣ ਕਾਰਨ ਸ਼ੈਲਰ ਮਾਲਕ ਝੋਨੇ ਦੀ ਕੁਆਲਿਟੀ ਖਰਾਬ ਹੋਣ ਕਾਰਣ ਚਿੰਤਤ ਹਨ।
gudam
ਇਸ ਸਬੰਧੀ ਸ਼ੈਲਰ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਪ੍ਰੇਮ ਗੋਇਲ ਨੇ ਕਿਹਾ ਕਿ ਇਸ ਵਾਰ ਜਿਆਦਾਤਰ ਝੋਨੇ ਦੀ ਕੁਆਲਿਟੀ ਸਰਕਾਰੀ ਮਾਪਦੰਡਾਂ ਦੇ ਪੂਰਾ ਨਹੀਂ ਉਤਰਦੀ। ਉਹਨਾਂ ਕਿਹਾ ਕਿ ਸਰਕਾਰੀ ਖਰੀਦ ਏਜੰਸੀਆਂ ਵਲੋਂ ਖਰੀਦ ਕੀਤੇ ਗਏ ਝੋਨੇ ਦੀ ਜੇ ਕਰ ਪੜਤਾਲ ਕਰਵਾਈ ਜਾਵੇ ਤਾਂ ਉਹ ਕੇਂਦਰ ਸਰਕਾਰ ਵਲੋਂ ਤੈਅ ਮਾਪਢੰਡਾਂ ‘ਤੇ ਪੂਰਾ ਨਹੀਂ ਉਤਰੇਗਾ। ਉਹਨਾਂ ਕਿਹਾ ਕਿ ਰਾਜ ਸਰਕਾਰ ਦੇ ਦਬਾਅ ਹੇਠ ਅਧਿਕਾਰੀਆਂ ਵਲੋਂ ‘ਉੱਨੀ-ਇੱਕੀ’ ਕੁਆਲਟੀ ਵਾਲਾ ਝੋਨਾ ਬਿਨਾ ਰੋਕ ਟੋਕ ਦੇ ਖਰੀਦਿਆਂ ਗਿਆ। ਉਹਨਾਂ ਕਿਹਾ ਕਿ ਇਸ ਵਾਰ ਝੋਨੇ ‘ਚੋਂ ਨਿਕਲੇ ਚੌਲ ਵਿੱਚ ਖਰਾਬ (ਡੈਮਿਜ) ਦਾਣੇ ਦੀ ਮਾਤਰਾ 5 ਫੀਸਦੀ ਅਤੇ ਬਦਰੰਗ (ਡਿਸਕਲਰ) ਦਾਣੇ ਦੀ ਮਾਤਰਾ 6-7 ਫੀਸਦੀ ਤੋਂ ਉਪੱਰ ਹੋਣ ਦੀ ਸੰਭਾਵਨਾ ਹੈ, ਜਿਸ ਨੂੰ ਐਫ.ਸੀ.ਆਈ. ਨੇ ਪ੍ਰਵਾਨ ਨਹੀਂ ਕਰਨਾ ਕਿਉਂਕਿ ਇਹ ਕੇਂਦਰੀ ਮਾਪਢੰਡਾਂ ਅਨੂਸਾਰ ਸਹੀ ਨਹੀਂ ਹੈ।
ਉਹਨਾਂ ਕਿਹਾ ਕਿ ਉਹ ਕਿਸਾਨ ਹਿੱਤਾਂ ਨੂੰ ਦੇਖਦੇ ਹੋਏ ਖਰੀਦ ਏਜੰਸੀਆਂ ਵਲੋਂ ਖਰੀਦੇ ਝੋਨੇ ਨੂੰ ਸੈਲਰਾਂ ‘ਚ ਸਟੋਰ ਕਰਨ ਲਈ ਮਜਬੂਰ ਹਨ। ਉਹਨਾਂ ਬਾਦਲ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਉਹ ਕੇਂਦਰ ਸਰਕਾਰ ‘ਤੇ ਜੋਰ ਪਾ ਕੇ ਝੋਨੇ ‘ਚੋਂ ਨਿਕਲਣ ਵਾਲੇ ਚੌਲਾਂ ਦੀ ਗੁਣਵੱਤਾ ਦੀ ਪਰਖ ਕੇਂਦਰੀ ਟੀਮ ਵਲੋਂ ਕਰਵਾਉਣ।
ਉਹਨਾਂ ਕਿਹਾ ਕਿ ਇਸ ਵਾਰ ਮਿਲਿੰਗ ਦਾ ਕੰਮ ਸਚਾਰੂ ਰੂਪ ‘ਚ ਤਾਂ ਚੱਲੇਗਾ ਜੇ ਕਰ ਕੇਂਦਰ ਸਰਕਾਰ ਚੌਲਾਂ ਦੀ ਕੁਆਲਟੀ ‘ਚ ਰਿਆਇਤ ਦੇਵੇਗੀ। ਉਹਨਾਂ ਕਿਹਾ ਕਿ ਇਸ ਵਾਰ ਚੌਲਾਂ ‘ਚ ਡੈਮਿਜ ਦਾਣੇ ਦੀ ਮਾਤਰਾ 5 ਫੀਸਦੀ ਅਤੇ ਬਦਰੰਗ ਦਾਣੇ ਦੀ ਮਾਤਰਾ 6 ਫੀਸਦੀ ਕੀਤੀ ਜਾਵੇ ਅਤੇ ਝੋਨੇ ਦਾ ਯੀਲਡ 67 ਦੀ ਥਾਂ 65 ਫੀਸਦੀ ਕੀਤੀ ਜਾਵੇ। ਪ੍ਰਧਾਨ ਪ੍ਰੇਮ ਗੋਇਲ ਨੇ ਕਿਹਾ ਕਿ ਜੇ ਕਰ ਇਸ ਵਾਰ ਕੇਂਦਰ ਸਰਕਾਰ ਨੇ ਚੌਲਾਂ ਦੀ ਕੁਆਲਟੀ ‘ਚ ਛੋਟ ਨਾ ਦਿੱਤੀ ਤਾਂ ਸ਼ੈਲਰ ਬੰਦ ਰਹਿਣਗੇ।

Send this to a friend