ਅੱਜ ਤੋਂ 2 ਅਕਤੂਬਰ ਤੱਕ ਮਨਾਇਆ ਜਾਵੇਗਾ ਸਵੱਛਤਾ ਪਖਵਾੜਾ
ਰੂਪਨਗਰ, 15 ਸਤੰਬਰ – ਅੱਜ ਤੋਂ 2 ਅਕਤੂਬਰ 2017 ਤੱਕ ਸਵੱਛ ਭਾਰਤ ਮਿਸ਼ਨ ਤਹਿਤ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਗੰਦਗੀ ਤੋਂ ਮੁਕਤ ਕਰਨ ਲਈ ਸਵੱਛ ਪਖਵਾੜਾ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਨਾ ਸਿਰਫ ਗਲੀਆਂ, ਨਾਲੀਆਂ, ਮੁਹੱਲੇ ਆਦਿ ਦੀ ਸਫਾਈ ਕੀਤੀ ਜਾਵੇਗੀ ਬਲਕਿ ਸਰਕਾਰੀ ਦਫ਼ਤਰਾਂ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੀ ਸਫਾਈ ਕੀਤੀ ਜਾਵੇਗੀ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਨੇ ਅੱਜ ਇਥੇ ਸਥਾਨਿਕ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਤੋਂ ਇਕ ਸਵੱਛਤਾ ਰੱਥ ਨੂੰ ਝੰਡੀ ਦੇਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਹ ਪਖਵਾੜਾ ” ਸਵੱਛਤਾ ਹੀ ਸੇਵਾ ” ਨਾਂਅ ਹੇਠ ਮਨਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਹ ਸਵੱਛਤਾ ਰਥ ਜ਼ਿਲ੍ਹੇ ਦੇ ਲੋਕਾਂ ਨੂੰ ਸਾਫ ਸਫਾਈ ਪ੍ਰਤੀ ਜਾਗਰੂਕ ਕਰੇਗਾ। ਡਿਪਟੀ ਕਮਿਸ਼ਨਰ ਨੇ ਇਸ ਪਖਵਾੜੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦਸਿਆ ਕਿ 17 ਸਤੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਸੇਵਾ ਦਿਵਸ ਵਜੋਂ ਮਨਾਇਆ ਜਾਵੇਗਾ। ਇਸ ਦੌਰਾਨ ਜ਼ਿਲ੍ਹੇ ਦੇ ਸ਼ਹਿਰਾਂ ਵਿਚ ਨਗਰ ਕੌਂਸਲਾਂ ਦੇ ਕਾਰਜਸਾਧਕ ਅਫਸਰਾਂ ਅਤੇ ਪਿੰਡਾਂ ਵਿਚ ਬਲਾਕ ਵਿਕਾਸ ਤੇ ਪੰਚਾਇਸ ਅਫਸਰਾਂ ਵਲੋਂ ਸਫਾਈ ਅਭਿਆਨ ਚਲਾਇਆ ਜਾਵੇਗਾ। ਉਨਾਂ ਇਹ ਵੀ ਦਸਿਆ ਕਿ 24 ਸਤੰਬਰ ਨੂੰ ਸਾਰੇ ਸਰਕਾਰੀ ਦਫਤਰਾਂ , ਪਾਣੀ ਦੀਆਂ ਟੈਕੀਆਂ ਨੂੰ ਸਾਫ ਕਰਨ ਦੀ ਮੁਹਿੰਮ ਚਲਾਈ ਜਾਵੇਗੀ । ਇਸ ਦੇ ਨਾਲ ਨਾਲ ਸਾਰੇ ਸਕੂਲਾਂ ਦੇ ਪਖਾਨਿਆਂ ਅਤੇ ਪਾਣੀ ਦੀਆਂ ਟੈਂਕੀਆਂ ਦੀ ਸਫਾਈ ਵੀ ਕੀਤੀ ਜਾਵੇਗੀ। ਇਸੇ ਤਰ੍ਹਾਂ 25 ਸਤੰਬਰ ਨੂੰ ਸਿਵਲ ਸਰਜਨ ਅਤੇ ਕਾਰਜਸਾਧਕ ਅਫਸਰਾਂ ਦੇ ਸਹਿਯੋਗ ਨਾਲ ਜਨਤਕ ਸਥਾਨਾਂ, ਹਪਤਾਲਾਂ, ਪਾਰਕਾਂ, ਬਸ ਅੱਡਿਆਂ, ਜਨਤਕ ਪਖਾਨਿਆਂ ਅਤੇ ਹੋਰ ਥਾਵਾਂ ਦੀ ਸਫਾਈ ਕੀਤੀ ਜਾਵੇਗੀ। ਜ਼ਿਲ੍ਹੇ ਦੇ ਮੁਖ ਧਾਰਮਿਕ ਸਥਾਨਾਂ ਅਤੇ ਵਿਰਾਸਤ-ਏ-ਖਾਲਸਾ ਅਤੇ ਪ੍ਰਮੁੱਖ ਸਥਾਨਾਂ ਆਦਿ ਦੀ ਸਫਾਈ ਇੱਕ ਅਕਤੂਬਰ ਨੂੰ ਕਰਵਾਈ ਜਾਵੇਗੀ। ਇਸ ਮੌਕੇ ਸ਼੍ਰੀ ਗਗਨਦੀਪ ਸਿੰਘ ਵਿਰਕ ਵਧੀਕ ਡਿਪਟੀ ਕਮਿਸ਼ਨਰ, ਸ਼੍ਰੀ ਦਿਨੇਸ਼ ਕੁਮਾਰ ਜ਼ਿਲ੍ਹਾ ਸਿਖਿਆ ਅਫਸਰ, ਸ਼੍ਰੀ ਬੀ.ਪੀ.ਐਸ. ਠਾਕੁਰ ਪ੍ਰਿੰਸੀਪਲ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼੍ਰੀ ਹਰਜੀਤ ਸਿੰਘ ਐਸ.ਡੀ.ਓੁ. ਵਾਟਰ ਸਪਲਾਈ, ਸਕੂਲ ਦਾ ਸਟਾਫ ਵੀ ਹਾਜਰ ਸੀ।
ਡਿਪਟੀ ਕਮਿਸ਼ਨਰ ਨੇ ਸਵੱਛਤਾ ਰਥ ਨੂੰ ਹਰੀ ਝੰਡੀ ਵਿਖਾ ਕੇ ਜ਼ਿਲ੍ਹੇ ਵਿੱਚ ਕੀਤੀ ‘ ਸਵੱਛਤਾ ਹੀ ਸੇਵਾ ‘ ਮੁਹਿੰਮ ਦੀ ਸ਼ੁਰੂਆਤ



